

ਨਵੀਂ ਦਿੱਲੀ, 22 ਜਨਵਰੀ (ਅੰਮ੍ਰਿਤ ਲਾਲ ਮੰਨਣ) – ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਜਿਸ ਵਿਚ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਭਾਈ ਦਰਸ਼ਨ ਸਿੰਘ ਨਿਰਮਲ, ਭਾਈ ਜਗਦੀਪ ਸਿੰਘ ਅਤੇ ਇਸਤ੍ਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵੱਲੋਂ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦਿੱਲੀ ਕਮੇਟੀ ਦੇ ਹੈਡ ਪ੍ਰਚਾਰਕ ਭਾਈ ਸੰਤੋਖ ਸਿੰਘ ਨੇ ਮਾਤਾ ਗੁਜਰ ਕੌਰ ਨੂੰ ਤਿਆਗ ਅਤੇ ਤਪਸਿਆ ਦੀ ਪ੍ਰਤੀਕ ਦੱਸਦੇ ਹੋਏ ਸ਼ਹੀਦ ਪਤੀ ਅਤੇ ਸ਼ਹੀਦ ਪੋਤਿਆਂ ਦੀ ਬੇਮਿਸਾਲ ਸ਼ਹੀਦ ਦਾਦੀ ਵੀ ਦੱਸਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸਤ੍ਰੀ ਸਤਿਸੰਗ ਮਾਤਾ ਸੁੰਦਰੀ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਰਾਣਾ ਨੇ ਮਾਤਾ ਗੁਜਰ ਕੌਰ ਜੀ ਦਾ ਸਿੱਖ ਇਤਿਹਾਸ ਵਿਚ ਵੱਡਾ ਹਿੱਸਾ ਹੋਣ ਦਾ ਦਾਅਵਾ ਕਰਦੇ ਹੋਏ ਸੰਗਤਾਂ ਨੂੰ ਮਾਤਾ ਜੀ ਦੀ ਲਾਸਾਨੀ ਸ਼ਹਾਦਤ ਤੋਂ ਆਪਣੇ ਬੱਚਿਆਂ ਨੂੰ ਜਾਣੂੰ ਕਰਵਾਉਣ ਦਾ ਵੀ ਸੱਦਾ ਦਿੱਤਾ। ਸੂਬਾ ਸਰਹਿੰਦ ਦੀ ਕੈਦ ‘ਚ ਠੰਡੇ ਬੁਰਜ ‘ਚ ਕੜਕਦੀ ਠੰਡ ‘ਚ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਅਡੋਲ ਨਾ ਹੋਣ ਦੀ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਵੀ ਰਾਣਾ ਨੇ ਇਸ ਮੌਕੇ ਯਾਦ ਕੀਤਾ।
Punjab Post Daily Online Newspaper & Print Media