ਸਿਵਲ ਹਸਪਤਾਲ ਵਿੱਚ ਓ.ਪੀ.ਡੀ ਪਰਚੀ ਕੱਟਣ ਵਾਲੇ ਮੁਲਾਜ਼ਮਾਂ ਦੀ ਹੜਤਾਲ ਨੂੰ ਦਿੱਤਾ ਸਮਰਥਨ

ਹੁਸ਼ਿਆਰਪੁਰ, 6 ਅਪ੍ਰੈਲ (ਸਤਵਿੰਦਰ ਸਿੰਘ) – ਅੱਜ ਹੜਤਾਲ ਦੇ 25ਵੇਂ ਦਿਨ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵੋਲੋਂ ਦਫਤਰ ਸਿਵਲ ਸਰਜਨ ਦੇ ਬਾਹਰ ਭੇਲ ਪੂਰੀ ਵੇਚ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟਾਇਆ ਗਿਆ। ਰਾਸ਼ਟਰੀ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕੀਤੀ ਜਾ ਰਹੀ ਹੜਤਾਲ ਦੌਰਾਨ ਅੱਜ ਸਮੂਹ ਮੁਲਾਜ਼ਮਾਂ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਧਰਨਾ ਦੇਣ ਉਪਰੰਤ ਸਿਵਲ ਹਸਪਤਾਲ ਵਿੱਚ ਰੋਸ ਮਾਰਚ ਕੀਤਾ ਗਿਆ।ਇਸ ਦੌਰਾਨ ਜੰਮ ਕੇ ਸਰਕਾਰ ਵਿਰੁੱਧ ਨਾਅਰੇ ਲਗਾਏ ਗਏ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਕੌਮੀ ਸਿਹਤ ਮਿਸ਼ਨ ਤਹਿਤ ਮੈਡੀਕਲ, ਪੈਰਾ ਮੈਡਕੀਲ ਸਟਾਫ ਅਤੇ ਪ੍ਰਬੰਧਕੀ ਸਟਾਫ ਦੇ ਕਰਮਚਾਰੀਆਂ ਵੱਲੋਂ ਓ.ਪੀ.ਡੀ. ਸੇਵਾਵਾਂ, ਗਰਭਵਤੀ ਮਾਵਾਂ ਦੀ ਰਜਿਸਟਰੇਸ਼ਨ, ਐਂਟੀ ਨੇਟਲ ਅਤੇ ਪੋਸਟ ਨੇਟਲ ਸੇਵਾਵਾਂ, ਜਣੇਪਾ ਸੇਵਾਵਾਂ, ਟੀਕਾਕਰਣ, ਜਨਨੀ ਸੁਰੱਖਿਆ ਯੋਜਨਾ ਅਤੇ ਪਰਿਵਾਰ ਨਿਯੋਜਨ ਯੋਜਨਾ ਅਧੀਨ ਦਿੱਤੇ ਜਾਂਦੇ ਭੁਗਤਾਨ, ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਅਧੀਨ ਰੈਫਰਲ ਟਰਾਂਸਪੋਰਟ ਅਤੇ ਮੁਫਤ ਆਹਾਰ ਦੀ ਸੁਵਿਧਾ, ਟੀ.ਬੀ. ਕੰਟਰੋਲ ਪ੍ਰੋਗਰਾਮ ਅਧੀਨ ਸੇਵਾਵਾਂ, ਆਈ.ਡੀ.ਐਸ.ਪੀ. ਅਧੀਨ ਸੇਵਾਵਾਂ, ਐਨ.ਪੀ.ਸੀ.ਡੀ.ਸੀ. ਪੀ. ਅਧੀਨ ਸੇਵਾਵਾਂ, ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਸਬੰਧੀ ਸੁਵਿਧਾਵਾਂ, ਮਹੀਨਾਵਾਰੀ ਮੋਨੀਟਰਿੰਗ ਰਿਪੋਰਟਾਂ ਅਤੇ ਕੌਮੀ ਸਿਹਤ ਮਿਸ਼ਨ ਅਧੀਨ ਉਪਲਬਧ ਕਰਵਾਈਆਂ ਜਾਂਦੀਆਂ ਹੋਰ ਸਿਹਤ ਸੁਵਿਧਾਵਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜਿਲ੍ਹੇ ਦੇ ਦੂਰ ਦਰਾਡੇ ਖੇਤਰਾਂ ਵਿੱਚ ਕੌਮੀ ਸਿਹਤ ਮਿਸ਼ਨ ਦੀ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਕੀਤੇ ਜਾਂਦੇ ਵਿਜ਼ਟ ਵੀ ਪੂਰੀ ਤਰ੍ਹਾਂ ਠੱਪ ਕੀਤੇ ਗਏ ਹਨ। ਜਿਸ ਕਾਰਣ ਦਿਹਾਤੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਜਿਵੇਂ ਕਿ ਲੋੜੀਂਦੇ ਟੈਸਟ, ਐਕਸਰੇ, ਈ.ਸੀ.ਜੀ. ਅਤੇ ਦਵਾਈਆਂ ਆਦਿ ਨਹੀਂ ਉਪਲਬਧ ਹੋ ਰਹੀਆਂ।
ਇਸ ਮੌਕੇ ਐਨ.ਐਚ.ਐਮ. ਯੂਨਿਅਨ ਦੇ ਜਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਦੇ ਓ.ਪੀ.ਡੀ. ਵਿਭਾਗ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਪਰਚੀਆਂ ਕੱਟਣ ਵਾਲੇ ਸਟਾਫ ਮੈਂਬਰਾਂ ਵੱਲੋਂ ਤਿੰਨ ਰੋਜ਼ਾ ਹੜਤਾਲ ਕੀਤੀ ਗਈ ਹੈ ਜਿਸ ਨੂੰ ਐਨ.ਐਚ.ਐਮ. ਮੁਲਾਜ਼ਮ ਯੂਨੀਅਨ ਹੁਸ਼ਿਆਰਪੁਰ ਵੱਲੋਂ ਭਰਵਾਂ ਸਮਰਥਨ ਦਿੱਤਾ ਜਾਵੇਗਾ।ਕਰਮਚਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਇੰਨਕਰੀਮੈਂਟ ਤੇ ਸਰਕਾਰ ਵੱਲੋਂ ਰੋਕ ਲਗਾਏ ਜਾਣ ਨਾਲ ਸਮੂਹ ਮੁਲਾਜ਼ਮ ਤੰਗਹਾਲੀ ਵਿੱਚ ਪਹੁੰਚ ਚੁੱਕੇ ਹਨ ਜਿਸ ਨੂੰ ਪੂਰਾ ਕਰਨ ਲਈ ਭੇਲ ਪੂਰੀ ਵੇਚਣ ਤੇ ਮਜ਼ਬੂਰ ਹੋ ਗਏ ਹਨ। ਮੁਲਾਜ਼ਮਾਂ ਦੀ ਇਸ ਤੰਗਹਾਲੀ ਅਤੇ ਤੰਗਦਸਤੀ ਦੀ ਜਿੰਮੇਵਾਰ ਪੰਜਾਬ ਸਰਕਾਰ ਦੀਆਂ ਨੀਤੀਆਂ ਹਨ।
ਜਦੋਂ ਤੱਕ ਸਰਕਾਰ ਵੱਲੋਂ ਜਲਦ ਹੀ ਮੀਟਿੰਗ ਰਾਂਹੀ ਮੁਲਾਜ਼ਮਾਂ ਦੀਆਂ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਸਬੰਧੀ ਕੋਈ ਸਾਰਥਕ ਸਿੱਟਾ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਕਰਮਚਾਰੀਆਂ ਵੱਲੋਂ ਬੂਟ ਪਾਲਿਸ਼, ਸਬਜ਼ੀ ਵੇਚਣ ਅਤੇ ਭੀਖ ਮੰਗ ਕੇ ਫੰਡ ਇੱਕਠਾ ਕਰਕੇ ਸਰਕਾਰ ਦੇ ਖਿਲਾਫ ਸੰਘਰਸ਼ ਨੂੰ ਹੋਰ ਕੜਾ ਕੀਤਾ ਜਾਵੇਗਾ।7 ਅਪ੍ਰੈਲ ਨੂੰ ਸੂਬੇ ਭਰ ਦੀਆਂ ਸਮੂਹ ਜੱਥੇਬੰਦੀਆਂ (ਮੈਡੀਕਲ ਅਤੇ ਪੈਰਾਮੈਡੀਕਲ) ਵੱਲੋਂ ਐਨ.ਐਚ.ਐਮ.ਮੁਲਾਜਮਾਂ ਦੇ ਸਮਰਥਨ ਵਿੱਚ 12 ਤੋਂ 3 ਵਜੇ ਤੱਕ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਬੰਦ ਰੱਖੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।ਹੜਤਾਲ ਦੌਰਾਨ ਐਨ.ਐਚ.ਐਮ. ਯੂਨਿਅਨ ਦੇ ਚੇਅਰਮੈਨ ਮੁਹੰਮਦ ਆਸਿਫ, ਡਾ. ਸ਼ੈਲੇਸ਼ ਕੁਮਾਰ, ਰੇਖਾ ਰਾਣੀ, ਗੁਰਵਿੰਦਰ ਕੌਰ, ਮੋਨੂੰ ਦੇਵੀ, ਗਿਰੀਸ਼ ਸ਼ਰਮਾ, ਸੁਮੀਤ ਸ਼ਰਮਾ, ਰਾਣੀ, ਸਪਨਾ, ਅਨੀਤਾ, ਪਰਮਪ੍ਰੀਤ ਕੌਰ, ਬਲਜਿੰਦਰ ਕੌਰ, ਤਰਨਜੀਤ ਕੁਮਾਰ, ਚਰਨਜੀਤ ਕੌਰ, ਮਨਪ੍ਰੀਤ ਕੌਰ, ਸੁਨੀਤਾ, ਰਾਜਵਿੰਦਰ ਕੌਰ, ਅਜੇ ਕੁਮਰਾ, ਹਰਮੇਸ਼ ਕੁਮਾਰ, ਦਲਜੀਤ ਸਿੰਘ, ਜਸਵਿੰਦਰ ਕੌਰ, ਸੁਰਜੀਤ ਕੌਰ, ਗੁਲਸ਼ਨ, ਸੁਰਿੰਦਰ ਕੁਮਾਰ ਅਤੇ ਅਲਕਾ ਦੇਵੀ ਤੋਂ ਇਲਾਵਾ ਵੱਖ-ਵੱਖ ਬਲਾਕਾਂ ਤੋਂ ਐਨ.ਐਚ.ਐਮ. ਯੂਨਿਅਨ ਦੇ ਮੈਂਬਰ ਸ਼ਾਮਿਲ ਸਨ।
Punjab Post Daily Online Newspaper & Print Media