Thursday, September 10, 2026

ਵਿਧਾਇਕ ਡਾ. ਨਿੱਝਰ ਵੱਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਉਣ ਵਾਲੇ ਸਮਾਜ ਸੇਵੀਆਂ ਅਤੇ ਮੈਡੀਕਲ ਟੀਮ ਦਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਵਿਖੇ ਲੋਕਾਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਗਾਏ ਗਏ ਮੈਗਾ ਮੈਡੀਕਲ ਕੈਂਪ ਲਈ ਸਹਿਯੋਗ ਦੇਣ ਵਾਲੇ ਸਮਾਜ ਸੇਵੀਆਂ ਅਤੇ ਮੈਡੀਕਲ ਟੀਮ ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਬਿਲਾਸ ਫਾਊਂਡੇਸ਼ਨ ਤੋਂ ਡਾ. ਗੁਰਬਿਲਾਸ ਪੀ.ਸਿੰਘ, ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਤੋਂ ਡਾ. ਟੀ.ਪੀ ਸਿੰਘ ਸਮੇਤ ਸਮੁੱਚੀ ਮੈਡੀਕਲ ਟੀਮ ਅਤੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ ਕੰਬੋਜ਼ ਨੂੰ ਸਨਮਾਨਿਤ ਕੀਤਾ ਗਿਆ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਬਿਲਾਸ ਫਾਊਂਡੇਸ਼ਨ ਵੱਲੋਂ ‘ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਚੰਡੀਗੜ੍ਹ’ ਅਤੇ ‘ਸ਼ਹੀਦ ਊਧਮ ਸਿੰਘ ਫਾਊਂਡੇਸ਼ਨ, ਅੰਮ੍ਰਿਤਸਰ’ ਦੇ ਸਾਂਝੇ ਸਹਿਯੋਗ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਫ਼ਤ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਇਹ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਸੀ।
ਕੈਂਪ ਦੌਰਾਨ ਲੋਕਾਂ ਨੂੰ ਵੱਖ-ਵੱਖ ਸਿਹਤ ਜਾਂਚ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ।ਇਨ੍ਹਾਂ ਵਿੱਚ ਫਿਬਰੋ ਸਕੈਨ, ਹੱਡੀਆਂ ਦੀ ਜਾਂਚ, ਬਲੱਡ ਪ੍ਰੈਸ਼ਰ ਦੀ ਜਾਂਚ, ਮੈਮੋਗ੍ਰਾਫੀ ਅਤੇ ਨਿਊਰੋ ਸਕੈਨ ਸਮੇਤ ਹੋਰ ਲੋੜੀਂਦੇ ਟੈਸਟ ਕੀਤੇ ਗਏ।ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਡਾ. ਨਿੱਝਰ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਲਈ ਬਿਲਾਸ ਫਾਊਂਡੇਸ਼ਨ, ਤੇਰਾ ਹੀ ਤੇਰਾ ਮਿਸ਼ਨ ਹਸਪਤਾਲ, ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਅਤੇ ਸਮੁੱਚੀ ਮੈਡੀਕਲ ਟੀਮ ਦਾ  ਧੰਨਵਾਦ ਕੀਤਾ।
      ਇਸ ਮੌਕੇ ਫਾਊਂਡੇਸ਼ਨ ਵੱਲੋਂ ਡਾ. ਸੁਖਦੇਵ ਸਿੰਘ ਬਿੱਟੂ, ਜਨਰਲ ਸਕੱਤਰ ਕੰਵਰ ਜਗਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ; ਪਰਮਜੀਤ ਸਿੰਘ ਕੋਲਡ ਸਟੋਰ ਵਾਲੇ, ਮੀਤ ਪ੍ਰਧਾਨ; ਕੁਲਜੀਤ ਸਿੰਘ, ਦਫ਼ਤਰ ਸਕੱਤਰ; ਪਰਮਜੀਤ ਸਿੰਘ ਬਿੱੱਲਾ ਮਹੰਤ; ਜਸਵਿੰਦਰ ਸਿੰਘ ਰੰਦੇ ਵਾਲੇ; ਧਿਆਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਵੱਲੋਂ ਵੋਟਰ …