ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ) – 62ਵੀਂ ਸੀਨੀਅਰ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਵਿੱਚ ਪੁਰਸ਼ ਵਰਗ ਵਿੱਚ ਕਪੂਰਥਲਾ ਅਤੇ ਮਹਿਲਾ ਵਰਗ
ਵਿੱਚ ਬੀ.ਐਸ.ਐਫ ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਪੰਜਾਬ ਵਾਲੀਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 24 ਪੁਰਸ਼ ਅਤੇ 19 ਮਹਿਲਾ ਟੀਮਾਂ ਨੇ ਹਿੱਸਾ ਲਿਆ।ਮੁਕਾਬਲਿਆਂ ਦੇ ਆਖਰੀ ਦਿਨ ਸੰਸਦ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਡੀ.ਆਈ.ਜੀ ਐਸ.ਐਸ ਚੰਦੇਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਪੁਰਸ਼ ਵਰਗ ਵਿੱਚ ਕਪੂਰਥਲਾ ਦੀ ਟੀਮ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਅੰਮ੍ਰਿਤਸਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਉਥੇ ਹੀ ਮਹਿਲਾ ਵਰਗ ਵਿੱਚ ਬੀ.ਐਸ.ਐਫ ਦੀ ਟੀਮ ਪਹਿਲੇ ਸਥਾਨ ’ਤੇ ਰਹੀ।ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਅਤੇ ਕਪੂਰਥਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੀਆਂ ਨੌਜਵਾਨ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਖਿਡਾਰੀਆਂ ਨੂੰ ਆਪਣੀ ਸਮਰੱਥਾ ਨਿਖਾਰਨ ਲਈ ਬਿਹਤਰ ਮੰਚ ਮੁਹੱਈਆ ਕਰਵਾਉਣਾ ਐਸੋਸੀਏਸ਼ਨ ਦੀ ਲਗਾਤਾਰ ਕੋਸ਼ਿਸ਼ ਹੈ।ਉਨ੍ਹਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ, ਕੋਚਾਂ ਅਤੇ ਪ੍ਰਬੰਧਕਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਚੈਂਪੀਅਨਸ਼ਿਪ ਦੇ ਪ੍ਰਬੰਧਾਂ ਵਿੱਚ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤਰੁਣ ਭਾਟੇਜਾ, ਮੀਤ ਪ੍ਰਧਾਨ ਰਾਵਲ ਸਿੰਘ ਅਤੇ ਕਪਿਲ ਸੇਠ, ਕੰਟਰੋਲ ਕਮੇਟੀ ਦੇ ਚੇਅਰਮੈਨ ਡਾ. ਕੰਵਲਜੀਤ ਸਿੰਘ, ਕਨਵੀਨਰ ਕੇ.ਕੇ ਸ਼ਰਮਾ ਅਤੇ ਤਕਨੀਕੀ ਕਮੇਟੀ ਦੇ ਚੇਅਰਮੈਨ ਅਨਿਲ ਕਸਾਨਾ ਸਮੇਤ ਹੋਰ ਅਹੁੱਦੇਦਾਰਾਂ ਨੇ ਅਹਿਮ ਭੂਮਿਕਾ ਨਿਭਾਈ।
ਚੋਣ ਕਮੇਟੀ ਵਿੱਚ ਤਿੰਨ ਵਾਰ ਏਸ਼ੀਆਈ ਖੇਡਾਂ ਵਿੱਚ ਭਾਗ ਲੈ ਚੁੱਕੇ ਅੰਤਰਰਾਸ਼ਟਰੀ ਖਿਡਾਰੀ ਗੁਰਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਖਿਡਾਰੀ ਬਲਵਿੰਦਰ ਸਿੰਘ ਸ਼ਾਮਲ ਰਹੇ।ਖੇਡ ਵਿਭਾਗ ਦੇ ਮਾਹਿਰ ਅਜੈ ਨਾਗਰ ਅਤੇ ਪਲਵਿੰਦਰ ਕੌਰ ਨੇ ਵੀ ਚੈਂਪੀਅਨਸ਼ਿਪ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ।
Check Also
ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …
Punjab Post Daily Online Newspaper & Print Media