Tuesday, June 23, 2026

ਗਵਰਨਰ ਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਸੋਲੰਕੀ ਵੱਲੋਂ ਖੋਜਾਰਥੀਆਂ-ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ

ਡਾ. ਜੱਗੀ ਅਤੇ ਪ੍ਰੋ. ਬਲੂਮਿਸ਼ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ

PPN1103201508

PPN1103201507ਅੰਮ੍ਰਿਤਸਰ, 11 ਮਾਰਚ (ਰੋਮਿਤ ਸ਼ਰਮਾ) – ਸਾਡੀਆਂ ਯੂਨੀਵਰਸਿਟੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਪੜੇ ਲਿਖੇ ਨਿਪੁੰਨ ਕਾਮੇ ਪੈਦਾ ਕਰੇ ਜਿੰਨਾਂ ਦੀ ਸਿੱਖਿਆ ਮਿਆਰੀ ਖੋਜ ਅਤੇ ਤਜਰਬੇ ਦੇ ਅਧਾਰ ਤੇ ਅਧਿਆਪਕਾਂ ਵੱਲੋ ਹੋਵੇ ਤਾਂ ਜੋ ਉਹ ਰਾਸ਼ਟਰ ਨਿਰਮਾਣ ਵਿਚ ਆਪਣਾ ਵੱਡਮੁਲਾ ਯੋਗਦਾਨ ਪਾ ਸਕਣ।

ਇਹ ਵਿਚਾਰ ਅੱਜ ਇਥੇ ਪੰਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਯੂਨੀਵਰਸਿਟੀ ਦੀ 41ਵੀਂ ਸਾਲਾਨਾ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਦਿਆਂ ਪੇਸ਼ ਕੀਤੇ। ਪ੍ਰੋ. ਸੋਲੰਕੀ ਨੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿਖ ਦੀ ਕਾਮਨਾ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਜਿਹੜੇ ਕਿ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਨਾਉਣ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ।
ਇਸ ਤੋਂ ਪਹਿਲਾਂ ਮਾਨਯੋਗ ਗਵਰਨਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਲਾਈਫ ਫੈਲੋ, ਡਾ. ਰਤਨ ਸਿੰਘ ਜੱਗੀ ਨੂੰ ਡਾਕਟਰ ਆਫ ਲਿਟਰੇਚਰ (ਆਨਰਜ਼ ਕਾਜ਼ਾ) ਦੀ ਡਿਗਰੀ ਅਤੇ ਡਾ. ਬਰਨ੍ਹਾਡ ਬਲੂਮਿਸ਼, ਪ੍ਰੋਫੈਸਰ ਤੇ ਚੇਅਰ ਆਫ ਮੈਕਰੋਮੋਲੀਕੁਲਰ ਕੈਮਿਸਟਰੀ, ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਆਖਨ, ਜਰਮਨੀ ਨੂੰ ਡਾਕਟਰ ਆਫ ਸਾਇੰਸ (ਆਨਰਜ਼ ਕਾਜ਼ਾ) ਦੀ ਡਿਗਰੀ ਨਾਲ ਸਨਮਾਨਿਤ ਕੀਤਾ।
ਮਾਨਯੋਗ ਚਾਂਸਲਰ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਪੜਾਉਣ ਵੇਲੇ ਹਰ ਸੰਭਵ ਸਰੋਤਾਂ ਦਾ ਇਸਤੇਮਾਲ ਕਰਦੇ ਹੋਏ ਸਿੱਖਿਆ ਮੁਹੱਈਆ ਕਰਨ। ਉਨਾਂ ਕਿਹਾ ਕਿ ਸਾਨੂੰ ਯਕੀਨੀ ਬਨਾਉਣਾ ਪਵੇਗਾ ਕਿ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਅਤੇ ਸਿੱਖਿਆ ਮਿਲ ਰਹੀ ਹੈ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਵਾਲੀ ਸਿੱਖਿਆ, ਚਰਿੱਤਰ ਨਿਰਮਾਣ, ਮਿਲ ਜੁਲ ਕੇ ਰਹਿਣ ਅਤੇ ਵੱਡਿਆ ਦਾ ਆਦਰ ਸਤਿਕਾਰ ਕਰਨ ਜਿਹੇ ਗੁਣ ਭਰੇ ਜਾਣ। ਉਨਾਂ ਕਿਹਾ ਕਿ ਸਾਡੇ ਵਿਦਿਅਕ ਅਦਾਰਿਆਂ ਵੱਲੋ ਵਿਦਿਆਰਥੀਆਂ ਨੂੰ ਸਹਿਣ-ਸ਼ੀਲਤਾ, ਅਨੁਸ਼ਾਸ਼ਨ ਅਤੇ ਬਰਾਬਰਤਾ ਵਾਲੀ ਜੀਣ ਜਾਚ ਜਿਹੇ ਗੁਣਾ ਵਾਲੀ ਸਿਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਪ੍ਰੋ. ਸੋਲੰਕੀ ਨੇ ਕਿਹਾ ਕਿ ਗਿਆਨ ਅਥਾਹ ਹੈ ਜਿਹੜਾ ਕਿ ਮਨੁੱਖ ਦੇ ਹਰ ਪਹਿਲ ਨੂੰ ਰੁਸ਼ਨਾਉਂਦਾ ਹੈ। ਉਨਾਂ ਕਿਹਾ ਕਿ ਗਿਆਨ ਤੋ ਵੱਧ ਕੇ ਹੋਰ ਕੋਈ ਚੀਜ਼ ਨਹੀਂ ਹੈ। ਉਨਾਂ ਕਿਹਾ ਕਿ ਸਾਡੇ ਅਧਿਆਪਕਾਂ ਨੂੰ ਸਿਲੇਬਸ ਤੋ ਉਪਰ ਉਠ ਕੇ ਵਿਦਿਆਰਥੀਆਂ ਨੂੰ ਨੈਤਿਕਤਾ ਅਤੇ ਅਧਿਆਤਮਿਕਤਾ ਭਰਪੂਰ ਗਿਆਨ ਦੇਣ ਵਿਚ ਕੋਈ ਕਸਰ ਨਹੀੱ ਛੱਡਣੀ ਚਾਹੀਦੀ। ਉਨਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕਾਰਜ਼ਾਂ ਤੋ ਉਸ ਦੈਵੀ ਗੁਰੂ ਦਾ ਅਕਸ ਨਜ਼ਰ ਆਉਣਾ ਚਾਹੀਦਾ ਹੈ ਜਿਸ ਦੇ ਨਾਮ ਤੇ ਯੂਨੀਵਰਸਿਟੀ ਸਥਾਪਤ ਹੋਈ ਹੈ।
ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕਨਵੋਕੇਸ਼ਨ ਵਿੱਚ ਭਾਗ ਲੈਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ ਡਾ. ਜੱਗੀ ਅਤੇ ਪ੍ਰੋ. ਬਲੂਮਿਸ਼ ਨੂੰ ਆਨਰਜ਼ ਕਾਜ਼ਾ ਦੀਆਂ ਡਿਗਰੀਆਂ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਸੋਭਾ-ਪੱਤਰ ਪੜ੍ਹਦਿਆਂ ਉਨ੍ਹਾਂ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਸੇਧ ਲੈਣ ਲਈ ਪ੍ਰੇਰਿਆ। ਡਾ. ਜੱਗੀ ਅਤੇ ਪ੍ਰੋ. ਬਲੂਮਿਸ਼ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।

ਇਸ ਮੌਕੇ ‘ਤੇ ਪੰਜਾਬ ਦੇ ਰਾਜਪਾਲ ਨੇ ਲਗਪਗ 700 ਸਕਾਲਰਜ਼ ਅਤੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ., ਐਮ.ਟੈਕ., ਐਲ.ਐਲ.ਐਮ., ਐਮ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ., ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਏ. ਦੀਆਂ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।  ਆਪਣੇ ਕਨਵੋਕੇਸ਼ਨ ਭਾਸ਼ਣ ਵਿਚ ਡਾ. ਜੱਗੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ-ਚਾਂਸਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪ੍ਰਾਪਤ ਕੀਤੀਆਂ ਉਪਲਬਦੀਆਂ ਤੇ ਪ੍ਰੋ. ਬਰਾੜ ਦੀ ਭੂਮਿਕਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਦੈਵੀ ਸਿਖਿਆਵਾਂ ਮਨੁੱਖੀ ਜੀਵਨ ਦੇ ਵਿਗਾਸ ਅਤੇ ਵਿਕਾਸ ਲਈ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਅਨੁਸਾਰ ਧਰਮ ਇਕ ਹੀ ਹੈ ਜੋ ਮਨੁੱਖ ਨੂੰ ਸੱਚਾ ਅਤੇ ਸੁੱਚਾ ਬਣਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਰਤੀ ‘ਤੇ ਪ੍ਰਕਾਸ਼ ਚੰਗੇ ਅਤੇ ਆਦਰਸ਼ ਮਨੁੱਖ ਬਣਨ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਇਸਤਰੀ ਜਾਤੀ ਦੀ ਉਚਤਤਾ ਲਈ ਪ੍ਰਚਾਰ ਤੇ ਪਾਸਾਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਰਸ਼ ਵਿਚ ਇਸਤਰੀ ਦਾ ਬੜ੍ਹਾ ਮਾਣ ਹੁੰਦਾ ਸੀ ਪਰ ਮੱਧ ਯੁਗ ਵਿਚ ਆ ਕੇ ਇਹ ਘੱਟ ਗਿਆ। ਪਰ ਗੁਰੂ ਸਾਹਿਬ ਦੇ ਆਗਮਨ ਨਾਲ ਇਸਤਰੀ ਜਾਤੀ ਦਾ ਰੁਤਬਾ ਮੁੜ ਉਪਰ ਵੱਲ ਹੋਇਆ ਅਤੇ ਗੁਰੂ ਸਾਹਿਬ ਨੇ ਇਸਤਰੀ ਦੇ ਵਿਰੁੱਧ ਹੋ ਰਹੇ ਅਨ੍ਹਿਆ ਲਈ ਅਵਾਜ਼ ਉਠਾਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਚ ਵੱਧ ਰਹੇ ਨਸ਼ਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਇਸ ਦੀ ਰੋਕਥਾਮ ਲਈ ਵਿਸ਼ੇਸ਼ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਦੇਸ਼ ਦਾ ਭਵਿੱਖ ਹੋ ਅਤੇ ਜੇਕਰ ਭਵਿੱਖ ਹੀ ਨਸ਼ਿਆਂ ਵਿਚ ਗਲਤਾਨ ਰਿਹਾ ਤਾਂ ਦੇਸ਼ ਦਾ ਵਿਕਾਸ ਸੰਭਵ ਨਹੀਂ।
ਪ੍ਰੋਫੈਸਰ ਬਲੂਮਿਸ਼ ਨੇ ਕਿਹਾ ਕਿ ਸਿੱਖਿਆ ਇੱਕ ਅਜਿਹੀ ਕੁੰਜੀ ਹੈ ਜਿਸ ਦਾ ਸਿਆਣਪ ਨਾਲ ਇਸਤੇਮਾਲ ਕਰਦੇ ਹੋਏ ਕੋਈ ਵੀ ਵਿਆਕਤੀ ਖੁਸ਼ਗੁਵਾਰ ਜਿੰਦਗੀ ਜੀ ਸਕਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀਆਂ ਵਿਚ ਅਸੀ ਸਿਰਫ ਗਿਆਨ ਲੈਦੇ ਤੇ ਦੇਂਦੇ ਹੀ ਨਹੀਂ ਹਾਂ ਬਲਕਿ ਨਵਾਂ ਗਿਆਨ ਪੈਦਾ ਕਰਨ ਲਈ ਵਿਸਲੇਸ਼ਨਾਤਮਕ ਸੋਚ ਪੈਦਾ ਕਰਦੇ ਹਾਂ ਅਤੇ ਇਹ ਉਹ ਗਿਆਨ ਹੁੰਦਾ ਹੈ ਜਿਹੜਾ ਕਿ ਵੱਖ ਵੱਖ ਸਰੋਤਾਂ ਤੋ ਹਾਸਲ ਕੀਤਾ ਹੁੰਦਾ ਹੈ।
ਉਨਾਂ ਕਿਹਾ ਕਿ ਪ੍ਰਬੰਧਨ, ਪ੍ਰੋਫੈਸਰ ਅਤੇ ਵਿਦਿਆਰਥੀ ਤਿੰਨੋਂ ਰਲ ਮਿਲ ਕੇ ਕਾਰਜ ਕਰਨ ਤਾਂ ਇੱਕ ਸਿੱਖਿਆ ਵਾਸਤੇ ਉਸਾਰੂ ਮਾਹੌਲ ਦੀ ਸਿਰਜਣਾ ਹੋ ਸਕਦੀ ਹੈ। ਉਨਾਂ ਇਸ ਮੌਕੇ ਜਰਮਨ ਅਤੇ ਅਮਰੀਕਾ ਦੀ ਸਿੱਖਿਆ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਆਪਣੇ ਸਵਾਗਤੀ ਭਾਸ਼ਣ ਵਿਚ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਸ ਸਿੰਘ ਬਰਾੜ ਨੇ ਯੂਨੀਵਰਸਿਟੀ ਦੀਆਂ ਉਪਲੱਬਦੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਸਿਖਿਆ, ਖੋਜ, ਖੇਡਾਂ ਅਤੇ ਸਭਿਆਚਾਰਕ ਗਤਿਵਿਧੀਆਂ ਦੇ ਖੇਤਰ ਵਿਚ ਪੂਰੀ ਲਗਨ ਅਤੇ ਮਿਹਨਤ ਨਾਲ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਭਾਰਤ ਦੀ ਉੱਚ ਵਿਦਿਅਕ ਅਦਾਰਿਆਂ ਦਾ ਮੁਲਾਂਕਣ ਕਰਨ ਵਾਲੀ ਸੰਸਥਾ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ (ਨੈਕ), ਬੰਗਲੌਰ ਵੱਲੋਂ ਤੀਜੀ ਵਾਰ ਸਰਵ-ਉੱਚ ਗਰੇਡ (4 ਵਿਚੋਂ 3.51) ਨਾਲ ਵੀ ਨਿਵਾਜਿਆ ਹੈ। ਸੰਸਥਾ ਵੱਲੋਂ ਪਹਿਲਾ ਦੋ ਵਾਰ ਮੁਲਾਂਕਣ ‘ਤੇ ਯੂਨੀਵਰਸਿਟੀ ਨੂੰ ਆਹਲਾ ਦਰਜੇ ਦੀਆਂ ਖੋਜ ਸਹੂਲਤਾਂ, ਵਧੀਆ ਬੁਨਿਆਦੀ ਢਾਂਚਾ, ਮਿਆਰੀ ਸਿਖਿਆ ਅਤੇ ਸਿਖਿਆ ਅਨੁਕੂਲ ਸ਼ੁੱਧ ਵਾਤਾਵਰਣ ਹੋਣ ਸਦਕਾ ਸਰਵ-ਉੱਚ ਗਰੇਡ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਯੂ.ਜੀ.ਸੀ. ਵੱਲੋਂ ਯੂ.ਪੀ.ਈ. ਸਕੀਮ ਅਧੀਨ ਯੂਨੀਵਰਸਿਟੀ ਨੂੰ ਅਧਿਆਪਨ, ਖੋਜ, ਖੇਡਾਂ ਅਤੇ ਸਭਿਆਚਾਰਕ ਪ੍ਰਾਪਤੀਆਂ ਸਦਕਾ ਟੌਪ 15 ਯੂਨੀਵਰਸਿਟੀਆਂ 11ਵਾਂ ਸਥਾਨ ਹਾਂਸਲ ਹੋਇਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਮੌਕੇ ਤੇ ਮੰਚ ਦਾ ਸੰਚਾਲਣ ਕੀਤਾ ਜਦੋਂਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply