Friday, July 17, 2026

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਖਾਲਸਾ ਯੂਨੀਵਰਸਿਟੀ ਅਤੇ ਅਮਰੀਕਾ ਸਥਿਤ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਕੈਂਪਸ ’ਚ ਬਣਨ ਜਾ ਰਹੇ ਅਤਿ-ਆਧੁਨਿਕ ਹਾਕੀ ਅਤੇ ਫੁੱਟਬਾਲ ਸਟੇਡੀਅਮ ਦਾ ’ਵਰਸਿਟੀ ਦੇ ਪ੍ਰੋ.-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਟੱਕ ਲਗਾ ਕੇ ਕਾਰਜ਼ ਦੀ ਆਰੰਭਤਾ ਕੀਤੀ ਗਈ।ਇਹ ਵਿਸ਼ਵ ਪੱਧਰੀ ਖੇਡ ਮੈਦਾਨ ਲਗਭਗ ਡੇਢ ਸਾਲ ’ਚ ਤਿਆਰ ਹੋਵੇਗਾ, ਜਿਥੇ ਭਵਿੱਖ ’ਚ ਓਲੰਪਿਕ ਅਤੇ ਫੀਫਾ ਮਿਆਰ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾਣਗੇ।
ਖਾਲਸਾ ਯੂਨੀਵਰਸਿਟੀ ਅਤੇ ਰਾਊਂਡਗਲਾਸ ਫ਼ਾਊਂਡੇਸ਼ਨ ਦਰਮਿਆਨ ਬੀਤੇ ਦਿਨੀਂ ਇੱਕ ਸਮਝੌਤਾ ਕੀਤਾ ਗਿਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਅਤੇ ਉਭਰਦੇ ਖਿਡਾਰੀਆਂ ਨੂੰ 24 ਘੰਟੇ ਅੰਤਰਰਾਸ਼ਟਰੀ ਮਿਆਰ ਮੁਤਾਬਿਕ ਅਭਿਆਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੰਕਲਪ ਲਿਆ ਗਿਆ।ਅੱਜ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।ਸਟੇਡੀਅਮ ਦਾ ਨੀਂਹ ਪੱਥਰ ਸ: ਛੀਨਾ ਨੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ’ਵਰਸਿਟੀ ਦੇ ਗਵਰਨਿੰਗ ਬਾਡੀ ਦੇ ਮੈਂਬਰਜ਼, ਡੀਨਜ਼, ਡਾਇਰੈਕਟਰਜ਼ ਦੀ ਮੌਜ਼ੂਦਗੀ ’ਚ ਰੱਖਿਆ।ਇਸ ਦੌਰਾਨ ਛੀਨਾ ਨੇ ਸਮਝੌਤੇ ਨੂੰ ਸਫਲ ਬਣਾਉਣ ਸਬੰਧੀ ਯੂਨੀਵਰਸਿਟੀ ਦੇ ਐਗਜੇਮੀਨੇਸ਼ਨ ਕੰਟਰੋਲਰ ਅਤੇ ਸਪੋਰਟਸ ਡੀਨ ਡਾ. ਕੰਵਲਜੀਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ੱਦੱਸਿਆ ਕਿ ਲਗਭਗ 12 ਏਕੜ ਰਕਬੇ ’ਚ ਬਣਨ ਵਾਲੇ ਇਸ ਸਟੇਡੀਅਮ ’ਚ ਵਿਸ਼ਵ ਪੱਧਰੀ ਐਸਟਰੋ ਟਰਫ, ਆਧੁਨਿਕ ਪੈਵੇਲੀਅਨ, ਰਾਤ ਸਮੇਂ ਮੈਚ ਕਰਵਾਉਣ ਲਈ ਉਚ-ਗੁਣਵੱਤਾ ਵਾਲੀ ਲਾਈਟਿੰਗ ਅਤੇ ਸ਼ੁਰੂਆਤੀ ਪੜਾਅ ’ਚ 30 ਹਜ਼ਾਰ ਤੋਂ ਵੱਧ ਦਰਸ਼ਕਾਂ ਲਈ ਬੈਠਣ ਦੀ ਵਿਵਸਥਾ ਹੋਵੇਗੀ।
ਓਲੰਪੀਅਨ ਰਜਿੰਦਰ ਸਿੰਘ, ਬਲਵਿੰਦਰ ਸ਼ੰਮੀ, ਸੰਜੀਵ ਕੁਮਾਰ ਅਤੇ ਸ਼ਮਸ਼ੇਰ ਸਿੰਘ ਸਮੇਤ ਯੂਨੀਵਰਸਿਟੀ ਦੇ ਗਵਰਨਿੰਗ ਬਾਡੀ ਦੇ ਮੈਂਬਰ ਡਾ. ਦਲਬੀਰ ਸਿੰਘ ਘੁੰਮਣ, ਗੁਨਬੀਰ ਸਿੰਘ, ਪਰਮਜੀਤ ਸਿੰਘ ਬੱਲ, ਡੀਨ ਡਾ. ਸੁਰਿੰਦਰ ਕੌਰ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡੀਨ ਡਾ. ਆਰ.ਕੇ ਧਵਨ, ਡੀਨ ਡਾ. ਜਸਪਾਲ ਸਿੰਘ ਤੋਂ ਇਲਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਮੇਜ਼ਰ ਸਿੰਘ ਸੰਧੂ, ਡਾ. ਰਮਿੰਦਰ ਕੌਰ, ਡਾ. ਸੁਖਪਾਲ ਸਿੰਘ ਸੰਧੂ ਹਾਜ਼ਰ ਸਨ।
ਰਾਊਂਡਗਲਾਸ ਫ਼ਾਊਂਡੇਸ਼ਨ ਦੇ ਸਰਪ੍ਰਸਤ ਅਤੇ ਅਰਜੁਨ ਐਵਾਰਡੀ ਸਰਪਾਲ ਸਿੰਘ, ਅਮਰੀਕਾ ਤੋਂ ਉਨ੍ਹਾਂ ਦੇ ਉਦਯੋਗਪਤੀ ਸਪੁੱਤਰ ਗੁਰਪ੍ਰੀਤ ਸੰਨੀ ਸਿੰਘ ਅਤੇ ਟੀਮ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਫਾਊਂਡੇਸ਼ਨ ਦਾ ਉਦੇਸ਼ ਉੱਤਰੀ ਭਾਰਤ ’ਚ ਹਾਕੀ ਅਤੇ ਫੁੱਟਬਾਲ ਦੀ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਨਿਖਾਰਨਾ ਹੈ।ਖਾਲਸਾ ਯੂਨੀਵਰਸਿਟੀ ’ਚ ਮਿਆਰੀ ਢਾਂਚਾ ਵਿਕਸਿਤ ਕੀਤਾ ਜਾਵੇਗਾ, ਜਿਸ ਦਾ ਸਾਰਾ ਖਰਚਾ ਫੈਡਰੇਸ਼ਨ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੇ 121 ਪਿੰਡਾਂ ’ਚ ਖੇਡ ਕਮੇਟੀਆਂ ਬਣਾ ਕੇ ਪ੍ਰਤਿਭਾਵਾਂ ਦੀ ਭਾਲ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।
ਡਾ. ਮਹਿਲ ਸਿੰਘ ਨੇ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਅਤੇ ਹੋਰਨਾਂ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ’ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਮੁੱਖੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ਼ਰਨਜੀਤ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱੱਲ, ਪ੍ਰੋਜੈਕਟ ਮੈਨੇਜ਼ਰ ਐਨ.ਕੇ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਡਾ. ਇਕਬਾਲ ਕੌਰ ਸੌਂਦ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 17 ਜੁਲਾਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਡਾ. ਇਕਲਾਬ ਕੌਰ ਸੌਂਦ ਦੇ …