Friday, November 27, 2026

ਸ੍ਰੀ ਅੰਮ੍ਰਿਤਸਰ ਸਾਹਿਬ ਦੀ 450 ਸਾਲਾ ਵਿਰਾਸਤ ਨੂੰ ਦਰਸਾਉਂਦਾ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ

ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਦੇਰ ਸ਼ਾਮ ਪੇਸ਼ ਕੀਤਾ ਗਿਆ ‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਅਤੇ ਸਿਖਰ ਹੋ ਨਿਬੜਿਆ।ਇਸ ਸ਼ੋਅ ਰਾਹੀਂ ਅੰਮ੍ਰਿਤਸਰ ਦੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਾਸਤ ਅਤੇ ਵਿਲੱਖਣ ਸੱਭਿਆਚਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਇਸ ਲਾਈਟ ਐਂਡ ਸਾਊਂਡ ਸ਼ੋਅ ‘ਦਾਸਤਾਨ-ਏ-ਅੰਮ੍ਰਿਤਸਰ’ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਰਾਹੀਂ ਅੰਮ੍ਰਿਤਸਰ ਸ਼ਹਿਰ ਦੀ ਸਾਢੇ ਚਾਰ ਸਦੀਆਂ ਦੀ ਇਤਿਹਾਸਕ ਯਾਤਰਾ, ਅਮੀਰ ਵਿਰਾਸਤ, ਧਾਰਮਿਕ ਮਹੱਤਤਾ, ਸਮਾਜਿਕ ਜੀਵਨ, ਸਾਹਿਤਕ ਅਤੇ ਸੱਭਿਆਚਾਰਕ ਪਛਾਣ ਨੂੰ ਵਿਸਥਾਰ ਅਤੇ ਦਿਲਚਸਪ ਅੰਦਾਜ਼ ਵਿੱਚ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ।ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦਾ ਪਹਿਲਾ ਸ਼ੋਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਮੰਚ-ਰੰਗਮੰਚ ਵੱਲੋਂ ਪੇਸ਼ ਕੀਤਾ ਗਿਆ।ਇਹ ਪ੍ਰੋਜੈਕਟ ਨਾ ਸਿਰਫ਼ ਅੰਮ੍ਰਿਤਸਰ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਹੈ, ਸਗੋਂ ਸ਼ਹਿਰ ਦੀ 450 ਸਾਲਾ ਵਿਰਾਸਤ ਨੂੰ ਆਧੁਨਿਕ ਰੰਗਮੰਚੀ ਅਤੇ ਤਕਨੀਕੀ ਮਾਧਿਅਮ ਰਾਹੀਂ ਸੰਭਾਲਣ ਅਤੇ ਵਿਸ਼ਵ ਪੱਧਰ ’ਤੇ ਪੇਸ਼ ਕਰਨ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ।
ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਵਿਖਾਏ ਗਏ ਇਸ ਨਾਟਕ ਮੌਕੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ ਅਤੇ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਤੋਂ ਇਲਾਵਾ ਅਧਿਆਪਕ, ਅਧਿਕਾਰੀ, ਕਰਮਚਾਰੀਆਂ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਨਾਟਕ ਦੇ ਲੇਖਕ ਅਤੇ ਡਾਇਰੈਕਟਰ ਕੇਵਲ ਧਾਲੀਵਾਲ, ਪ੍ਰਸਿੱਧ ਕਲਾਕਾਰ ਜਤਿੰਦਰ ਕੌਰ, ਅਤੇ ਨਾਟਕ ਵਿੱਚ ਭਾਗ ਲੈਣ ਵਾਲਿਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਨਾਟਕ ਦੀ ਕਹਾਣੀ ਅੰਮ੍ਰਿਤਸਰ ਦੇ ਬਣਨ ਤੋਂ ਲੈ ਕੇ ਅੱਜ ਤੱਕ ਦੇ ਵਿਕਾਸ ਨਾਲ ਜੁੜੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਨਾਟਕ ਅੰਦਰ ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸਾਈਂ ਮੀਆਂ ਮੀਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਹੈ।ਨਾਟਕ ਅੰਦਰ ਭਾਈ ਮਨੀ ਸਿੰਘ ਨਾਲ ਜੁੜੀ ਹੋਈ ਘਟਨਾ, ਸੁੱਖਾ ਸਿੰਘ-ਮਹਿਤਾਬ ਸਿੰਘ ਨਾਲ ਜੁੜੀ ਹੋਈ ਘਟਨਾ, ਬੀਬੀ ਰਜਨੀ ਨਾਲ ਜੁੜੀ ਹੋਈ ਘਟਨਾ, ਜੰਗ-ਏ-ਆਜ਼ਾਦੀ ਵਿਚ ਅੰਮ੍ਰਿਤਸਰ ਦੇ ਸ਼ਹੀਦਾਂ ਖ਼ਾਸ ਤੌਰ ’ਤੇ ਮਦਨ ਲਾਲ ਢੀਂਗਰਾ, ਮੇਵਾ ਸਿੰਘ ਲੋਪੋਕੇ, ਬਾਬਾ ਗੁਰਦਿੱਤ ਸਿੰਘ, ਸੋਹਣ ਸਿੰਘ ਭਕਨਾ, ਸ਼ਹੀਦ ਊਧਮ ਸਿੰਘ ਅਤੇ ਜਲਿਆਂ ਵਾਲਾ ਬਾਗ਼ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ।
ਵਾਈਸ ਚਾਸਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਦੇ ਅੰਦਰ ਵਸੇ ਹੋਏ ਛੋਟੇ-ਛੋਟੇ ਬਾਜ਼ਾਰਾਂ ਅਤੇ ਉਨਾਂ ਬਾਜ਼ਾਰਾਂ ਦੇ ਵਿੱਚ ਚੱਲਦੇ ਵਪਾਰ ਦੇ ਇਤਿਹਾਸ, ਅੰਮ੍ਰਿਤਸਰ ਦੇ ਨਾਲ ਜੁੜੀਆਂ ਅਖ਼ਬਾਰਾਂ ਦਾ ਇਤਿਹਾਤਸ, ਦੁਰਗਿਆਣਾ ਮੰਦਰ, ਸ੍ਰੀ ਵਾਲਮੀਕ ਮੰਦਰ (ਰਾਮ ਤੀਰਥ), ਅੰਮ੍ਰਿਤਸਰ ਦੇ ਗਿਰਜਾਘਰ, ਮਸੀਤਾਂ, ਵਿੱਦਿਅਕ ਅਦਾਰਿਆਂ ਦਾ, ਅੰਮ੍ਰਿਤਸਰ ਦੇ ਵੱਡੇ ਲੇਖਕ ਡਾ. ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਸ: ਨਾਨਕ ਸਿੰਘ, ਸਆਦਤ ਹਸਨ ਮੰਟੋ, ਭਗਤ ਪੂਰਨ ਸਿੰਘ ਜੀ ਤੇ ਪਿੰਗਲਵਾੜਾ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਅਤੇ ਸਭਿਆਚਾਰਕ ਸੰਸਥਾਵਾਂ, ਪੰਜਾਬ ਨਾਟਸ਼ਾਲਾ, ਵਿਰਸਾ ਵਿਹਾਰ, ਰੰਗਮੰਚ ਭਵਨ ਦੀਆਂ ਸਰਗਰਮੀਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਵਿਸ਼ੇਸ਼ ਖਾਣਿਆਂ ਦਾ ਜਿਕਰ, ਬਾਜ਼ਾਰਾਂ ਨਾਲ ਜੋੜ ਕੇ ਅਤੇ ਅੰਮ੍ਰਿਤਸਰ ਦੇ ਤਿਉਹਾਰਾਂ ਦਾ ਜ਼ਿਕਰ, ਗੋਲ ਬਾਗ ਵਿਚ ਹੁੰਦੀ ਪਤੰਗਬਾਜ਼ੀ ਦਾ ਜਿਕਰ, ਬਹੁਤ ਕੁਝ ਵਿਸਥਾਰ ਦੇ ਨਾਲ ਪੇਸ਼ ਕੀਤਾ ਗਿਆ।ਡਾ. ਕਰਮਜੀਤ ਸਿੰਘ ਨੇ ਸਾਰੇ ਕਲਾਕਾਰਾਂ ਦੀ ਨਾਟਕ ਦੀ ਪੇਸ਼ਕਾਰੀ, ਨਿਰਦੇਸ਼ਨ ਅਤੇ ਲੇਖਨ ਸ਼ੈਲੀ ਦੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ।
ਲਗਭਗ ਪੌਣੇ ਦੋ ਘੰਟੇ ਲੰਮੇ ਚਲੇ ਇਸ ਨਾਟਕ ਨੂੰ 20 ਦੇ ਕਰੀਬ ਕਲਾਕਾਰਾਂ ਨੇ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ।ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਨੇ ਤਿਆਰ ਕੀਤਾ ਅਤੇ ਨਾਟਕ ਵਿੱਚ ਸ੍ਰੀਮਤੀ ਜਤਿੰਦਰ ਕੌਰ, ਗੁਰਤੇਜ ਮਾਨ, ਸਾਜਨ ਕੋਹਿਨੂਰ, ਗੁਰਦਿੱਤ ਪਾਲ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਡੌਲੀ ਸੱਡਲ, ਗੁਰਲੀਨ ਕੌਰ, ਰਾਹੁਲ ਸਹਿਗਲ, ਨਿਤਿਨ ਕਪੂਰ, ਕਵਚ, ਬਲਕਰਨ, ਸਤਬੀਰ ਸਿੰਘ, ਸੁਖਮਨ ਸਿੰਘ, ਮੋਹਿਤ ਕੁਮਾਰ ਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ।ਨਾਟਕ ਵਿੱਚ ਚੱਲ ਰਹੀਆਂ ਸਲਾਈਡਾਂ ਅਭਿਸ਼ੇਕ ਅਤਰੀ ਨੇ ਤਿਆਰ ਕੀਤੀਆਂ।

Check Also

ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 27 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …