Monday, September 14, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਹੋਇਆ ਅਗਾਜ਼

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵੱਲੋਂ ਅੰਮ੍ਰਿਤਸਰ ਹਰਿਆਵਲ ਮੰਚ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਉਪਰਾਲੇ ਦਾ ਮਕਸਦ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ, ਹਰਿਆਵਲ ’ਚ ਵਾਧਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਤੇ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਸਬੰਧੀ ਜਾਗਰੂਕ ਕਰਨਾ ਸੀ।
ਡਾ. ਮੰਜੂ ਬਾਲਾ ਨੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਅਤੇ ਇਸ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਬੂਟੇ ਲਗਾਉਣ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਟਿਕਾਊ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ’ਚ ਵਿੱਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ।ਉਨ੍ਹਾਂ ਹਰਿਆਵਲ ਅਤੇ ਵਾਤਾਵਰਣ ਦੀ ਸੰਭਾਲ ਲਈ ਅੰਮਿ੍ਰਤਸਰ ਹਰਿਆਵਲ ਮੰਚ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਮੁਹਿੰਮ ਦੌਰਾਨ ਕੈਂਪਸ ਵਿਖੇ ਚੀਕੂ (ਸਪੋਟਾ), ਸੇਬ, ਆਲੂਬੁਖਾਰਾ, ਮੌਸਮੀ, ਕੇਲਾ, ਸੰਤਰਾ, ਸੀਤਾਫਲ, ਲੀਚੀ, ਬੇਰੀ, ਆਂਵਲਾ, ਪਪੀਤਾ, ਗੱਬੂ ਗੋਸ਼ਾ, ਆੜੂ, ਨਿੰਬੂ, ਅੰਜੀਰ, ਅੰਬ, ਅਮਰੂਦ, ਮਿੱਠੀ ਇਮਲੀ, ਅਨਾਰ, ਬਦਾਮ, ਜਾਮੁਨ, ਨਾਸ਼ਪਾਤੀ, ਜਟਰੋਫਾ, ਚਾਂਦਨੀ ਅਤੇ ਹੈਬੀ ਕੌਸ ਆਦਿ ਫਲਦਾਰ, ਔਸ਼ਧੀ, ਸਜਾਵਟੀ ਅਤੇ ਵਾਤਾਵਰਣ ਲਈ ਲਾਹੇਵੰਦ ਕਿਸਮਾਂ ਦੇ ਵੱਖ-ਵੱਖ ਬੂਟੇ ਲਗਾਏ ਗਏ।
ਮੰਚ ਦੇ ਪ੍ਰਧਾਨ ਇੰਜ. ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਬੂਟੇ ਲਗਾਉਣਾ ਸਿਰਫ਼ ਪੌਦੇ ਲਗਾਉਣ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਅਤੇ ਸੁਰੱਖਿਆ ਕਰਨਾ ਵੀ ਉਨੀ ਹੀ ਮਹੱਤਵਪੂਰਨ ਹੈ।ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੈਂਪਸ ਵਿਖੇ ਲਗਾਏ ਗਏ ਬੂਟਿਆਂ ਦੀ ਜ਼ਿੰਮੇਵਾਰੀ ਲੈਣ ਅਤੇ ਹਰਿਆ-ਭਰਿਆ ਤੇ ਸਿਹਤਮੰਦ ਵਾਤਾਵਰਣ ਸਿਰਜਣ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੰਚ ਤੋਂ ਉਪ ਪ੍ਰਧਾਨ ਕਿਰਪਾਲ ਸਿੰਘ ਬੱਬਰ, ਇੰਜ. ਜਤਿੰਦਰ ਲਖਨਪਾਲ, ਹਾਸਪੀਟੈਲਿਟੀ ਡਾਇਰੈਕਟਰ ਮਨਦੀਪ ਸਿੰਘ, ਵਰਕਿੰਗ ਜਨਰਲ ਸਕੱਤਰ ਅਵਤਾਰ ਸਿੰਘ ਬੁੱਟਰ ਅਤੇ ਸੀਨੀਅਰ ਉਪ ਪ੍ਰਧਾਨ ਡਾ. ਜਸਪ੍ਰੀਤ ਕੇ. ਸੋਬਤੀ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 12 ਸਤੰਬਰ ( ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ …