
ਰਈਆ, 31 ਮਾਰਚ (ਬਲਵਿੰਦਰ ਸੰਧੂ) – ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋ 23 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਨਵੀਨ ਜੈਹਿੰਦ, ਡਾਕਟਰ ਦਲਜੀਤ ਸਿੰਘ, ਅਸੋਕ ਤਲਵਾਰ ਅਤੇ ਹਿਮਾਂਸ਼ੂ ਪਾਠਕ ਦੀ ਅਗਾਵਾਈ ਹੇਠ ਚਲਾਈ ਗਈ ਨਸ਼ਾ ਮੁਕਤ ਪੰਜਾਬ ਦੀ ਮਹਿੰਮ ਨੂੰ ਅੱਗੇ ਵਧਾਉਦੇ ਹੋਏ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਂਗ, ਸਾਬਕਾ ਸਰਪੰਚ ਸੁਖਦੇਵ ਸਿੰਘ ਵਡਾਲਾ ਅਤੇ ਨਿਸ਼ਾਨ ਸਿੰਘ ਬੋਦੇਵਾਲ ਵੱਲੋ. ਕਸਬਾ ਫੱਤੂਵਾਲ ਵਿਖੇ ਖੁੱਲੇ ਨਸ਼ਾ ਛੁਡਾਊ ਕੇਂਦਰ ਨਿਊ ਹੋਪ ਟਰੀਟਮੈਟ ਸਂੈਟਰ ਵਿੱਚ ਜਾ ਕੇ ਡਾਕਟਰ ਦਵਿੰਦਰ ਸਿੰਘ ਕਾਹਲੋਂ ਅਤੇ ਨਸ਼ਿਆਂ ਦੀ ਜਿੱਲਣ ਤੋ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਇਹਨਾਂ ਕੌੜੇ ਹਾਲਾਤਾ ਬਾਰੇ ਜਾਣਕਾਰੀ ਲਈ।ਜਿਥੇ ਵੇਖਣ ਨੂੰ ਮਿਲਿਆ ਕਿ ਇਹ ਨੋਜਵਾਨ ਤਾਂ ਨਸ਼ਿਆਂ ਦੇ ਚੁੰਗਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਨ, ਪਰ ਜਦੋ ਇਹ ਨਸ਼ਾ ਛੁਡਾਊ ਕੇਦਰ ਤੋ ਬਾਹਰ ਆਉਦੇ ਹਨ ਤਾਂ ਪਹਿਲਾ ਤੋ ਜੁੜੇ ਹੋਏ ਨਸ਼ੇ ਦੇ ਵਿਉਪਾਰੀ ਇਹਨਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਲਈ ਫਿਰ ਤੋ ਆਪਣੇ ਹੀਲੇ ਵਸੀਲੇ ਵਰਤਦੇ ਹਨ।ਇਹਨਾਂ ਨੌਜਵਾਨਾਂ ਨੇ ਸਰਕਾਰ ਪਾਸ ਗੁਹਾਰ ਲਗਾਈ ਕਿ ਨਸ਼ਾ ਕਰਨ ਵਾਲਿਆਂ ਨੂੰ ਨਹੀ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਇਹ ਸਾਰੇ ਨੌਜਵਾਨ ਬਿਨਾਂ ਕਿਸੇ ਮੁਸ਼ਕਲ ਤੋਂ ਇਸ ਨਸ਼ੇ ਦੇ ਜੰਜਾਲ ਵਿੱਚੋ ਬਾਹਰ ਨਿਕਲਣ ਵਿੱਚ ਸਫਲ ਹੋਣ।ਨੌਜਵਾਨਾਂ ਨੇ ਦੱਸਿਆ ਕਿ ਸਾਡੇ ਇਸ ਨਸ਼ੇ ਦੇ ਕਾਰਨ ਉਨਾਂ ਦੇ ਪੂਰੇ ਪ੍ਰੀਵਾਰਾਂ ਨੂੰ ਇਸ ਦੀ ਸਜਾ ਭੁਗਤਣੀ ਪੈ ਰਹੀ ਹੈ ।ਕਈ ਨੌਜਵਾਨਾਂ ਨੇ ਤਾਂ ਦੱਸਿਆ ਕਿ ਝੂਠੇ ਅਤੇ ਬੇਬੁਨਿਆਦ ਕੇਸ ਪਾ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪ੍ਰੀਵਾਰਾਂ ਨੂੰ ਮਾਨਸਿਕ ਪੇ੍ਰਸ਼ਾਨੀ ਵਿੱਚ ਪਾਇਆ ਗਿਆ ਹੈ ।ਕਿਉਕਿ ਉਹ ਤਾਂ ਨਸ਼ਾ ਛੱਡ ਚੁੱਕੇ ਸਨ ਪਰ ਪਹਿਲੇ ਰਿਕਾਰਡ ਦੀ ਵਜ੍ਹਾ ਕਰਕੇ ਉਹਨਾਂ ਨੂੰ ਨਜਾਇਜ ਕੇਸਾਂ ਵਿੱਚ ਫਸਾ ਕੇ ਉਹਨਾਂ ਨਾਲ ਧੱਕੇਸਾਹੀ ਕੀਤੀ ਗਈ ਹੈ ਅਤੇ ਜਿਸ ਦਾ ਖਾਮਿਆਜਾ ਉਹਨਾਂ ਦੇ ਪ੍ਰੀਵਾਰਾਂ ਨੂੰ ਅਦਾਲਤਾਂ ਕਚਿਹਰੀਆਂ ਦੇ ਧੱਕੇ ਖਾ ਕੇ ਚੁਕਾਉਣਾ ਪੈ ਰਿਹਾ ਹੈ। ਨੌਜਵਾਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਉੱਪਰ ਕੀਤੇ ਗਏ ਕੇਸ ਤਰਸ ਦੇ ਅਧਾਰ ਤੇ ਤੁਰੰਤ ਖਾਰਜ ਕੀਤੇ ਜਾਣ ਤਾਂ ਜੋ ਇਹ ਨੌਜਵਾਨ ਆਪਣੇ ਪ੍ਰੀਵਾਰਾਂ ਦਾ ਸਹੀ ਤਰ੍ਹਾਂ ਗੁਜਾਰਾ ਚਲਾ ਸਕਣ। ਉਹਨਾਂ ਕਿਹਾ ਕਿ ਇਸ ਲਈ ਆਸ ਕਰਦੇ ਹਨ ਕਿ ਸਰਕਾਰ ਉਨਾਂ ਪ੍ਰਤੀ ਰਹਿਮ ਦੀ ਨਜਰ ਨਾਲ ਵੇਖਦੇ ਹੋਏ ਸਾਡੀ ਅਪੀਲ ਜਰੂਰ ਪ੍ਰਵਾਨ ਕਰੇ।
ਇਸ ਮੌਕੇ ਡਾਕਟਰ ਕਾਹਲੋਂ ਨੇ ਆਮ ਆਦਮੀ ਪਾਰਟੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨਾਲ ਡਾਕਟਰ ਹਰਚਰਨ ਚਲਾਣਾ, ਮਿਸ ਲਤਿਕਾ ਯਾਦਵ ਮਾਸਟਰ ਆਫ ਸੋਸ਼ਲ ਵਰਕਰ ਵੈਲਫੇਅਰ, ਡਾਕਟਰ ਗੁਰਿੰਦਰ ਸਿੰਘ ਪੱਡਾ, ਡਾਕਟਰ ਰਜਨੀਸ਼ ਬਾਵਾ ਟੀਮ ਕੰਮ ਕਰ ਰਹੀ ਹੈ ਅਤੇ ਵਧੀਆ ਤਰੀਕੇ ਨਾਲ ਨਸ਼ਾ ਛਡਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ । ਉਹਨਾਂ ਦੱਸਿਆ ਕਿ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਸਮਾਜ ਵੱਲੋ ਦੁਤਕਾਰਨ ਦੀ ਬਜਾਏ ਉਹਨਾਂ ਨਾਲ ਪਿਆਰ ਨਾਲ ਪੇਸ ਆ ਕੇ ਉਹਨਾਂ ਦੇ ਨਸ਼ੇ ਦੇ ਕਾਰਨ ਨੂੰ ਲੱਭ ਕੇ ਉਹਨਾਂ ਨੂੰ ਇਸ ਭਿਆਨਕ ਲੱਤ ਤੋ ਹਟਾਉਣ ਲਈ ਸੰਭਵ ਯਤਨ ਕਰਨੇ ਚਾਹੀਦੇ ਹਨ। ਕੰਗ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇ ਵਿੱਚ ਨਸ਼ਾ ਮੁੱਕਤ ਪੰਜਾਬ ਬਣਾਉਣ ਲਈ ਪਿੰਡ ਪੱਧਰ ਤੱਕ ਸੰਘਰਸ਼ ਵਿੱਢਿਆ ਜਾਵੇਗਾ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media