
ਜੰਡਿਆਲਾ ਗੁਰੁ, 16 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਸਲ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਸਫਲਤਾ ਤੋਂ ਬਾਅਦ ਪ੍ਰਧਾਨਗੀ ਦੀ ਚੱਲ ਰਹੀ ਦੋੜ ਵਿਚ ਅੱਜ ਸ੍ਰੀਮਤੀ ਮਮਤਾ ਪਤਨੀ ਅਮਰਜੀਤ ਕਿਆਸ ਅਰਾਈਆਂ ਨੂੰ ਦੂਰ ਕਰਕੇ ਸਭ ਤੋਂ ਅੱਗੇ ਨਿਕਲ ਗਈ ਅਤੇ ਉਹਨਾ ਨੂੰ ਨਗਰ ਕੋਂਸਲ ਵਿਚ ਨਵੇ ਚੁਣੇ ਕੋਂਸਲਰਾਂ ਦੀ ਮੀਟਿੰਗ ਵਿੱਚ ਅੱਜ ਸਰਬਸੰਮਤੀ ਪ੍ਰਧਾਨ ਚੁਣ ਲਿਆ ਗਿਆ। ਸ੍ਰੀਮਤੀ ਮਮਤਾ ਵਾਰਡ ਨੰਬਰ 13 ਤੋਂ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸਨ।ਜੰਡਿਆਲਾ ਗੁਰੂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਦਲਿਤ ਮਹਿਲਾ ਕੋਂਸਲਰ ਪ੍ਰਧਾਨ ਦੀ ਕੁਰਸੀ ਤੇ ਬੈਠੀ ਹੋਵੇ।ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਇਸ ਸਮਾਜ ਵਿਚ ਹੋਰ ਵੀ ਖੁਸ਼ੀ ਦੀ ਲਹਿਰ ਦੋੜ ਆਈ ਅਤੇ ਸਾਰੇ ਸ਼ਹਿਰ ਵਿਚ ਢੋਲ ਧਮਾਕੇ ਅਤੇ ਆਤਿਸ਼ਬਾਜ਼ੀ ਨਾਲ ਨਵੀ ਚੁਣੀ ਗਈ ਪ੍ਰਧਾਨ ਦਾ ਸਵਾਗਤ ਕੀਤਾ ਗਿਆ।
ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ: ਬਲਬੀਰ ਸਿੰਘ, ਤਹਿਸੀਲਦਾਰ ਗੁਰਮਿੰਦਰ ਸਿੰਘ ਅਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਮੋਜੂਦਗੀ ਵਿਚ ਹੋਈ ਮੀਟਿੰਗ ਵਿਚ ਮੀਤ ਪ੍ਰਧਾਨਗੀ ਲਈ ਭਾਜਪਾ ਉਮੀਦਵਾਰ ਲਵਜੀਤ ਕੋਰ ਵਾਰਡ ਨੰਬਰ 10 ਵਲੋਂ ਸੰਨੀ ਸ਼ਰਮਾ ਮੈਂਬਰ ਸ਼੍ਰੋਮਣੀ ਅਕਾਲੀ ਦੇ ਨਾਮ ਦਾ ਐਲਾਨ ਕੀਤਾ ਗਿਆ ਜਿਸਦਾ ਭਾਜਪਾ ਕੋਂਲਸਰ ਹਰਚਰਨ ਸਿੰਘ ਬਰਾੜ ਵਲੋਂ ਵਿਰੋਧ ਕੀਤਾ ਗਿਆ।ਪਰ ਹਲਕਾ ਵਿਧਾਇਕ ਦੀ ਵੋਟ ਸਮੇਤ ਸੰਨੀ ਸ਼ਰਮਾ ਨੇ 10 ਅਤੇ ਨੀਸ਼ਾ ਮਲਹੋਤਰਾ ਨੇ 6 ਵੋਟਾਂ ਹਾਸਿਲ ਕੀਤੀਆ।ਸੰਨੀ ਸ਼ਰਮਾ ਵਾਰਡ ਨੰਬਰ 9 ਤੋਂ ਵਿਕਾਸਪਾਲ ਪ੍ਰਿੰਸ ਕਾਗਰਸੀ ਉਮੀਦਵਾਰ ਨੂੰ ਹਰਾਕੇ ਜੇਤੂ ਰਹੇ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਨੀ ਸ਼ਰਮਾ ਨਗਰ ਕੋਂਸਲ ਵਿੱਚ ਸਭ ਤੋਂ ਛੱਟੀ ਉਮਰ ਦੇ ਨੋਜਵਾਨ ਕੋਂਸਲਰ ਹਨ ਜਿਸ ਕਰਕੇ ਨੋਜਵਾਨਾਂ ਵਿੱਚ ਵੀ ਕਾਫੀ ਉਤਸ਼ਾਹ ਅਤੇ ਖੁਸ਼ੀ ਦੇਖੀ ਜਾ ਰਹੀ ਸੀ।ਹੁਣ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਪ੍ਰਧਾਨ ਸ੍ਰੀਮਤੀ ਮਮਤਾ ਅਤੇ ਮੀਤ ਪ੍ਰਧਾਨ ਸੰਨੀ ਸ਼ਰਮਾ ਦੋਵੇਂ ਹੀ ਨਵੇਂ ਨੋਜਵਾਨ ਚਿਹਰੇ ਸ਼੍ਰੋਮਣੀ ਅਕਾਲੀ ਦਲ ਵਲੋਂ ਜੰਡਿਆਲਾ ਵਾਸੀਆਂ ਨੂੰ ਦਿੱਤੇ ਗਏ ਹਨ।
Punjab Post Daily Online Newspaper & Print Media