ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ ਵਿੱਦਿਆ, ਰਹਿਣ-ਸਹਿਣ, ਖੇਡ ਮੈਦਾਨ ਤੇ ਹੋਰਨਾਂ ਸੁਵਿਧਾਵਾਂ ਬਾਰੇ
ਪਰਖ ਕਰਨ ਸਬੰਧੀ ਸੈਨਿਕ ਸਕੂਲ ਕਪੂਰਥਲਾ ਦੇ ਵਫ਼ਦ ਨੇ ਮਹੱਤਵਪੂਰਨ ਪੜਾਅ ਤਹਿਤ ਸਕੂਲ ਦਾ ਪਹਿਲਾ ਨਿਰੀਖਣ ਦੌਰਾ ਕੀਤਾ।ਇਸ ਵਫ਼ਦ ਦੀ ਅਗਵਾਈ ਗਰੁੱਪ ਕੈਪਟਨ ਸੈਨਿਕ ਸਕੂਲ ਕਪੂਰਥਲਾ ਪ੍ਰਿੰਸੀਪਲ ਮਨੋਜ ਮੈਨਨ ਵੱਲੋਂ ਕੀਤੀ।
ਗਰੁੱਪ ਕੈਪਟਨ ਮੈਨਨ ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮੁਲਾਕਾਤ ਦੌਰਾਨ ਸੈਨਿਕ ਸਕੂਲ ਦੇ ਮਿਆਰ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ।ਉਨ੍ਹਾਂ ਨੇ ਸਕੂਲ ’ਚ ਅਨੁਸ਼ਾਸਨ ਦੇ ਉੱਚ ਮਿਆਰ, ਬੇਹੱਦ ਵਧੀਆ ਬੁਨਿਆਦੀ ਢਾਂਚੇ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਉੱਚ ਪੱਧਰੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦੀ ਸ਼ਲਾਘਾ ਕੀਤੀ।ਮੈਨਨ ਨੇ ਕੈਡਿਟਾਂ ਦੀ ਮੈਸ ਅਤੇ ਹੋਸਟਲਾਂ ’ਚ ਉਪਲੱਬਧ ਉੱਚ ਪੱਧਰੀ ਸਹੂਲਤਾਂ ਦੀ ਵੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਛੀਨਾ ਨੇ ਕਿਹਾ ਕਿ ਖਾਲਸਾ ਕਾਲਜ ਸੈਨਿਕ ਸਕੂਲ ਵੱਲੋਂ ਕੈਡਿਟਾਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਤਿਆਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਅਜਿਹੇ ਹੋਣਹਾਰ ਅਤੇ ਜ਼ਿੰਮੇਵਾਰ ਨੌਜਵਾਨ ਤਿਆਰ ਕਰਨਾ ਹੈ, ਜੋ ਭਵਿੱਖ ’ਚ ਦੇਸ਼ ਦੀ ਸੇਵਾ ’ਚ ਮਹੱਤਵਪੂਰਨ ਯੋਗਦਾਨ ਪਾ ਸਕਣ।ਉਨ੍ਹਾਂ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ, ਕੈਡਿਟਾਂ ਦੇ ਹੋਸਟਲ, ਮੈਸ ਅਤੇ ਸਿੱਖਿਆ ਪ੍ਰਬੰਧਾਂ ਨੂੰ ਉੱਚ ਮਿਆਰਾਂ ਅਨੁਸਾਰ ਵਿਕਸਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਫ਼ਦ ਵੱਲੋਂ ਸਕੂਲ ਦੀ ਪਹਿਲੀ ਜਾਂਚ ਦੌਰਾਨ ਹੋਸਟਲਾਂ, ਅਨੁਸ਼ਾਸਨ ਅਤੇ ਅਧਿਆਪਕਾਂ ਤੇ ਕੈਡਿਟਾਂ ਵਿਚਕਾਰ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦੀ ਕੀਤੀ ਗਈ ਸ਼ਲਾਘਾ ਸਾਡੇ ਲਈ ਉਤਸ਼ਾਹ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸਕੂਲ ਦੇ ਸਰਵਪੱਖੀ ਵਿਕਾਸ ਲਈ ਹਰੇਕ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵਫ਼ਦ ਦੀ ਅਗਵਾਈ ਕਰ ਰਹੇ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਮੈਨਨ ਅਤੇ ਉਨ੍ਹਾਂ ਦੇ ਪੀ.ਏ ਸੰਨੀ, ਦਫ਼ਤਰ ਸੁਪਰਡੈਂਟ ਵਾਸੁਦੇਵ ਕੁਮਾਰ, ਅਕਾਊਂਟ ਮੈਨੇਜਰ ਅਜੈ ਕੁਮਾਰ ਸ਼ਰਮਾ ਅਤੇ ਮੈੱਸ ਮੈਨੇਜਰ ਰਾਜ ਕੁਮਾਰ ਸੰਸਥਾ ਵਿਖੇ ਪੁੱਜਣ ’ਤੇ ਕੈਡਿਟਾਂ ਨਾਲ ਮਿਲ ਕੇ ਸਵਾਗਤ ਕੀਤਾ।
ਪ੍ਰਿੰ: ਗਿੱਲ ਨੇ ਕਿਹਾ ਕਿ ਦੌਰੇ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ, ਉਪਰੰਤ ਦੇਸ਼ ਭਗਤੀ ਦੀ ਪੇਸ਼ਕਾਰੀ, ਸਮੂਹ ਗੀਤ ਅਤੇ ਸਕੂਲ ਗੀਤ ਸਮੇਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਾਂਚ ਟੀਮ ਵੱਲੋਂ ਸੈਨਿਕ ਸਕੂਲ ਦੇ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ ਗਿਆ।ਉਨ੍ਹਾਂ ਕਿਹਾ ਕਿ ਟੀਮ ਨੇ ਹੋਸਟਲਾਂ ’ਚ ਬਣਾਏ ਗਏ ਉੱਚ ਪੱਧਰੀ ਪ੍ਰਬੰਧਾਂ ਅਤੇ ਸਹੂਲਤਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।ਵਫ਼ਦ ਵਲੋਂ ਮੌਖਿਕ ਟਿੱਪਣੀ ਕਰਦਿਆਂ ਹੋਸਟਲਾਂ ਨੂੰ ਦੇਸ਼ ਦੇ ਸੈਨਿਕ ਸਕੂਲਾਂ ’ਚ ‘ਆਊਟਸਟੈਂਡਿੰਗ ਹੋਸਟਲਜ਼’ ਕਰਾਰ ਦਿੱਤਾ ਗਿਆ।
ਇਸ ਦੌਰਾਨ ਵਫ਼ਦ ਨੇ ਕੈਡਿਟਾਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਕੂਲ ਵੱਲੋਂ ਕੀਤੇ ਜਾ ਰਹੇ ਸਮੁੱਚੇ ਯਤਨਾਂ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਕੈਡਿਟਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੀਮਤੀ ਮਾਰਗਦਰਸ਼ਨ ਤੇ ਪ੍ਰੇਰਣਾ ਦਿੱਤੀ।ਇਸ ਮੌਕੇ ਪ੍ਰਿੰ: ਗਿੱਲ ਨੇ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
Punjab Post Daily Online Newspaper & Print Media