
ਬਟਾਲਾ, 3 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੂੰ ਡੇਅਰੀ ਧੰਦਾ ਅਪਨਾਉਣ ਲਈ ਉਤਸ਼ਾਹਤ ਕਰਨ ਦੇ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਵੀ ਡੇਅਰੀ ਧੰਦਾ ਅਪਨਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜੋਰ ਲੋਕ ਵੀ ਡੇਅਰੀ ਧੰਦੇ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ ਉੱਪਰ ਚੁੱਕ ਸਕਣ। ਅਨਸੂਚਿਤ ਜਾਤੀ ਦੇ ਗਰੀਬ ਨੌਜਵਾਨਾਂ ਲਈ ਡੇਅਰੀ ਧੰਦਾ ਸ਼ੁਰੂ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ 2 ਦੁਧਾਰੂ ਪਸ਼ੂਆਂ ਦੀ ਖਰੀਦ ‘ਤੇ 33 ਫੀਸ਼ਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਪਸ਼ੂਆਂ ਦੇ ਬੀਮੇ ਦਾ 100 ਫੀਸ਼ਦੀ ਪ੍ਰੀਮੀਅਮ ਵੀ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਅਨਸੂਚਿਤ ਜਾਤੀ ਦੇ ਨੌਜਵਾਨ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਲੈ ਕੇ ਛੋਟੇ ਪੱਧਰ ‘ਤੇ ਆਪਣਾ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਕੇ ਮੁਨਾਫਾ ਕਮਾ ਸਕਦੇ ਹਨ।
ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਨ ਲਈ ਆਰਥਿਕ ਮਦਦ ਦੇ ਨਾਲ ਮੁਫਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਅਰੀ ਪਾਰਮਿੰਗ ਦਾ ਧੰਦਾ ਸ਼ੁਰੂ ਕਰਨ ਵਾਲੇ ਵਿਅਕਤੀ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੋਵੇ ਨੂੰ ਵਿਭਾਗ ਵੱਲੋਂ 15 ਤੋਂ 30 ਦਿਨਾਂ ਦਾ ਡੇਅਰੀ ਕੋਰਸ ਕਰਵਾ ਕੇ ਵੱਖ-ਵੱਖ ਬੈਂਕਾਂ ਵਿੱਚ ਨਾਬਾਰਡ/ਐਸ.ਪੀ.ਡੀ.ਡੀ ਸਕੀਮ ਅਧੀਨ ਕਰਜ਼ੇ ਸਪਾਂਸਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਪਸ਼ੂਆਂ ਦੀ ਨਸਲਾਂ, ਨਸਲ ਸੁਧਾਰ, ਹਰੇ ਚਾਰਿਆਂ ਬਾਰੇ, ਮਨਸੂਈ ਗਰਭਦਾਨ, ਗੱਭਣ ਚੈੱਕ ਕਰਨਾ ਤੇ ਵੱਖ-ਵੱਖ ਦੁੱਧ ਪਦਾਰਥਾਂ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ।
ਸ੍ਰੀ ਧੁੱਗਾ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ 10 ਜਾਂ 10 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਵਿੱਚ 10 ਮੱਝਾਂ ਜਾਂ ਗਾਵਾਂ ਦੀ 5 ਲੱਖ ਤੇ 6 ਲੱਖ ਖਰੀਦ ਤੇ ਕ੍ਰਮਵਾਰ ਸਵਾ ਲੱਖ (1.25) ਤੇ ਡੇਢ ਲੱਖ (1.50) ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਬਾਰਡ ਸਕੀਮ ਅਧੀਨ 20 ਕੱਟੀਆਂ ਵੱਛੀਆਂ ਦੀ 5.30 ਲੱਖ ਖਰੀਦ ਤੇ 1 ਲੱਖ 32 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੋਗਲੀ ਗਾਵਾਂ ਦੇ ਸ਼ੈਡ ਤੇ 6 ਲੱਖ ਰੁਪਏ ਤੇ (1.50) ਡੇਢ ਲੱਖ ਰੁਪਏੇ ਦੀ ਅਤੇ ਮੱਝਾਂ ਦੇ ਸੈੱਡ ਪਾਉਣ ਲਈ 4 ਲੱਖ ਰੁਪਏ ਉੱਤੇ 1 ਲੱਖ ਰੁਪਏ ਦੀ ਸਬਸਿਡੀ ਜੋ ਕਿ ਵਿਭਾਗੀ ਡਿਜ਼ਾਇਨ ਅਨੁਸਾਰ ਹੋਣ ‘ਤੇ ਮੁਹੱਈਆ ਕਰਵਾਈ ਜਾਂਦੀ ਹੈ।
ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਇਸ ਤੋਂ ਇਲਾਵਾ ਦੁੱਧ ਚੁਆਈ ਮਸ਼ੀਨ ਸਿੰਗਲ ਟੀਟ ਕੱਪ ਤੇ 15 ਹਜ਼ਾਰ ਰੁਪਏ ਤੇ ਡਬਲ ਟੀਟ ਕੱਪ ਤੇ 20 ਹਜ਼ਾਰ ਰੁਪਏ, ਫੋਡਰ ਹਾਰਵੈਸਟਰ ਤੇ 50 ਫੀਸਦੀ ਵੱਧ ਤੋਂ ਵੱਧ 72,500 ਅਤੇ ਬਲਾਕ ਮਿਲਕ ਕੂਲਰ ਤੇ 50 ਫੀਸਦੀ ਵੱਧ ਤੋਂ ਵੱਧ 2.25 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸ੍ਰੀ ਦੇਸਰਾਜ ਧੁੱਗਾ ਨੇ ਦੱਸਿਆ ਕਿ ਪਸ਼ੂਆਂ ਦੇ ਬੀਮੇ ਦਾ ਪ੍ਰੀਮੀਅਮ ਤਿੰਨ ਸਾਲਾਂ ਲਈ 75 ਫੀਸਦੀ ਅਤੇ ਪਹਿਚਾਣ ਚਿਪ, ਆਰ.ਐਫ.ਡੀ.ਟੈਗ ਦੀ ਪੂਰੀ ਕੀਮਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਮੁੱਖ ਸੰਸਦੀ ਸਕੱਤਰ ਸ੍ਰੀ ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਡੇਅਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਹਰ ਉਪਰਾਲਾ ਕਰ ਰਹੀ ਹੈ ਅਤੇ ਛੇਤੀ ਹੀ ਪੰਜਾਬ ਚਿੱਟੀ ਕ੍ਰਾਂਤੀ ‘ਚ ਵੀ ਦੇਸ਼ ਦੀ ਅਗਵਾਈ ਕਰੇਗਾ।
Punjab Post Daily Online Newspaper & Print Media