
ਹੁਸ਼ਿਆਰਪੁਰ, 10 ਮਾਰਚ (ਸਤਵਿੰਦਰ ਸਿੰਘ) – ਜਲ ਸਪਲਾਈ ਵਿਭਾਗ ਦੀਆਂ ਜੀ.ਪੀ.ਡਬਲਯੂ.ਐਸ.ਸੀ. ਅਤੇ ਜੀ.ਪੀ. ਵੱਲੋਂ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਵਾਟਰ ਸਪਲਾਈ ਸਕੀਮਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੰਢੀ ਏਰੀਏ ਵਿੱਚ ਪੈਂਦੇ ਪਿੰਡਾਂ ਦੀਆਂ ਜੀ.ਪੀ.ਡਬਲਯੂ.ਐਸ.ਸੀ. ਅਤੇ ਜੀ.ਪੀ. ਨੂੰ ਬਿਜਲੀ ਦੇ ਬਕਾਇਆ ਬਿਲ ਜਮ੍ਹਾਂ ਕਰਾਉਣ ਲਈ ਕਿਹਾ। ਉਨ੍ਹਾਂ ਨੇ ਜਲ ਸਪਲਾਈ ਵਿਭਾਗ ਨੂੰ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ (ਡੀ.ਪੀ.ਐਮ.ਸੀ) ਸਟਾਫ਼ ਵੱਲੋਂ ਬਲਾਕ ਪੱਧਰ ਤੇ ਕਪੈਸਟੀ ਬਿਲਡਿੰਗ ਵਰਕਸ਼ਾਪ ਅਤੇ ਆਈ.ਈ.ਸੀ. ਗਤੀਵਿਧੀਆ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਮੇਟੀਆਂ ਦੇ ਚੇਅਰਮੈਨਾਂ ਨੂੰ ਇਹ ਵੀ ਭਰੋਸਾ ਦੁਆਇਆ ਕਿ ਉਹਬਿਜਲੀ ਵਿਭਾਗ ਵੱਲੋਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਜਲਦੀ ਹੀ ਉਪਰਾਲੇ ਕਰਨਗੇ। ਕਾਰਜਕਾਰੀ ਇੰਜੀਨੀਅਰ ਡੀ.ਪੀ.ਐਮ.ਸੀ. ਲੁਧਿਆਣਾ, ਆਈ.ਈ.ਸੀ. ਸਪੈਸ਼ਲਿਸਟ ਸ੍ਰੀ ਮੁਹੰਮਦ ਇਸ਼ਫਾਕ ਨੇ ਪਾਵਰ ਪੁਆਇੰਟ ਪਰੈਜ਼ਨਟੇਸ਼ਨ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਵਾਟਰ ਸਪਲਾਈ ਸਕੀਮਾਂ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਖਾਸ ਤੌਰ ਤੇ ਪਾਣੀ ਦੇ ਬਿੱਲਾਂ ਦੀ ਲਗਾਤਾਰ ਰਿਕਵਰੀ ਕਰਨ ਲਈ ਕਿਹਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਹਰ ਪਾਣੀ ਦੇ ਕੁਨੈਕਸ਼ਨ ਤੇ ਟੂਟੀ ਲਗਾਉਣ ਅਤੇ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਅਤੇ ਪਾਣੀ ਦਾ ਬਿਲ ਸਮੇਂ ਸਿਰ ਜਮ੍ਹਾਂ ਕਰਾਉਣ ਲਈ ਜਾਗਰੂਕ ਕੀਤਾ। ਜ਼ਿਲ੍ਹਾ ਪਟਿਆਲਾ ਪਿੰਡ ਬਰਸਟ ਤੋਂ ਆਏ ਜੀ.ਪੀ.ਡਬਲਯੂ.ਐਸ.ਸੀ. ਦੇ ਚੇਅਰਮੈਨ ਨੇ ਵੀ ਇਸ ਮੌਕੇ ਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਲੋਕਾਂ ਨੂੰ ਟੁਲੂ ਪੰਪ ਨਾ ਲਗਾਉਣ ਸਬੰਧੀ ਕਿਹਾ ।
ਮੀਟਿੰਗ ਦੌਰਾਨ ਡੀ ਪੀ ਐਮ ਸੀ ਦੇ ਐਸ ਡੀ ਓ ਨਵਨੀਤ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੱਕ ਨਰਿਆਲ ਦੇ ਚੇਅਰਮੈਨ ਨੇ 50 ਹਜ਼ਾਰ ਰੁਪਏ ਜਮ੍ਹਾਂ ਕਰਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਰੋਲ ਮਾਡਲ ਪਿੰਡ ਦਰਬੂਰਜੀ, ਪਿੰਡ ਫੰਗੂੜੇ, ਪਿੰਡ ਪੰਡੋਰੀ ਮਹਿਤਮਾ, ਪਿੰਡ ਖਾਨਪੁਰ ਥਿਆੜਾ, ਪਿੰਡ ਤਨੂਲੀ ਦੀਆਂ ਜੀ ਪੀ ਡਬਲਯੂ ਐਸ ਸੀ ਆਪਣੇ ਚੰਗੇ ਕੰਮਾਂ ਕਾਰਨ ਮੁੱਖ ਮੰਤਰੀ ਪੰਜਾਬ ਤੋਂ ਇਨਾਮ ਵੀ ਹਾਸਲ ਕਰ ਚੁੱਕੀਆਂ ਹਨ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਜਲ ਸਪਲਾਈ ਤੇ ਸਫ਼ਾਈ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਦੇ ਓ.ਐਸ.ਡੀ. ਰਵੀ ਆਹਲੂਵਾਲੀਆ ਸ਼ਾਮਲ ਹੋਏ। ਇਸ ਤੋਂ ਇਲਾਵਾ ਨਿਗਰਾਨ ਇੰਜੀਨੀਅਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਬੀ.ਐਸ.ਕੰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਕਾਰਜਕਾਰੀ ਇੰਜੀ: ਮੰਡਲ ਨੰਬਰ 1 ਅਤੇ ਵਾਧੂ ਚਾਰਜ ਡੀ.ਪੀ.ਐਮ.ਸੀ. ਏ ਐਸ ਸੈਣੀ, ਮੰਡਲ ਤਲਵਾੜਾ ਦੇ ਕਾਰਜਕਾਰੀ ਇੰਜੀ: ਡੀ ਐਸ ਬੈਂਸ, ਕਾਰਜਕਾਰੀ ਇੰਜੀ: ਮੰਡਲ 2, ਕਾਰਜਕਾਰੀ ਇੰਜੀ: ਮੰਡਲ ਗੜ੍ਹਸ਼ੰਕਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀ: ਡੀ ਪੀ ਐਮ ਸੀ ਦਾ ਸਮੂਹ ਸਟਾਫ਼ ਅਤੇ ਜੂਨੀਅਰ ਇੰਜੀ: ਤੋਂ ਇਲਾਵਾ ਜਿਲ੍ਹੇ ਦੀਆਂ 91 ਜੀ ਪੀ ਡਬਲਯੂ ਐਸ ਸੀ ਅਤੇ ਜੀ ਪੀ ਨੇ ਭਾਗ ਲਿਆ।
Punjab Post Daily Online Newspaper & Print Media