ਸ੍ਰੀ ਨਰਿੰਦਰ ਮੋਦੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ- ਕੌਂਸਲਰ ਟੀਟੂ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਦੀ ਇਕੱਤਰਤਾ ਅੱਜ ਟਰੱਸਟ ਦੇ ਦਫ਼ਤਰ ਮੰਡੀ ਫਤਿਹ ਸਿੰਘ ਵਿਚ ਹੋਈ।ਜਿਸ ਵਿੱਚ ਸਮੂਹ ਮੈਂਬਰਾਂ ਵਲੋਂ ਇਕ ਸੁਰ ਹੋ ਕੇ ਨਗਰ ਨਿਗਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਨੂੰ ਅਣਗੌਲਿਆ ਕਰਨ ਤੇ ਪੱਖਪਾਤੀ ਰਵੱਈਏ ਦਾ ਦੋਸ਼ ਲਗਾਉਂਦਿਆਂ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਮਨਮੋਹਨ ਸਿੰਘ ਟੀਟੂ ਕੌਂਸਲਰ ਵਲੋਂ ਕਿਹਾ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਵਲੋਂ ਹਾਉਸ ਦੀ ਮੀਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਇਲਾਕੇ ਦੇ ਵਿਕਾਸ ਸਬੰਧੀ ਮਤੇ ਪਾਸ ਕੀਤੇ ਗਏ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਨਿਗਮ ਵਲੋਂ ਇਨ੍ਹਾਂ ਕੰਮਾਂ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਹਾਉਸ ਵਿਚ ਪਾਸ ਹੋਏ ਵਿਕਾਸ ਕੰਮਾਂ ਵਿਚ ਮੁੱਖ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਵਿਚ ਨਾਲੀਆਂ ਬੰਦ ਕਰਕੇ ਨਵੀਆਂ ਸੜਕਾਂ ਬਣਾਉਣ, ਇਨ੍ਹਾਂ ਰਸਤਿਆਂ ਤੇ ਹੋਏ ਨਜਾਇਜ ਕਬਜ਼ਿਆਂ ਨੂੰ ਖਤਮ ਕਰਨ, ਗੁਰਦੁਆਰਾ ਸ਼ਹੀਦਗੰਜ ਸਾਹਮਣੇ ਜਮੀਨ ਦੋਸ਼ ਬਰਿਜ ਤਿਆਰ ਕਰਨ, ਗੁਰੂ ਰਾਮਦਾਸ ਸਰਾਂ ਤੋਂ ਚੌਕ ਭੌੜੀ ਵਾਲਾ ਤੱਕ ਵੱਡਾ ਸੀਜਰੇਜ ਬਣਾਉਣ, ਇਲਾਕੇ ਵਿਚ ਨਵੀਆਂ ਐਲ.ਈ.ਡੀ. ਸਟ੍ਰੀਟ ਲਾਈਟਾਂ ਲਗਵਾਉਣ ਆਦਿ ਕੰਮਾਂ ਬਾਰੇ ਮਤਾ ਪਾਸ ਕੀਤਾ ਗਿਆ ਸੀ। ਜਿਸ ਬਾਰੇ ਹੋਲੀ ਸਿਟੀ ਟਰੱਸਟ ਵਲੋਂ ਵੀ ਕਈ ਵਾਰ ਮੇਅਰ ਸਮੇਤ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਗਏ ਪਰ ਮੇਅਰ ਅਤੇ ਪ੍ਰਸ਼ਾਸਨ ਵਲੋਂ ਹਮੇਸ਼ਾਂ ਇਸ ਨੂੰ ਅਣਗੋਲਿਆਂ ਕੀਤਾ ਜਾਂਦਾ ਰਿਹਾ।ਜਦੋਂ ਕਿ ਸਚਾਈ ਇਹ ਹੈ ਕਿ ਕੇਂਦਰ ਜਾਂ ਰਾਜ ਸਰਕਾਰ ਵਲੋਂ ਹਮੇਸ਼ਾਂ ਅੰਮ੍ਰਿਤਸਰ ਨੂੰ ਸ੍ਰੀ ਹਰਿਮੰਦਰ ਸਾਹਿਬ ਕਰਕੇ ਹੀ ਗ੍ਰਾਂਟਾਂ ਦੇ ਪੈਕਜ ਦਿੱਤੇ ਜਾਂਦੇ ਹਨ ਪਰ ਕਾਰਪੋਰੇਸ਼ਨ ਅਤੇ ਕੁਝ ਫਿਰਕਾਪ੍ਰਸਤ ਸਿਆਸੀ ਨੇਤਾਵਾਂ ਵਲੋਂ ਪੱਖਪਾਤੀ ਰਵੱਈਏ ਨਾਲ ਇਨ੍ਹਾਂ ਵਿਕਾਸ ਕੰਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਟਰੱਸਟ ਦੇ ਜਨਰਲ ਸਕੱਤਰ ਜਥੇ:ਪੂਰਨ ਸਿੰਘ ਮੱਤੇਵਾਲ ਨੇ ਕਿਹਾ ਕਿ ਸ:ਬਿਕਰਮ ਸਿੰਘ ਮਜੀਠੀਆ ਤੇ ਭਾਜਪਾ ਪ੍ਰਧਾਨ ਕਮਲ ਸ਼ਰਮਾਂ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਇਲਾਕੇ ਦੀ ਸਫਾਈ ਲਈ ਸ਼ੁਰੂ ਹੋਈ ਰਾਤਰੀ ਸੇਵਾ ਵੀ ਕਾਰਪੋਰੇਸ਼ਨ ਵਲੋਂ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਇਸ ਪਾਵਨ ਅਸਥਾਨ ਨੂੰ ਜਾਂਦੇ ਰਸਤਿਆਂ ਤੇ ਗੰਦਗੀ ਦੀ ਭਰਮਾਰ ਇਸੇ ਕੜੀ ਦਾ ਸਿੱਟਾ ਹੇ। ਉੱਨਾ ਕਿਹਾ ਕਿ ਨਗਰ ਨਿਗਮ ਦੇ ਇਸ ਰਵਈਏ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਹੋਰਨਾਂ ਧਾਰਮਿਕ ਤੇ ਸਮਾਜ ਸੇਵੀ ਆਗੂਆਂ ਦਾ ਇਕ ਵਫ਼ਦ ਵਲੋਂ ਜਦਲ ਹੀ ਅੰਮ੍ਰਿਤਸਰ ਫੇਰੀ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਇਸ ਬਾਰੇ ਮੁੱਖ ਮੰਤਰੀ ਪੰਜਾਬ ਸ:ਪ੍ਰਕਾਸ਼ ਸਿੰਘ ਬਾਦਲ ਤੇ ਸ:ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾਇਆ ਜਾਵੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ਾਮ ਲਾਲ ਸਕੱਤਰ ਬੁਲਾਰੀਆ, ਹਰਿੰਦਰ ਸਿੰਘ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਕੁਲਦੀਪ ਸਿੰਘ ਪੰਡੋਰੀ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਸਵਿੰਦਰ ਸਿੰਘ ਵਸੀਕਾ, ਰਾਜਦੀਪ ਸਿੰਘ, ਗਿਆਨੀ ਦਵਿੰਦਰ ਸਿੰਘ, ਗੁਰਸ਼ਰਨ ਸਿੰਘ ਨਾਮਧਾਰੀ, ਤਿਲਕ ਰਾਜ, ਉਪਜਿੰਦਰ ਸਿੰਘ ਰਾਜਾ ਸਾਂਸੀ ਆਦਿ ਮੈਂਬਰ ਮੌਜੂਦ ਸਨ।
Punjab Post Daily Online Newspaper & Print Media