ਕੌਮ ਨੂੰ ਇੱਕਜੁੱਟ ਇੱਕਮੁੱਠ ਹੋਣ ਸਿਰਸਾ ਨੇ ਦਿੱਤਾ ਸੱਦਾ

ਨਵੀਂ ਦਿੱਲੀ, 14 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਦਿੱਲੀ ਵਿਖੇ ਬਣੀ ਜਾਮਾ ਮਸਜਿਦ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਵਿੱਚ ਕੋਈ ਭੇਦ ਨਾ ਕਰਨ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇਜ਼ ਨੇ ਅੱਜ ਖਾਲਸਾ ਸਿਰਜਣਾ ਦਿਹਾੜੇ ਮੌਕੇ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਦੌਰਾਨ ਪਾਕਿਸਤਾਨ ਦੇ ਸਫੀਰ ਜਨਾਬ ਅਬਦੁਲ ਬਾਸ਼ਿਤ ਦੀ ਮੌਜੂਦਗੀ ਵਿੱਚ ਇਹ ਗੱਲ ਕਹੀ। ਜੀ.ਕੇ. ਨੇ ਖਾਲਸੇ ਦੇ ਇਤਿਹਾਸ ਦਾ ਸੰਖੇਪ ਵੇਰਵਾ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੌਮ ਨੂੰ ਦਿੱਤੇ ਗਏ ਵਿਲੱਖਣ ਸਰੂਪ ਅਤੇ ਕਿਰਦਾਰ ਨੂੰ ਸੰਭਾਲਨ ਦੀ ਵੀ ਗੱਲ ਕਹੀ।
ਬੀਤੇ ਦਿਨੀਂ ਇੰਗਲੈਂਡ ਵਿੱਚ ਹੋਏ ਦੰਗਿਆਂ ਦੌਰਾਨ ਮਸਜਿਦਾਂ ਦੀ ਰਾਖੀ ਲਈ ਸਿੱਖਾਂ ਵੱਲੋਂ ਮੌਢੇ ਨਾਲ ਮੌਢਾ ਢਾਹ ਕੇ ਮੁਸਲਿਮ ਵੀਰਾਂ ਨਾਲ ਅੱਗੇ ਆਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਸਿੱਖ ਕੌਮ ਦੀ ਅਰਦਾਸ ਦੀ ਤਾਕਤ ਅਤੇ ਭਾਵਨਾ ਦੇ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦਾ ਮਤਲਬ ਦੁਨੀਆਵੀ ਲੋਕਾਂ ਦੇ ਨਾਲ ਹੀ ਸਾਰੇ ਸ੍ਰਿਸਟੀ ਦੇ ਜੀਵ-ਜੰਤੂ ਦੇ ਕਲਿਆਣ ਲਈ ਅਕਾਲ ਪੁਰਖ ਅੱਗੇ ਬੇਨਤੀ ਕਰਨਾ ਹੈ। ਕਿਉਂਕਿ ਸ੍ਰਿਸਟੀ ਵਿੱਚ ਇਨਸਾਨੀਅਤ ਦੀ ਭਲਾਈ ਵਾਸਤੇ ਜੀਵ-ਜੰਤੂਆਂ ਦਾ ਵੀ ਠੀਕ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਸਵਾਈਨ ਫਲੂ, ਬਰਡ ਫਲੂ, ਇਬੋਲਾ ਸਣੇ ਚਮੜੀ ਦੇ ਕੈਂਸਰ ਦੀਆਂ ਨਵੀਆਂ-ਨਵੀਆਂ ਸਾਹਮਣੇ ਆ ਰਹੀਆਂ ਬਿਮਾਰੀਆਂ ‘ਤੇ ਠੱਲ ਪਾਉਣ ਵਾਸਤੇ ਗੁਰੂ ਦਾ ਹੁਕਮ ਅਤੇ ਸੰਗਤ ਦੀ ਭਾਵਨਾ ਵਿੱਚ ਤਾਲ-ਮੇਲ ਕਰਨ ਦੀ ਵੀ ਸਲਾਹ ਦਿੱਤੀ। ਪਾਕਿਸਤਾਨੀ ਸਫੀਰ ਦਾ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਖੁੱਲੇ ਦਿਲ ਨਾਲ ਵੀਜ਼ਾ ਦੇਣ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਵੀ ਮੰਗ ਕੀਤੀ। ਭਾਰਤ ਸਰਕਾਰ ‘ਤੇ ਇਸ ਮਸਲੇ ‘ਤੇ ਦਿੱਲੀ ਕਮੇਟੀ ਵੱਲੋਂ ਦਬਾਅ ਬਣਾਉਣ ਦਾ ਸੰਗਤਾਂ ਨੂੰ ਭਰੋਸਾ ਦਿੰਦੇ ਹੋਏ ਜੀ.ਕੇ. ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਸਿਆਸੀ ਵੰਡ ਵੀ ਕਰਾਰ ਦਿੱਤਾ।ਸਿਆਸੀ ਵੰਡ ਦੇ ਬਾਵਜ਼ੂਦ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਤੌਰ ‘ਤੇ ਕੋਈ ਵੰਡ ਨਾ ਹੋਣ ਦਾ ਵੀ ਜੀ.ਕੇ ਨੇ ਦਾਅਵਾ ਕੀਤਾ।
ਅਬਦੁਲ ਬਾਸਿਤ ਨੇ ਪੰਜਾਬੀ ਵਿੱਚ ਕੀਤੀ ਆਪਣੀ ਤਕਰੀਰ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਦਾ ਦਾਅਵਾ ਕਰਦੇ ਹੋਏ ਸਿੱਖਾਂ ਵੱਲੋਂ ਪੂਰੀ ਦੁਨੀਆਂ ਵਿੱਚ ਨਿਭਾਈ ਜਾ ਰਹੀ ਭੂਮਿਕਾ ਨੂੰ ਅਹਿਮ ਦੱਸਿਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਠੀਕ ਹੋਣ ਦੀ ਆਸ ਜਿਤਾਉਂਦੇ ਹੋਏ ਬਾਸਿਤ ਨੇ ਅਮਨ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਅੱਗੇ ਲਿਆਉਣ ਵਾਸਤੇ ਸਿੱਖ ਕੌਮ ਨੂੰ ਵੀ ਇਸ ਕੰਮ ਵਿੱਚ ਹਿੱਸਾ ਪਾਉਣ ਦਾ ਸੱਦਾ ਦਿੱਤਾ। ਪਾਕਿਸਤਾਨ ਦੇ ਗੁਰਧਾਮਾਂ ਅਤੇ ਉਥੇ ਰਹਿੰਦੇ ਸਿੱਖਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਆਪਣੀ ਪੂਰੀ ਜ਼ਿੰਮੇਦਾਰੀ ਨਿਭਾਉਣ ਦੀ ਵੀ ਬਾਸਿਤ ਨੇ ਵਚਨਬੱਧਤਾ ਦਿੱਤੀ। ਭਾਰਤ ਦੇ ਲੋਕਾਂ ਨੂੰ ਮਾਯੂਸ ਨਾ ਹੋਣ ਦੀ ਸਲਾਹ ਦਿੰਦੇ ਹੋਏ ਬਾਸਿਤ ਨੇ ਦੋਹਾਂ ਮੁਲਕਾਂ ਵਿੱਚ ਅਮਨ ਦੇ ਮੁਹੱਬਤ ਵੱਧਣ ਦੀ ਵੀ ਗੱਲ ਕਹੀ। ਖਾਲਸੇ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਾਸਿਤ ਨੇ ਸਿੱਖਾਂ ਨੂੰ ਆਪਣੇ ਧਰਮ ‘ਤੇ ਵਿਸ਼ਵਾਸ ਵਿੱਚ ਮਜ਼ਬੂਤੀ ਲਿਆਉਣ ਦਾ ਵੀ ਸੱਦਾ ਦਿੱਤਾ।ਅਬਦੁਲ ਬਾਸਿਤ ਵੱਲੋਂ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਮੌਜ਼ੂਦਗੀ ਵਿੱਚ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਦੀ ਸੀ.ਡੀ ‘ਮਿਹਰਬਾਨ ਮਉਲਾ ਤੂੰ ਹੀ ਏਕ’ ਵੀ ਜ਼ਾਰੀ ਕੀਤੀ ਗਈ। ਕਮੇਟੀ ਵੱਲੋਂ ਬਾਸਿਤ ਦੇ ਨਾਲ ਹੀ ਪਾਕਿਸਤਾਨੀ ਅਧਿਕਾਰੀ ਤਾਰਿਕ ਕਰੀਮ, ਮਨਸੂਲ ਅਲੀ ਮੈਨਿਨ ਅਤੇ ਮੁਹੰਮਦ ਇਤਰਾਮ ਨੂੰ ਵੀ ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰੂ ਸਾਹਿਬ ਵੱਲੋਂ ਅੰਮ੍ਰਿਤ ਦੀ ਦਾਤ ਦੇਕੇ ਦਬੇ ਕੁਚਲੇ ਲੋਕਾਂ ਨੂੰ ਬਰਾਬਰੀ ਦਾ ਮੌਕਾ ਦੇਣ ਨੂੰ ਸਮਾਜ ਲਈ ਇਨਕਲਾਬੀ ਕਦਮ ਦੱਸਿਆ। ਸਿਰਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜਾਤ ਧਰਮ ਦੇ ਵਿਤਕਰੇ ਕਰਕੇ ਮੰਦਰਾਂ ਵਿੱਚ ਜਾਣ ਦਾ ਹੁਕਮ ਨਹੀਂ ਸੀ, ਉਨ੍ਹਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਰਾਜ ਬਖਸ਼ ਦਿੱਤੇ। ਪਾਕਿਸਤਾਨੀ ਸਫੀਰ ਵੱਲੋਂ ਦਿੱਲੀ ਕਮੇਟੀ ਨਾਲ ਕੀਤੇ ਜਾ ਰਹੇ ਸਹਿਯੋਗ ਲਈ ਵੀ ਸਿਰਸਾ ਨੇ ਧੰਨਵਾਦ ਜਿਤਾਇਆ। ਸੰਗਤਾਂ ਨੂੰ ਬਾਣੀ ਅਤੇ ਬਾਣੇ ਵਿੱਚ ਰਹਿਣ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਬੜੀ ਭਾਵੁਕਤਾ ਨਾਲ ਬਾਣੇ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਦੇਖਕੇ ਦੁੱਖ ਮਹਿਸੂਸ ਕਰਨ ਦੀ ਵੀ ਗੱਲ ਕਹੀ। ਇੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਨ ਦਾ ਸੰਗਤਾਂ ਨੂੰ ਸੱਦਾ ਦਿੰਦੇ ਹੋਏ ਸਿਰਸਾ ਨੇ ਕੌਮ ਨੂੰ ਇੱਕਜੁੱਟ ਇੱਕਮੁੱਠ ਹੋਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਨੂੰ ਕਬੂਲ ਦੀ ਵੀ ਬੇਨਤੀ ਕੀਤੀ। ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਮੌਜ਼ੂਦਾ ਧਰਮ ਪਰਿਵਰਤਨ ਦੀਆਂ ਖਬਰਾਂ ‘ਤੇ ਟਿੱਪਣੀ ਕਰਦੇ ਹੋਏ ਲਾਲਚ ਹੇਠ ਕਿਸੇ ਧਰਮ ਨੂੰ ਅਪਨਾਉਣ ਨੂੰ ਗਲਤ ਦੱਸਿਆ। ਹਿਤ ਨੇ ਕਿਹਾ ਕਿ ਦੁਨੀਆਂ ਵਿੱਚ ਸਿਰਫ ਇੱਕ ਸਿੱਖ ਧਰਮ ਹੈ ਜਿਥੇ ਕੁਰਬਾਨੀ ਦੇਣ ਤੋਂ ਬਾਅਦ ਧਰਮ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਇਸ ਮੌਕੇ ਕਮੇਟੀ ਵੱਲੋਂ ਬਾਰ੍ਹਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਵਿੱਚ 75 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ, ਸਾਇਕਲਿੰਗ ਵਿੱਚ ਗੋਲਡ ਮੈਡਲ ਲਿਆਉਣ ਵਾਲੇ ਸ਼ਰਨਦੀਪ ਸਿੰਘ ਅਤੇ ਉਨ੍ਹਾਂ ਦੇ ਕੋਚ ਦਾ ਵੀ ਸਨਮਾਨ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ ਚੱਢਾ, ਜੂਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਤਨਵੰਤ ਸਿੰਘ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਹਰਮੀਤ ਸਿੰਘ ਕਾਲਕਾ, ਦਰਸ਼ਨ ਸਿੰਘ ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਕੈਪਟਨ ਇੰਦਰਪ੍ਰੀਤ ਸਿੰਘ, ਬੀਬੀ ਧੀਰਜ ਕੌਰ, ਇੰਦਰਜੀਤ ਸਿੰਘ ਮੌਂਟੀ, ਗੁਰਬਚਨ ਸਿੰਘ ਚੀਮਾ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਜੀਤ ਸਿੰਘ ਖੋਖਰ, ਅਮਰਜੀਤ ਸਿੰਘ ਪਿੰਕੀ ਅਤੇ ਅਕਾਲੀ ਆਗੂ ਮਨਦੀਪ ਕੌਰ ਬਖਸ਼ੀ, ਜਸਵਿੰਦਰ ਸਿੰਘ ਜੋਲੀ ਮੌਜ਼ੂਦ ਸਨ।
Punjab Post Daily Online Newspaper & Print Media