ਛੁੱਟੀਆਂ ਹੋਣ ਕਰਕੇ ਚਾਰ ਦਿਨ ਮਨਾਈ ਪਤੰਗ ਦੇ ਸ਼ੌਕੀਨਾਂ ਨੇ ਬਸੰਤ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਅਨੁਸਾਰ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ ਜਿੱਥੇ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਚੜਦੀਕਲਾ ਦੀ ਅਰਦਾਸ ਕੀਤੀ ਉਥੇ ਹੀ ਪਤੰਗ ਦੇ ਸ਼ੌਕੀਨ ਕਰੋੜਾਂ ਰੁਪਏ ਦੀ ਡੋਰ ਅਤੇ ਪਤੰਗਾਂ ਰਾਹੀਂ ਆਪਣਾ ਸ਼ੌਂਕ ਪੂਰਾ ਕੀਤਾ। ਭਾਵੇਂ ਮਹਿੰਗਾਈ ਦੀ ਮਾਰ ਇਸ ਸ਼ੌਂਕ ਤੇ ਵੀ ਦਿਖਾਈ ਦਿੱਤੀ ਜਿੱਥੇ ਪਿਛਲੇ ਸਾਲ ੩ ਰੁਪਏ ਵਿੱਚ ਵਿਕਣ ਵਾਲਾ ਪਤੰਗ ਅਤੇ ੮੦ ਰੁਪਏ ਹਜਾਰਾ ਵਿਕਣ ਵਾਲੀ ਡੋਰ ਇਸ ਸਾਲ ੫ ਰੁਪਏ ਪਤੰਗ ਅਤੇ ੧੨੦ ਰੁਪਏ ਹਜਾਰਾ ਵਿਕਿਆ, ਉਥੇ ਹੀ ਰਾਤ ਸਮੇਂ ਲਿਫਾਫੇ ਵਿੱਚ ਅੱਗ ਵਾਲਾ ਦੀਵਾ ਬਾਲ ਕੇ ਚਖ਼ਾਈ ਡੋਲੀ ਵੀ ਅਸਮਾਨ ਵਿੱਚ ਚਮਕਦੇ ਤਾਰਿਆਂ ਵਾਂਗ ਖਿੱਚ ਦਾ ਕੇਂਦਰ ਰਹੀ।ਪਰ ਇਸ ਡੋਲੀ ਨੇ ਮਿੰਨੀ ਸਕੱਤਰੇਤ ਰੋਡ ਨਿਵਾਸੀ ਪਰਿਵਾਰ ਦਾ ਭਾਰੀ ਨੁਕਸਾਨ ਕਰ ਦਿੱਤਾ।ਮਧੂਬਨ ਹੋਲਟ ਦੀ ਪਾਰਕਿੰਗ ਵਿੱਚ ਖਖ਼ੀ ਰਿਟਜ਼ ਕਾਰ ਨੰ:ਐਚ ਆਰ ੯੯ ਟੀ ਜੈਡ-੮੬੧੯ ਜਿਸ ਤੇ ਕਵਰ ਪਾਇਆ ਹੋਇਆ ਸੀ ਉਪਰ ਬਲਦੀ ਅੱਗ ਵਾਲੀ ਡੋਲੀ ਆ ਡਿੱਗੀ ਜਿਸ ਕਰਕੇ ਕਾਰ ਨੂੰ ਅੱਗ ਲੱਗ ਗਈ ਤੇ ਡਰਾਈਵਰ ਵਾਲਾ ਪਾਸਾ ਅਤੇ ਬੋਨਟ ਸੜ ਗਿਆ।ਹੋਟਲ ਦੇ ਮੁਲਾਜ਼ਮ ਹੈਪੀ ਨੇ ਦੱਸਿਆ ਕਿ ਕਵਰ ਨੂੰ ਲੱਗੀ ਅੱਗ ਦੇਖ ਕੇ ਬਾਮੁਸ਼ਕਲ ਕਵਰ ਪਾਸੇ ਕੀਤਾ ਗਿਆ ਜਿਸ ਕਰਕੇ ਕਾਰ ਦਾ ਬਲਾਸਟ ਹੋਣੋ ਬੱਚ ਗਿਆ।ਪਤੰਗ ਦਾ ਸ਼ੌਂਕ ਛੁੱਟੀਆਂ ਹੋਣ ਕਰਕੇ ਨੌਜਵਾਨਾਂ ਲਈ ਚਾਰ ਦਿਨ ਰਿਹਾ।ਬਸੰਤ ਦੀ ਛੁੱਟੀ, ਐਤਵਾਰ ੨੬ ਜਨਵਰੀ ਦੀ ਛੁੱਟੀ ਅਤੇ ਫੇਰ ਪ੍ਰਸਾਸ਼ਨਿਕ ਛੁੱਟੀ ਹੋਣ ਕਰਕੇ ਪਤੰਗ ਦੇ ਸ਼ੌਕੀਨਾਂ ਨੇ ਚਾਰ ਦਿਨ ਬਸੰਤ ਮਨਾਈ ਜਾਵੇਗੀ।ਯਾਸ਼ੂ, ਅਗਮ, ਸੋਰਵ, ਸ਼ੁਭਮ, ਬਾਵਾ, ਜਗਜੀਤ ਸਿੰਘ ਨੇ ਦੱਸਿਆ ਕਿ ਉਹ ਬਸੰਤ ਦੇ ਤਿਉਹਾਰ ਨੂੰ ਬੇਸਬਰੀ ਨਾਲ ਉਡੀਕਦੇ ਹਨ ਕਿਉਂਕਿ ਇਹ ਤਿਉਹਾਰ ਉਹਨਾਂ ਦਾ ਦਿਲਕਿਸ਼ ਤਿਉਹਾਰ ਹੈ।
Punjab Post Daily Online Newspaper & Print Media