Tuesday, September 8, 2026

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਅਧਿਆਪਕ ਦਿਵਸ ਨੂੰ ਸਮਰਿਪਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਸਮਾਗਮ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਫਾਰਮਜ਼) ਰਾਜਬੀਰ ਸਿੰਘ ਨੇ ਉਕਤ ਦਿਵਸ ਦੇ ਪਿਛੋਕੜ ਅਤੇ ਸਾਰਥਿਕਤਾ ਬਾਰੇ ਚਰਚਾ ਕੀਤੀ। ਉਕਤ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਸੁੰਦਰ ਲਿਖਾਈ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਸੋਲੋ ਡਾਂਸ ਅਤੇ ਗੀਤ ਆਦਿ ਮੁਕਾਬਲੇ ਵੀ ਕਰਵਾਏ ਗਏ।ਰਾਜਬੀਰ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਅਨੁਭਵਾਂ ਅਤੇ ਤਜ਼ਰਬਿਆਂ ਦੀ ਗੱਲ ਕਰਦੇ ਹੋਏ ਵਿਦਿਆਰਥੀ ਜੀਵਨ ’ਚ ਅਧਿਆਪਕ ਦੀ ਮਹੱਤਤਾ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਵੀ ਦਿੱਤਾ।ਉਨ੍ਹਾਂ ਨੇ ਉੱਤਮ ਆਚਰਨ ਉਸਾਰੀ ਲਈ ਮਿੱਠੀ ਬੋਲ-ਬਾਣੀ ਬੋਲਣ ਅਤੇ ਚੰਗਾ ਸਾਹਿਤ ਪੜ੍ਹਨ ਦਾ ਹੋਕਾ ਦਿੱਤਾ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਖ਼ਾਲਸਾ ’ਵਰਸਿਟੀ ਦੇ ਧਰਮ ਅਧਿਐਨ ਸਕਲ ਦੇ ਡੀਨ ਅਤੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਇੰਚਾਰਜ਼ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਬੰਦੇ ਦੀ ਬੁੱਧੀ ਵੇਲ ਵਰਗੀ ਹੁੰਦੀ ਹੈ, ਜਿਸ ਨੂੰ ਜਿੰਨ੍ਹਾਂ ਵੱਡਾ ਗਿਆਨ ਰੂਪੀ ਦਰੱਖ਼ਤ ਮਿਲੇਗਾ, ਇਹ ਉਨ੍ਹਾਂ ਹੀ ਜ਼ਿਆਦਾ ਵਿਕਾਸ ਕਰਦੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧਿਆਨ ਸ਼ਕਤੀ ਕੰਮ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਜੀਵਨ ’ਚ ਤਰੱਕੀ ਕਰ ਸਕਦੇ ਹਾਂ।
ਇਸ ਤੋਂ ਪਹਿਲਾਂ ਮੁਖੀ ਅਤੇ ਡੀਨ ਭਾਸ਼ਾਵਾਂ ਡਾ. ਰਮਿੰਦਰ ਕੌਰ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਪੌਦੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਰਾਜਬੀਰ ਸਿੰਘ ਅਤੇ ਡਾ. ਗੋਗੋਆਣੀ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਂਦੇ ਹੋਏ ਉਨ੍ਹਾਂ ਦੀਆਂ ਮਹੱਤਤਾ ’ਤੇ ਚਾਨਣਾ ਪਾਇਆ।
ਪੰਜਾਬੀ ਅਧਿਐਨ ਸਕੂਲ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸੁੰਦਰ ਲਿਖਾਈ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਸੋਲੋ ਡਾਂਸ ਅਤੇ ਗੀਤ ਮੁਕਾਬਲਿਆਂ ’ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਰਾਜਬੀਰ ਸਿੰਘ ਨੇ ਡਾ. ਗੋਗੋਆਣੀ ਅਤੇ ਡਾ. ਰਮਿੰਦਰ ਕੌਰ ਨਾਲ ਮਿਲ ਕੇ ਯਾਦਗਾਰੀ ਚਿੰਨ੍ਹ ਵੀ ਪ੍ਰਦਾਨ ਕੀਤੇ ਗਏ।ਇਸ ਉਪਰੰਤ ਡਾ. ਰਮਿੰਦਰ ਕੌਰ ਨੇ ਰਾਜਬੀਰ ਸਿੰਘ ਅਤੇ ਡਾ. ਗੋਗੋਆਣੀ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਸਹਾਇਕ ਪ੍ਰੋਫੈਸਰ ਡਾ. ਕਾਰਜ ਸਿੰਘ ਨੇ ਸਮੂਹ ਮਹਿਮਾਨਾਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਦਕਿ ਮੰਚ-ਸੰਚਾਲਨ ਸਹਾਇਕ ਪ੍ਰੋਫ਼ੈਸਰ ਡਾ. ਯਾਦਵਿੰਦਰ ਕੌਰ ਵਲੋਂ ਕੀਤਾ ਗਿਆ।
ਇਸ ਮੌਕੇ ਡਾ. ਕੁਲਵੰਤ ਕੌਰ, ਡਾ. ਮਨੀਸ਼ ਕੁਮਾਰ, ਡਾ. ਰਮਨਦੀਪ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਮਨਦੀਪ ਕੌਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਮੌਜ਼ੂਦ ਸਨ।

 

Check Also

ਮਿਰਜ਼ਾ ਸਾਹਿਬਾਂ ਨੇ ਵਿਰਸਾ ਵਿਹਾਰ ਵਿਖੇ ਦਰਸ਼ਕਾਂ ਦਾ ਦਿਲ ਜਿੱਤਿਆ

ਅੰਮ੍ਰਿਤਸਰ, 8 ਸਤੰਬਰ (ਦੀਪ ਦਵਿੰਦਰ ਸਿੰਘ) – ਏਟ ਰਸ ਪਲੇਅਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ …