Wednesday, July 15, 2026

ਬਜ਼ੁਰਗਾਂ ਦੀ ਸਹਾਇਤਾ, ਸੁਰੱਖਿਆ ਅਤੇ ਸਨਮਾਨ ਲਈ ਐਲਡਰਲਾਈਨ ਹੈਲਪਲਾਈਨ 14567 ਜਾਰੀ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਬਜ਼ੁਰਗਾਂ ਦੀ ਸਹਾਇਤਾ, ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਐਲਡਰਲਾਈਨ ਹੈਲਪਲਾਈਨ 14567 ਸ਼ੁਰੂ ਕੀਤੀ ਗਈ ਹੈ।ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਇਹ ਹੈਲਪਲਾਈਨ ਪੂਰੀ ਤਰ੍ਹਾਂ ਟੋਲ ਫ੍ਰੀ ਹੈ ਅਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8.00 ਵਜੇ ਤੋਂ ਰਾਤ 8.00 ਵਜੇ ਤੱਕ ਬਜ਼ੁਰਗਾਂ ਦੀ ਸੇਵਾ ਲਈ ਕਾਰਜਸ਼ੀਲ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਜਾਂ ਲੈਂਡਲਾਈਨ ਫ਼ੋਨ ਤੋਂ 14567 ਨੰਬਰ ਡਾਇਲ ਕਰਕੇ ਇਸ ਹੈਲਪਲਾਈਨ ਦੀਆਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ।ਇਸ ਹੈਲਪਲਾਈਨ ਰਾਹੀਂ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ, ਸਿਹਤ ਸੇਵਾਵਾਂ, ਬਿਰਧ ਆਸ਼ਰਮਾਂ, ਡੇਅ ਕੇਅਰ ਸੈਂਟਰਾਂ ਅਤੇ ਹੋਰ ਉਪਲੱਬਧ ਸੇਵਾਵਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਅਸੀਸਇੰਦਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨਾਲ ਦੁਰਵਿਹਾਰ, ਅਣਗਹਿਲੀ, ਤਿਆਗ, ਧੋਖਾਧੜੀ ਜਾਂ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਐਲਡਰਲਾਈਨ ਹੈਲਪਲਾਈਨ ਸਬੰਧਤ ਸਰਕਾਰੀ ਵਿਭਾਗਾਂ, ਏਜੰਸੀਆਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਕੇ ਲੋੜੀਂਦੀ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਯਤਨ ਕਰਦੀ ਹੈ।
ਉਨ੍ਹਾਂ ਜਿਲ੍ਹੇ ਦੇ ਸਮੂਹ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ `ਤੇ ਇਸ ਮੁਫ਼ਤ ਹੈਲਪਲਾਈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ, ਤਾਂ ਜੋ ਬਜ਼ੁਰਗਾਂ ਨੂੰ ਸਮੇਂ ਸਿਰ ਲੋੜੀਂਦੀ ਸਹਾਇਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Check Also

ਵਿਧਾਇਕਾ ਜੀਵਨਜੋਤ ਕੌਰ ਨੇ ਗਣਪਤੀ ਐਸਟੇਟ ਵਿਖੇ ਨਵੀਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੇ ਕੰਮ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨਜੋਤ …