ਪੀ.ਐਸ.ਯੂ ਵੱਲੋਂ ਪੰਜਾਬ ਭਰ ‘ਚ ਜ਼ਬਰਦਸਤ ਰੋਸ ਮੁਜਾਹਰੇ 20 ਨੂੰ

ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ) – ਪੰਜਾਬ ਸਟੂਡੈਂਟ ਯੂਨੀਅਨ ਨੇ ਐਸ.ਸੀ.ਸਕੂਲੀ ਬੱਚਿਆਂ ਤੇ ਵਿਦਿਆਰਥੀਆਂ ਤੋਂ ਸਰਕਾਰੀ ਤੇ ਨਿੱਜੀ ਸਕੂਲਾਂ, ਕਾਲਜਾਂ ਵੱਲੋਂ ਲਈਆਂ ਜਾ ਰਹੀਆਂ ਜ਼ਬਰੀ ਫੀਸਾਂ ਤੇ ਫੰਡ ਲਏ ਜਾਣ ਵਿਰੁੱਧ ਮੋਰਚਾ ਖੋਲਣ ਤੇ ਸਘੰਰਸ਼ ਤਿੱਖਾ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਨਵਾਂ ਸ਼ਹਿਰ ‘ਚ ਸ਼ਾਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ‘ਤੇ ਤਸ਼ੱਦਦ ਤੇ ਲੜਕੀਆਂ ‘ਤੇ ਕੈਮੀਕਲ ਦਾ ਛਿੜਕਾਅ ਕਰਨ ਵਿਰੁੱਧ ਸੂਬਾ ਭਰ ਵਿੱਚ 20 ਅਪ੍ਰੈਲ ਨੂੰ ਜ਼ਿਲ੍ਹਾ ਹੈਡਕੁਆਟਰਾਂ ‘ਤੇ ਜ਼ਬਰਦਸਤ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।ਇਨ੍ਹਾਂ ਮਸਲਿਆਂ ਨੂੰ ਮੁੱਖ ਰੱਖਦੇ ਹੋਏ ਪੀ.ਐਸ.ਯੂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ, ਲਹਿਰਾ ਖਾਨਾ, ਲਹਿਰਾ ਬੇਗਾ ਸਮੇਤ ਟੀ.ਪੀ.ਡੀ ਮਾਲਵਾ ਕਾਲਜ ‘ਚ ਇਸ ਮੁਜ਼ਾਹਰੇ ਦੀ ਤਿਆਰੀ ਲਈ ਵਿਸ਼ਾਲ ਮੀਟਿੰਗਾਂ ਕਰਵਾਈਆਂ ਗਈਆਂ।
ਇਸ ਦੌਰਾਨ ਮੀਟਿੰਗ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਯੂ ਦੀ ਜੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦੱਸਿਆ ਕਿ ਨਵਾਂ ਸ਼ਹਿਰ ‘ਚ ਐਸ.ਸੀ. ਵਿਦਿਆਰਥੀਆਂ ਦੇ ਫੀਸਾਂ ਦੇ ਮਾਮਲੇ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਫਸਰਾਂ ਤੇ ਕਾਲਜ ਪ੍ਰਬੰਧਕਾਂ ‘ਤੇ ਐਸ.ਸੀ.ਟੀ ਐਕਟ ਤਹਿਤ ਪਰਚਾ ਦਰਜ ਕਰਨ, ਭਰਾਈਆਂ ਫੀਸਾਂ ਵਾਪਸ ਕਰਨ, ਫੱਟੜ ਵਿਦਿਆਰਥੀਆਂ ਨੂੰ ਇੱਕ-ਇੱਕ ਲੱਖ ਰੁਪੇੈ ਦਾ ਮੁਆਵਜ਼ਾ ਦੇਣ ਤੇ ਹਰ ਵਰਗ ਦੇ ਵਿਦਿਆਰਥੀਆਂ ਦੇ ਮਾਪਿਆਂ ਜਿਹਨਾ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਲਿਆਉਣ ਦੀ ਮੰਗ ਨੂੰ ਲੈ ਕੇ ਪੰਜਾਬ ‘ਚ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕੀਤੇ ਜਾਣਗੇ।ਵਿਦਿਆਰਥੀ ਆਗੂ ਕੇਸਵ ਅਜ਼ਾਦ ਨੇ ਨਵਾਂ ਸ਼ਹਿਰ ‘ਚ ਤਿੰਨ ਕਾਲਜਾਂ ‘ਤੇ ਵੀਹ ਕਰੋੜ ਰੁਪੈੇ ਘਪਲੇ ਦਾ ਦੋਸ਼ ਲਾਉਦਿਆਂ ਦੱਸਿਆ ਕਿ ਕਾਲਜ ਪ੍ਰਬੰਧਕਾਂ ਨੇ ਦਸ ਕਰੋੜ ਰੁਪੈ ਦਲਿਤ ਵਿਦਿਆਰਥੀਆਂ ਤੋਂ ਉਗਰਾਹੇ ਤੇ ਦਸ ਕਰੋੜ ਰੁਪੈ ਹੀ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹੋਏ ਵੀ ਹੜੱਪੇ।ਪਰ ਸੂਬਾ ਹਕੂਮਤ ਨੇ ਕਾਲਜ ਪ੍ਰਬੰਧਕਾਂ ਵਿਰੁੱਧ ਧੋਖਾਧੜੀ ਤਹਿਤ ਪਰਚੇ ਦਰਜ ਕਰਨ ਦੀ ਬਜਾਏ ਹੱਕਾਂ ਦੀ ਮੰਗ ਕਰਦੇ ਵਿਦਿਆਰਥੀਆਂ ‘ਤੇ ਹੀ ਕਹਿਰ ਢਾਹਿਆ।ਵਿਦਿਆਰਥੀ ਆਗੂਆਂ ਨੇ ਕਾਲਜ ਪ੍ਰਬੰਧਕਾਂ ‘ਤੇ ਧੋਖਾਧੜੀ ਦਾ ਵੀ ਦੋਸ਼ ਲਾਉਦਿਆਂ ਦੱਸਿਆ ਕਿ ਕੁੱਝ ਕੁ ਵਿਦਿਆਰਥੀਆਂ ਨੂੰ ਕਾਲਜਾਂ ਵੱਲੋਂ ਜੋ 50-50 ਹਜਾਰ ਰੁਪੈ ਦੇ ਚੈਕ ਦਿੱਤੇ ਗਏ ਸਨ ਉਹ ਵੀ ਜਾਅਲੀ ਨਿਕਲੇ।ਆਗੂ ਅਮਰਜੀਤ ਹਨੀ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸੇ ਕਰਕੇ ਕਾਲਜ ਪ੍ਰਬੰਧਕਾਂ ਵਿਰੁੱਧ ਕਾਰਵਾਈ ਨਹੀਂ ਕਰ ਰਿਹਾ ਕਿਉਂਕਿ ਕਾਲਜ ਪ੍ਰਬੰਧਕਾਂ ਦਾ ਅਕਾਲੀ ਦਲ ‘ਚ ਚੰਗਾ ਰਸੂਖ ਹੈ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਇਨ੍ਹਾਂ ਮੰਗਾਂ ਮਸਲਿਆਂ ਨੂੰ ਲੈ ਕੇ 20 ਅਪ੍ਰੈਲ ਨੂੰ ਬਠਿੰਡਾ ਵਿੱਚ ਵੀ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਜੋ ਫਾਇਰ ਬ੍ਰਿਗੇਡ ਬਠਿੰਡਾ ਤੋਂ ਬਜਾਰਾਂ ਵਿੱਚੋਂ ਹੁੰਦਾ ਹੋਇਆ ਮੇਨ ਬੱਸ ਸਟਂੈਡ ਤੱਕ ਪੁੱਜੇਗਾ।
Punjab Post Daily Online Newspaper & Print Media