Sunday, March 22, 2026

ਤੀਜਾ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਧੂਮ ਧਾਮ ਨਾਲ ਹੋਇਆ ਸ਼ੁਰੂ

ਨੌਜਵਾਨ ਰੁੁਜ਼ਗਾਰ ਦੀ ਤਲਾਸ਼ ਵਿੱਚ ਭਟਕਣ ਦੀ ਬਜਾਏ ਰੁਜ਼ਗਾਰ ਦਾਤਾ ਬਨਣ- ਹਰਸਿਮਰਤ ਕੌਰ ਬਾਦਲ

PPN3001201508

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮਾਲਵਾ ਖਿੱਤੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਦਿਅਕ ਵਿਕਾਸ ਅਤੇ ਗਿਆਨ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਟੈਕਨਾਲੋਜੀ, ਪ੍ਰਬੰਧਕੀ, ਸੱਭਿਆਚਾਰਕ, ਗਿਆਨ ਅਤੇ ਮਨੋਰੰਜਨ ਆਦਿ ਰੰਗਾਂ ਦੇ ਸੁਮੇਲ ਵਾਲਾ ਤੀਜਾ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਪੀ.ਐਚ.ਡੀ. ਚੈਂਬਰ ਦੇ ਸਹਿਯੋਗ ਨਾਲ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਧੂਮ ਧਾਮ ਨਾਲ ਸ਼ੁਰੂ ਹੋ ਗਿਆ।ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਮਾਨਯੋਗ ਕੇਂਦਰੀ ਮੰਤਰੀ, ਫੂਡ ਪ੍ਰੋਸੇਸਿੰਗ ਇੰਡਸਟਰੀਜ਼, ਭਾਰਤ ਸਰਕਾਰ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਇਸ ਮੌਕੇ ਮਨਤਾਰ ਸਿੰਘ ਬਰਾੜ, ਚੀਫ਼ ਪਾਰਲੀਮੈਂਟਰੀ ਸਕੱਤਰ, ਬਸੰਤ ਗਰਗ ( ਆਈ.ਏ.ਐਸ.) ਡਿਪਟੀ ਕਮਿਸ਼ਨਰ ਬਠਿੰਡਾ, ਇੰਦਰਮੋਹਨ ਸਿੰਘ , ਐਸ. ਐਸ. ਪੀ. ਬਠਿੰਡਾ, ਦਮਨਜੀਤ ਸਿੰਘ ਮਾਨ, ਐਸ.ਡੀ.ਐਮ, ਸ੍ਰੀ ਵਰਿੰਦਰ ਸ਼ਰਮਾਂ , ਏ.ਡੀ.ਸੀ. ਬਠਿੰਡਾ ਅਤੇ ਬਾਬਾ ਫ਼ਰੀਦ ਸੰਸਥਾ ਦੇ ਉਪ ਪ੍ਰਧਾਨ ਡਾ. ਸਰਦੂਲ ਸਿੰਘ ਗਰੇਵਾਲ, ਡਾਇਰੈਕਟਰ ਸੁਖਦੇਵ ਸਿੰਘ ਪੱਕਾ, ਡਾਇਰੈਕਟਰ ਹੇਮਰਾਜ ਸ਼ਰਮਾਂ ਵੀ ਉਹਨਾਂ ਦੇ ਨਾਲ ਹਾਜ਼ਰ ਸਨ।ਅੱਜ ਮੇਲੇ ਦੇ ਪਹਿਲੇ ਦਿਨ 30000 ਤੋਂ ਵਧੇਰੇ ਦਰਸ਼ਕਾਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਫਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀ ਨੂੰ ਕਾਬਲ ਅਤੇ ਹੁਨਰਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਪ੍ਰਾਪਤੀਆਂ ਲਈ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਸ ਸੰਸਥਾ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਅਤੇ ਵਿਬਗਿਉਰ ਮੇਲੇ ਦੇ ਸੱਤ ਰੰਗਾਂ ਵਾਂਗ ਹੀ ਹਰ ਖੇਤਰ ਵਿੱਚ ਇਸ ਸੰਸਥਾ ਦੇ ਵਿਦਿਆਰਥੀ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ, ਇਲਾਕੇ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਸਮਾਜਿਕ ਬੁਰਾਈਆਂ ਜਿਵੇਂ, ਭਰੂਣ ਹੱਤਿਆ, ਦਾਜ, ਨਸ਼ੇ ਅਤੇ ਵਾਤਾਵਰਣ ਪ੍ਰਦੂਸ਼ਨ ਬਾਰੇ ਸੁਚੇਤ ਕਰਦਿਆਂ ਹਰ ਇੱਕ ਵਿਦਿਆਰਥੀ ਨੂੰ ਇਸ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸੰਸਥਾ ਦੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ 200 ਤੋਂ ਵਧੇਰੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਵਿਖੇ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਉਹਨਾਂ ਨੂੰ ਅੱਗੇ ਵੱਧਣ ਦੇ ਭਰਪੂਰ ਮੌਕੇ ਪ੍ਰਦਾਨ ਕਰਵਾਏ ਹਨ।ਉਹਨਾਂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਸਿੱਖਿਆ ਖੇਤਰ ਵਿੱਚ ਪੰਜਾਬ ਪੂਰੇ ਭਾਰਤ ਵਿੱਚੋਂ ਹੁਣ ਤੀਜੇ ਸਥਾਨ ‘ਤੇ ਆ ਗਿਆ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੁਨਰਮੰਦ ਅਤੇ ਕਾਬਲ ਬਣ ਕੇ ਨੌਕਰੀ ਦੀ ਤਲਾਸ਼ ਵਿੱਚ ਭਟਕਨ ਦੀ ਬਜਾਏ ਰੁਜ਼ਗਾਰ ਦਾਤਾ ਬਣ ਕੇ ਹੋਰਨਾਂ ਨੂੰ ਵੀ ਰੁਜ਼ਗਾਰ ਦੇਣ । ਉਹਨਾਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਮੈਨੇਜਮੇਂਟ ਨੂੰ ਕਿਹਾ ਕਿ ਉਹ ਸੰਸਥਾ ਵਿਖੇ ਫੂਡ ਪ੍ਰੋਸੇਸਿੰਗ ਨਾਲ ਸੰਬੰਧਤ 6 ਮਹੀਨੇ ਦਾ ਕੋਈ ਵੀ ਟਰੇਨਿੰਗ ਕੋਰਸ ਸ਼ੁਰੂ ਕਰਨ ਜਿਸ ਲਈ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਜਾਵੇਗੀ । ਇਸ ਉਪਰੰਤ ਉਹਨਾਂ ਨੇ ਬਾਬਾ ਫਰੀਦ ਗਰੁੱਪ ਵਿਖੇ ਬਾਬਾ ਫਰੀਦ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦਾ ਨੀਂਹ ਪੱਥਰ ਵੀ ਆਪਣੇ ਕਰ ਕਮਲਾਂ ਨਾਲ ਰੱਖਿਆ।
ਸੰਸਥਾ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਵਾਰ ਇਹ ਵਿਬਗਿਓਰ ਮੇਲਾ 3 ਦਿਨ ਦਾ ਹੈ ਜੋ ਕਿ ਪਿਛਲੇ ਸਾਲਾਂ ਦੌਰਾਨ ਸਿਰਫ 2 ਦਿਨ ਦਾ ਹੁੰਦਾ ਸੀ।ਇਸ ਮੇਲੇ ਦੀ ਖ਼ਾਸੀਅਤ ਇਹ ਹੈ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਲਾਨਾ ਦਿਵਸ ਦੇ ਤੌਰ ‘ਤੇ ਮਨਾਏ ਜਾ ਰਹੇ ਇਸ ਤੀਜੇ ਅੰਤਰਰਾਸ਼ਟਰੀ ਮੇਲੇ ਵਿੱਚ 31 ਜਨਵਰੀ ਅਤੇ 1 ਫਰਵਰੀ ਨੂੰ ਗਲੋਬਲ ਸਮਿਟ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਜਿੱਥੇ ਸੰਸਥਾ ਵੱਲੋਂ ਤਿਆਰ ਕੀਤਾ ਗਿਆ ‘ਵਿਲੱਖਣ ਇੰਡਸਟਰੀ ਅਕੈਡਮੀਆ ਇੰਟਰਫੇਸ ਮਾਡਲ’ ਲਾਂਚ ਕੀਤਾ ਜਾਵੇਗਾ, ਉਥੇ ਹੀ 25 ਵੱਖ-ਵੱਖ ਉਦਯੋਗਾਂ ਨਾਲ ਐਮ.ਓ.ਯੂ. ਸਾਈਨ ਕੀਤੇ ਜਾਣਗੇ।ਇਸ ਤੋਂ ਇਲਾਵਾ ਸੰਸਥਾ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ, ਮਾਨਯੋਗ ਮੁੱਖ ਮੰਤਰੀ, ਪੰਜਾਬ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾ ਰਹੇ ਆਪਣੀ ਕਿਸਮ ਦੇ ਭਾਰਤ ਦੇ ਪਹਿਲੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ।ਇਸ ਗਲੋਬਲ ਸਮਿਟ ਵਿੱਚ ਦੇਸ਼ ਵਿਦੇਸ਼ ਦੇ ਉਦਯੋਗਪਤੀ ਅਤੇ ਸਿੱਖਿਆ ਸ਼ਾਸ਼ਤਰੀ ਨਵੇਂ ਵਿਦਿਅਕ ਢਾਂਚੇ ਨੂੰ ਲਾਗੂ ਕਰਨ ਬਾਰੇ ਵਿਚਾਰਾਂ ਕਰਨਗੇ ਤਾਂ ਜੋ ਬੇਰੁਜ਼ਗਾਰੀ ਨੂੰ ਠੱਲ ਪਾਈ ਜਾ ਸਕੇ। ਇਸ ਗਲੋਬਲ ਸਮਿਟ ਵਿੱੱਚ ਐਮ.ਐਚ.ਆਰ.ਡੀ, ਯੂ.ਜੀ.ਸੀ, ਏ.ਆਈ.ਸੀ.ਟੀ.ਈ, ਐਨ.ਐਸ.ਡੀ.ਸੀ, ਐਨ.ਐਸ.ਡੀ.ਏ, ਵੱਖ-ਵੱਖ ਸੈਕਟਰ ਸਕਿੱਲ ਕੌਂਸਲਜ਼ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਫੰਡੀਗ ਏਜੰਸੀਆਂ ਦੇ ਨੁੰਮਾਇੰਦੇ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਸਿੱਖਿਆ ਸ਼ਾਸ਼ਤਰੀ ਅਤੇ ਵੱਖ-ਵੱਖ ਉਦਯੋਗਾਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਇਸ ਗਲੋਬਲ ਸਮਿਟ ਵਿੱਚ ਹਿੱਸਾ ਲੈ ਰਹੇ ਹਨ।
ਸ. ਧਾਲੀਵਾਲ ਨੇ ਅੱਗੇ ਦੱਸਿਆ ਕਿ ਇਸ ਫੈਸਟ ਵਿੱਚ ਤਕਨੀਕੀ ਅਤੇ ਨਾਨ-ਤਕਨੀਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਮੁੱਚੇ ਭਾਰਤ ਤੋਂ ਆਈ.ਆਈ.ਟੀ, ਆਈ.ਆਈ.ਐਮ, ਯੂਨੀਵਰਸਿਟੀਆਂ, ਇੰਜਨੀਅਰਿੰਗ ਕਾਲਜਾਂ, ਪੋਲੀਟੈਕਨਿਕ, ਮੈਨੇਜਮੇਂਟ ਅਤੇ ਉੱਘੇ ਬੀ-ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਇਹਨਾਂ ਮੁਕਾਬਲਿਆਂ ਦੇ ਜੇਤੂਆਂ ਲਈ ਕੁੱਲ 20 ਲੱਖ ਰੁਪਏ ਦੇ ਆਕਰਸ਼ਕ ਇਨਾਮ ਰੱਖੇ ਗਏ ਹਨ।ਇਸ ਤੋਂ ਇਲਾਵਾ ਇਸ ਮੇਲੇ ਵਿੱਚ ਗਲੋਬਲ ਵਿਲੇਜ ਤਹਿਤ ਵੱਖ ਵੱਖ 9 ਦੇਸ਼ਾਂ ਦੇ ਡੈਲੀਗੇਟ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ ਕਰ ਰਹੇ ਹਨ ।
ਦੱਸਣਯੋਗ ਹੈ ਕਿ ਇਸ ਫੈਸਟ ਦੇ ਦੂਸਰੇ ਦਿਨ ਕੱਲ੍ਹ ਨੂੰ ਸ. ਸੁਰਜੀਤ ਸਿੰਘ ਰੱਖੜਾ, ਮਾਨਯੋਗ ਉੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਗਲੋਬਲ ਸਮਿਟ ਦਾ ਉਦਘਾਟਨ ਕਰਨਗੇ।ਇਸ ਗਲੋਬਲ ਸਮਿਟ ਦੀ ਪ੍ਰਧਾਨਗੀ ਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਟਰਾਈਡੇਂਟ ਗਰੁੱਪ ਕਰਨਗੇ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮ. ਦੀ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਮੈਡਮ ਨੀਰੂ ਓਬਰਾਲ ਕੁੰਜੀਵਤ ਭਾਸ਼ਣ ਦੇਣਗੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply