Tuesday, April 7, 2026

’ਮਾਤ ਭਾਸ਼ਾ ਤੇ ਆਰਥਿਕ ਵਸੀਲੇ’ ਵਿਸ਼ੇ ਤੇ ਹੋਇਆ ਭਾਸ਼ਾ ਸੈਮੀਨਾਰ

ਪੰਜਾਬੀ ਚੇਤਨਾ ਸਪਤਾਹ ਦਾ ਹੋਇਆ ਆਗਾਜ਼

PPN1602201508
ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਕਿਸੇ ਵੀ ਖਿੱਤੇ ਦੀ ਤਰੱਕੀ ਉਸ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ ਤੇ ਜ਼ੁਬਾਨ ਉਹੀ ਤਰੱਕੀ ਕਰਦੀ ਹੈ, ਜਿਹੜੀ ਕਾਰ-ਵਿਹਾਰ ਤੇ ਰੋਜ਼ਗਾਰ ਨਾਲ ਜੁੜੀ ਹੋਵੇ। ਇਹ ਵਿਚਾਰ ਆਤਮ ਪਬਲਿਕ ਸਕੂਲ ਵਿਖੇ ਜਨਵਾਦੀ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸ਼ੁਰੂ ਕੀਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਤਲਵਿੰਦਰ ਸਿੰਘ ਯਾਦਗਾਰੀ ਭਾਸ਼ਾ ਸੈਮੀਨਾਰ ਵਿੱਚ ਬੋਲਦਿਆਂ ਸਾਂਝੇ ਤੌਰ ਤੇ ਕਹੇ। ਪੰਜਾਬੀ ਚੇਤਨਾ ਹਫਤੇ ਦੇ ਅੰਤਰਗਤ ‘ਮਾਤ ਭਾਸ਼ਾ ਤੇ ਆਰਥਿਕ ਵਸੀਲੇ’ ਵਿਸ਼ੇ ਤੇ ਹੋਏ ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਬੁੱਤ ਤਰਾਸ਼ ਅਵਤਾਰਜੀਤ ਧੰਜਲ ਦੀ ਅਗਵਾਈ ਵਿੱਚ ਵੱਖ-ਵੱਖ ਮੁਲਕਾਂ ਤੋਂ ਕਲਾਕਾਰਾਂ, ਸਾਹਿਤਕਾਰਾਂ ਅਤੇ ਭਾਸ਼ਾ ਵਿਗਿਆਨੀਆਂ ਦੇ 20 ਮੈਂਬਰੀ ਵਫਦ ਨੇ ਸ਼ਿਰਕਤ ਕਰਦਿਆਂ ਪੰਜਾਬੀ ਭਾਸ਼ਾ ਨੂੰ ਕੇਂਦਰ ਬਿੰਦੂ ਤੇ ਰੱਖ ਕੇ ਆਪਣੇ-ਆਪਣੇ ਮੁਲਕਾਂ ਦੇ ਖਿੱਤੇ ਦੀ ਜ਼ੁਬਾਨ ਵਿੱਚ ਕੀਤੀ ਸਭਿਆਚਾਰਕ ਅਤੇ ਆਰਥਿਕ ਤਰੱਕੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਵਿਦਵਾਨ ਡਾ. ਊਧਮ ਸਿੰਘ ਸ਼ਾਹੀ, ਦੀਪ ਦਵਿੰਦਰ ਸਿੰਘ, ਦੇਵ ਦਰਦ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਨ ਅਤੇ ਸੁਮੀਤ ਸਿੰਘ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਮਾਤ ਭਾਸ਼ਾ ਨੂੰ ਰੋਜ਼ਗਾਰ ਮੁੱਖੀ ਬਨਾਉਣ ਲਈ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵੱਲ ਨਿੱਘਰ ਕਦਮ ਪੁੱਟਣ ਦੀ ਜਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰੀ, ਕਾਨੂੰਨ ਅਤੇ ਤਕਨੀਕੀ ਸਿੱਖਿਆ ਦੀ ਪੜ੍ਹਾਈ ਲਈ ਸਬੰਧਿਤ ਕਿਤਾਬਾਂ ਅਤੇ ਹੋਰ ਪੜ੍ਹਣ ਸਮਗਰੀ ਦਾ ਪ੍ਰਬੰਧ ਪੰਜਾਬੀ ਵਿੱਚ ਹੋਵੇ।ਰਾਜ ਅੰਦਰਲੇ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਦੇ ਅਧਿਆਪਕ ਪੱਕੇ ਤੌਰ ਤੇ ਭਰਤੀ ਕੀਤੇ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਮਾਤਾ ਭਾਸ਼ਾ ਵਿੱਚ ਲਈ ਉੱਚ ਵਿੱਦਿਆ ਤੋਂ ਰੋਜ਼ਗਾਰ ਦੇ ਵਧੀਆ ਵਸੀਲੇ ਮਿਲ ਸਕਣ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਮਾਤ ਭਾਸ਼ਾ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਅਤੇ ਪੰਜਾਬੀ ਹੋਣ ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਕਸ਼ਮੀਰ ਸਿੰਘ, ਪੰਜਾਬੀ ਚਿੰਤਕ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਸੱਗੂ, ਧਰਵਿੰਦਰ ਔਲਖ, ਹਰੀ ਸਿੰਘ ਗਰੀਬ, ਜਗਤਾਰ ਗਿੱਲ, ਗੁਰਬਾਜ ਸਿੰਘ ਤੋਲਾ ਨੰਗਲ, ਬਲਦੇਵ ਇੰਦਰ ਸਿੰਘ, ਰਾਜ ਕੁਮਾਰ ਰਾਜ, ਰਵੀ ਠਾਕੁਰ, ਅਮਰੀਕ ਸਿੰਘ ਸ਼ੇਰਗਿੱਲ, ਮੈਡਮ ਟੀਨਾ ਸ਼ਰਮਾ, ਪ੍ਰਤੀਕ ਸਹਿਦੇਵ, ਅੰਤਿਕਾ ਸਹਿਦੇਵ, ਪੂਨਮ ਸ਼ਰਮਾ, ਸੁਭਾਸ਼, ਗੁਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਕੂਲ ਸਟਾਫ ਹਾਜ਼ਰ ਸੀ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply