31 ਮਾਰਚ ਤੋਂ ਬਾਅਦ ਅਧਾਰ ਕਾਰਡ ਤੋਂ ਬਿਨਾਂ ਗੈਸ ਸਿਲੰਡਰ ਸਬਸਿਡੀ ਸਹੂਲਤ ਨਹੀ

ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਸਰਕਾਰ ਵੱਲੋਂ ਰਾਜ ਅੰਦਰ ਲੋਕਾਂ ਨੂੰ ਸਬਸਿਡੀਆਂ ਦਾ ਲਾਭ ਦੇਣ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਅਧਾਰ ਕਾਰਡ ਨਾਲ ਜੋੜੀਆ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਲੋਕਾਂ ਦੇ ਵਿਲੱਖਣ ਪਹਿਚਾਣ ਪੱਤਰ (ਅਧਾਰ) ਬਨਾਉਣ ਲਈ ਪਹਿਲ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਅਧਾਰ ਕਾਰਡ ਬਨਾਉਣ ਦਾ ਕੰਮ ਜਿਲ੍ਹਾ ਪ੍ਰਸ਼ਾਸਨ ਵੱਲੋ ਜਿਲ੍ਹੇ ਦੇ ਸਾਰੇ ਸੁਵਿਧਾ ਸੈਂਟਰਾਂ ਵਿਚ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਅਧਾਰ ਕਾਰਡ ਬਨਾਉਣ ਦੀ ਪ੍ਰਗਤੀ ਸਬੰਧੀ ਜਾਇਜਾ ਲੈਣ ਲਈ ਮੀਟਿੰਗ ਉਪਰੰਤ ਦਿੱਤੀ ।
ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਏ ਜਾ ਰਹੇ ਅਧਾਰ ਕਾਰਡ ਲੋਕਾਂ ਦੀ ਸਹੂਲਤ ਲਈ ਹਨ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੀਆਂ ਸਕੀਮਾਂ/ਸਬਸਿਡੀਆਂ ਦਾ ਲਾਭ ਮਿਲ ਸਕੇ।ਉਨ੍ਹਾਂ ਦੱਸਿਆ ਕਿ ਰਸੋਈ ਗੈਂਸ ਸਿਲੰਡਰ ਲਈ ਸਬਸਿਡੀ ਲੈਣ ਲਈ ਆਧਾਰ ਕਾਰਡ ਜਰੂਰੀ ਹੈ ਜਿਸ ਨਾਲ ਰਸੋਈ ਗੈਂਸ ਉਪਭੋਗਤਾ ਨੂੰ ਸਬਸਿਡੀ ਵਾਲਾ ਗੈਂਸ ਸਲੰਡਰ ਲੈਣ ਲਈ ਪਹਿਲੀ ਵਾਰ 769.50 ਰੁਪਏ ਦੇਣੇ ਹੋਣਗੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਉਪਭੋਕਤਾ ਦੇ ਬੈਂਕ ਖਾਤੇ ਵਿਚ 568 ਰੁਪਏ ਤੇ ਸਬਸਿਡੀ ਦੇ 313.36 ਰੁਪਏ ਵਾਪਸ ਜਮ੍ਹਾ ਕਰਵਾਏ ਜਾ ਰਹੇ ਹਨ ।ਇਸ ਤਰ੍ਹਾਂ ਉਪਭੋਕਤਾ ਨੂੰ ਪਹਿਲੀ ਵਾਰ 769.50 ਰੁਪਏ ਅਦਾ ਕਰਕੇ ਸਰਕਾਰ ਵੱਲੋਂ 881.36 ਰੁਪਏ ਵਾਪਸ ਬੈਂਕ ਖਾਤੇ ਵਿਚ ਦਿੱਤੇ ਜਾ ਰਹੇ ਹਨ।ਇਸ ਤੋਂ ਬਾਅਦ ਹਰ ਵਾਰ ਸਿਲੰਡਰ ਲੈਣ ਤੇ ਉਪਭੋਗਤਾ ਦੇ ਬੈਂਕ ਖਾਤੇ ਵਿਚ 313.36 ਰੁਪਏ ਬਤੋਰ ਸਬਸਿਡੀ ਸਰਕਾਰ ਵੱਲੋਂ ਜਮ੍ਹਾਂ ਕਰਵਾਏ ਜਾਣਗੇ।ਇਸ ਤਰ੍ਹਾਂ ਉਪਭੋਕਤਾਂ ਨੂੰ ਪਹਿਲ ਸਕੀਮ ਨਾਲ ਜੁੜਨ ਨਾਲ 111.86 ਰੁਪਏ ਅਤੇ ਇਕ ਸਿਲੰਡਰ ਦਾ ਫਾਇਦਾ ਹੋਵੇਗਾ ।
ਸ. ਬਰਾੜ ਨੇ ਅੱਗੇ ਦੱਸਿਆ ਕਿ ਅਸਲਾ ਲਾਇਸੰਸ, ਡਰਾਇਵਿੰਗ ਲਾਇਸੰਸ, ਰੇਲਵੇ ਟਿਕਟ ਬੁਕਿੰਗ, ਹਵਾਈ ਯਾਤਰਾ, ਬੈਂਕ ਵਿਚ ਖਾਤਾ ਖੁਲਵਾਉਣ ਤੇ ਆਪਣੀ ਵਿਲੱਖਣ ਪਛਾਣ ਲਈ ਅਧਾਰ ਕਾਰਡ ਦੀ ਲੋੜ ਹੈ।ਇਸ ਲਈ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਧਾਰ ਕਾਰਡ ਜਲਦ ਤੋਂ ਜਲਦ ਜਿਲ੍ਹੇ ਦੇ ਸੁਵਿਧਾ ਸੈਂਟਰਾਂ ਵਿਖੇ ਪਹੁੰਚ ਕੇ ਬਨਵਾਉਣ। ਉਨ੍ਹਾਂ ਦੱਸਿਆ ਕਿ ਰਸੋਈ ਗੈਂਸ ਦੀ ਸਬਸਿਡੀ 31 ਮਾਰਚ 2015 ਤੋਂ ਬਾਅਦ ਅਧਾਰ ਕਾਰਡ ਤੋਂ ਬਗੈਰ ਨਹੀ ਮਿਲੇਗੀ।ਉਨ੍ਹਾਂ ਇਸ ਮੌਕੇ ਨਾਲ ਹੀ ਐਲ.ਡੀ.ਐਮ. ਸ਼੍ਰੀ ਵਸ਼ਿਸ਼ਟ ਨੂੰ ਪੂਰੇ ਜਿਲ੍ਹੇ ਅੰਦਰ ਅਧਾਰ ਕਾਰਡ ਨੂੰ ਬੈਂਕ ਖਾਤੇ ਦੇ ਨਾਲ ਜੋੜਨ ਲਈ ਕੈਂਪ ਲਗਾਉਣ ਦੀ ਹਦਾਇਤ ਕੀਤੀ ਤਾਂ ਜੋ ਜਿਲ੍ਹਾ ਵਾਸੀਆਂ ਨੂੰ ਕੋਈ ਦਿੱਕਤ ਨਾ ਆ ਸਕੇ ।
ਇਸ ਮੌਕੇ ਪਹਿਲ ਸਕੀਮ ਤੋਂ ਫਾਜਿਲਕਾ ਦੇ ਗਾਰਡੀਅਨ ਸ. ਇੰਦਰਜੀਤ ਸਿੰਘ, ਸ਼੍ਰੀ ਰਾਜੇਸ਼ ਕੁਮਾਰ ਟੀ.ਐਮ. ਐਲ.ਪੀ.ਜੀ., ਸ਼੍ਰੀ ਰਜਤ ਬਾਂਸਲ ਸੇਲਜ ਅਫਸਰ, ਸ਼੍ਰੀ ਉਤਪਲ ਕੁਮਾਰ ਦੇਬ ਜਿਲ੍ਹਾ ਕੁਆਰਡੀਨੇਟਰ, ਐਲ.ਡੀ.ਐਮ. ਸ਼੍ਰੀ ਬੀ.ਐਲ. ਵਸ਼ਿਸ਼ਟ ਵੀ ਹਾਜਰ ਸਨ ।
Punjab Post Daily Online Newspaper & Print Media