Saturday, September 12, 2026

ਓ.ਐਨ.ਜੀ.ਸੀ ਫਾਊਂਡੇਸ਼ਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਟਰੀ ਵਾਹਨ ਭੇਟ

ਅੰਮ੍ਰਿਤਸਰ, 17 ਜੁਲਾਈਵ(ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਓ.ਐਨ.ਜੀ.ਸੀ ਫਾਊਂਡੇਸ਼ਨ ਵੱਲੋਂ ਚੇਅਰਮੈਨ ਅਰੁਣ ਕੁਮਾਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਤਿੰਨ ਬੈਟਰੀ ਵਾਹਨ ਭੇਟ ਕੀਤੇ ਹਨ।ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਓ.ਐਨ.ਜੀ.ਸੀ ਫਾਊਂਡੇਸ਼ਨ ਦੇ ਜਨਰਲ ਮੈਨੇਜਰ ਪੀਓਸ਼ ਆਰਾ, ਸੀਈਓ ਸੰਦੀਪ ਕੁਮਾਰ ਨੇ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ।ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਵਿਚ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਇਆ ਜਾਂਦਾ ਹੈ।ਅੱਜ ਓ.ਐਨ.ਜੀ.ਸੀ ਫਾਊਂਡੇਸ਼ਨ ਵੱਲੋਂ ਤਿੰਨ ਬੈਂਟਰੀ ਵਾਹਨ ਭੇਟ ਕੀਤੇ ਗਏ ਹਨ।ਇਹ ਵਾਹਨ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਵਰਤੇ ਜਾਣਗੇ।
ਓ.ਐਨ.ਜੀ.ਸੀ ਫਾਊਂਡੇਸ਼ਨ ਦੇ ਜਨਰਲ ਮੈਨੇਜਰ ਪੀਓਸ਼ ਆਰਾ ਤੇ ਸੀ.ਈ.ਓ ਸੰਦੀਪ ਕੁਮਾਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹਾ ਅਧਿਆਤਮਕ ਕੇਂਦਰ ਹੈ, ਜਿਥੇ ਦੁਨੀਆਂ ਭਰ ਤੋਂ ਲੱਖਾਂ ਲੋਕ ਦਰਸ਼ਨ ਕਰਨ ਪਹੁੰਚਦੇ ਹਨ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਵਾਹਨ ਭੇਟ ਕਰਨ ਦਾ ਮਕਸਦ ਬੱਚੇ ਅਤੇ ਬਜ਼ੁਰਗ ਸੰਗਤ ਨੂੰ ਬੇਹਤਰ ਸੁਵਿਧਾ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਦਰਸ਼ਨ ਕਰਨ ਸਮੇਂ ਕੋਈ ਮੁਸ਼ਕਲ ਨਾ ਆਵੇ।ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਗਿਆਨੀ ਟੇਕ ਸਿੰਘ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਹੋਰਾਂ ਵੱਲੋਂ ਓ.ਐਨ.ਜੀ.ਸੀ ਫਾਊਂਡੇਸ਼ਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਓ.ਐਸ.ਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਬਲਵਿੰਦਰ ਸਿੰਘ ਖੈਰਾਬਾਦ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸੂਚਨਾ ਅਧਿਕਾਰੀ ਰਣਧੀਰ ਸਿੰਘ, ਸੰਦੀਪ ਸਿੰਘ ਤੋਂ ਇਲਾਵਾ ਓ.ਐਨ.ਜੀ.ਸੀ ਫਾਊਂਡੇਸ਼ਨ ਦੇ ਚੇਅਰਮੈਨ ਅਰੁਣ ਕੁਮਾਰ, ਡੀ.ਜੀ.ਐਮ ਮੋਹਿਤ ਸੂਦ, ਸੀ.ਏ ਬੀਬੀ ਦਿਲਅਫਰੋਜ਼ ਆਦਿ ਮੌਜੂਦ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …