Tuesday, April 28, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਅਧਿਆਪਕ ਸਿੱਖਿਆ ਗੁਣਵੱਤਾ’ ਸੰਬੰਧੀ ਨੈਸ਼ਨਲ ਸੈਮੀਨਾਰ

PPN2205201507
ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜ਼ੂਕੇਸ਼ਨ ਵੱਲੋਂ ‘ਅਧਿਆਪਕਾਂ ਦੀ ਵਿੱਦਿਅਕ ਗੁਣਵੱਤਾ ਨੂੰ ਵਧਾਉਣ ਵਿਚ ਨੈਸ਼ਨਲ ਕੌਂਸਲ ਫਾਰ ਟੀਚਰ ਐਜ਼ੂਕੇਸ਼ਨ (ਐੱਨ. ਸੀ. ਟੀ. ਈ.) ਦੇ ਯੋਗਦਾਨ’ ਸੰਬੰਧੀ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮਾਲਵਾ ਖੇਤਰ ਦੇ ਨਾਮਵਰ ਸਿੱਖਿਆ ਸ਼ਾਸ਼ਤਰੀਆਂ ਨੇ ਭਾਗ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜ਼ੂਕੇਸ਼ਨ ਦੇ ਡੀਨ ਡਾ. ਅਰੁਣ ਕੁਮਾਰ ਕਾਂਸਲ ਨੇ ਮੁੱਖ ਮਹਿਮਾਨ, ਬੁਲਾਰਿਆਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਿਆ। ਡਾ. ਕੁਲਵਿੰਦਰ ਸਿੰਘ (ਪੰਜਾਬੀ ਯੂਨੀਵਸਿਟੀ, ਪਟਿਆਲਾ) ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਨੈਸ਼ਨਲ ਕੌਂਸਲ ਫਾਰ ਟੀਚਰ ਐਜ਼ੂਕੇਸ਼ਨ ਵੱਲੋਂ ਅਧਿਆਪਕ ਸਿੱਖਿਆ ਗੁਣਵੱਤਾ ਵਿਚ ਹੋ ਰਹੇ ਸੁਧਾਰਾਂ ਸੰਬੰਧੀ ਉਦਾਹਰਣਾਂ ਸਹਿਤ ਚਾਨਣਾ ਪਾਇਆ ਅਤੇ ਨਾਲ ਹੀ ਅਜੋਕੀ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੀਆਂ ਤਬਦੀਲੀਆਂ ਸੰਬੰਧੀ ਜ਼ਿਕਰ ਵੀ ਕੀਤਾ। ਆਪਣੇ ਕੁੰਜੀਵਤ ਭਾਸ਼ਣ ਵਿਚ ਬੋਲਦਿਆਂ ਡਾ. ਤਰਲੋਕ ਬੰਧੂ, ਪ੍ਰਿੰਸੀਪਲ ਖਾਲਸਾ ਕਾਲਜ, ਸ਼੍ਰੀ ਮੁਕਤਸਰ ਸਾਹਿਬ ਨੇ ਨਿੱਜੀ ਅਤੇ ਸਰਕਾਰੀ ਵਿੱਿਦਅਕ ਅਦਾਰਿਆਂ ਦੀ ਤੁਲਨਾਤਮਕ ਰਿਪੋਰਟ ਪੇਸ਼ ਕੀਤੀ ਜਿਸਨੂੰ ਗੁਣਵੱਤਾ ਦੇ ਨਜ਼ਰੀਏ ਤੋਂ ਦੇਖਿਆ ਗਿਆ। ਉਨ੍ਹਾਂ ਅਜੋਕੀ ਅਧਿਆਪਕ ਸਿੱਖਿਆ ਪ੍ਰਣਾਲੀ ਜਾਂ ਪ੍ਰੰਪਰਾਗਤ ਪ੍ਰਣਾਲੀ ਨੂੰ ਲੋੜ ਮੁਤਾਬਕ ਬਦਲਣ ਦੀ ਸਲਾਹ ਵੀ ਦਿੱਤੀ ਜਿਸ ਵਿਚ ਇਮਾਰਤੀ ਢਾਂਚੇ ਦੇ ਨਾਲ-ਨਾਲ ਪਾਠਕ੍ਰਮ ਦੀਆਂ ਤਬਦੀਲੀਆਂ ਵੀ ਸ਼ਾਮਿਲ ਹੋਣ। ਡਾ. ਰਮਿੰਦਰ ਸਿੰਘ, ਪ੍ਰਿੰਸੀਪਲ, ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਨੇ ਅੰਗਰੇਜ਼ੀ ਸਾਮਰਾਜ ਤੋਂ ਲੈ ਕੇ ਹੁਣ ਤੱਕ ਦੀ ਸਿੱਖਿਆ ਪ੍ਰਣਾਲੀ ‘ਤੇ ਚਾਨਣਾ ਪਾਇਆ ਅਤੇ ਸਾਰੇ ਉਹ ਕਮਿਸ਼ਨ ਅਤੇ ਐਕਟਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਨੇ ਯਕੀਨਨ ਭਾਰਤੀ ਸਿੱਖਿਆ ਦੀ ਗੁਣਵੱਤਾ ਵਿਚ ਪਰਸਪਰ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਸੰਬੰਧੀ ਅਹਿਮ ਭੂਮਿਕਾ ਨਿਭਾਅ ਰਹੇ ਅਦਾਰਿਆਂ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿਚ ਯੂਨੀਵਰਸਿਟੀ ਗਰਾਂਟ ਕਮਿਸ਼ਨ, ਨੈਕ ਅਤੇ ਏ ਆਈ ਸੀ ਟੀ ਈ ਆਦਿ ਸ਼ਾਮਿਲ ਹਨ। ਡਾ. ਨਿਵੇਦਤਾ ਹੁੱਡਾ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਨੇ 20 ਹਫਤਿਆਂ ਦੇ ਅਧਿਾਪਕ ਸਿਖਲਾਈ ਪ੍ਰੋਗਰਾਮ ਸੰਬੰਧੀ ਬੋਲਦਿਆਂ ਕਿਹਾ ਕਿ ਇਸ ਇਸ ਕੋਰਸ ਵਿਚ ਵਿਦਿਆਰਥੀ ਬਿਨਾਂ ਕਿਸੇ ਨਿਗਰਾਨ ਜਾਂ ਅਧਿਆਪਕ ਦੀ ਮਦਦ ਦੇ ਬਗੈਰ ਕੰਮ ਕਰੇਗਾ, ਜਿਸ ਦੇ ਦਿਸ਼ਾਹੀਣ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਅਜੋਕੀ ਚੱਲ ਰਹੀ ਸਿਖਲਾਈ ਵਿਵਸਥਾ ਨੂੰ ਹੀ ਬਿਹਤਰ ਦੱਸਿਆ।
ਇਸ ਸੈਮੀਨਾਰ ਵਿਚ ਸਿੱਖਿਆ ਸੰਬੰਧੀ 40 ਤੋਂ ਵਧੇਰੇ ਪਰਚੇ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ 10 ਦੇ ਲਗਪਗ ਪਰਚੇ ਸਟੇਜ ਉਪਰ ਪੜ੍ਹੇ ਗਏ।ਡਾ. ਕੁਲਵਿੰਦਰ ਸਿੰਘ ਨੇ ਇਨ੍ਹਾਂ ਸਾਰੇ ਪਰਚਿਆਂ ਦੇ ਆਧਾਰ ‘ਤੇ ਸਮੁੱਚੇ ਸੈਮੀਨਾਰ ਦਾ ਨਿਚੋੜ ਕੱਢਦਿਆਂ ਕਿਹਾ ਕਿ ਅਜੋਕੀ ਸਿੱਖਿਆ ਪ੍ਰਣਾਲੀ ਵਿਚ ਖਾਮੀਆਂ ਹੋਣ ਦੇ ਨਾਲ-ਨਾਲ ਕੁੱਝ ਅਜਿਹੇ ਗੁਣ ਵੀ ਹਨ ਜਿਸ ਕਰਕੇ ਸਮੁੱਚੇ ਰੂਪ ਵਿਚ ਇਸ ਦਾ ਫੇਰਬਦਲ ਕਰਨਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਲੋੜ ਮੁਤਾਬਕ ਤਬਦੀਲੀਆਂ ਅਤੀ ਜ਼ਰੂਰੀ ਹਨ। ਡਾ. ਨਛੱਤਰ ਸਿੰਘ ਮੱਲ੍ਹੀ, ਉਪ-ਕੁਲਪਤੀ, ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸਿੱਖਿਆ ਗੁਣਵੱਤਾ ਦੇ ਇਸ ਸੈਮੀਨਾਰ ਸੰਬੰਧੀ ਆਯੋਜਕਾਂ ਦੇ ਉੱਦਮ ਨੂੰ ਸਲਾਹੁੰਦਿਆਂ ਬੁਲਾਰਿਆਂ ਦੇ ਸੇਧ ਭਰੇ ਵਿਚਾਰਾਂ ਲਈ ਸ਼ਲਾਘਾ ਕੀਤੀ। ਪ੍ਰੋ. ਜਗਵਿੰਦਰ ਸਿੰਘ ਇਸ ਪ੍ਰੋਗਰਾਮ ਦੇ ਸੰਯੋਜਕ ਸਨ ਅਤੇ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਮੰਚ ਸੰਚਾਲਨ ਕੀਤਾ। ਡਾ. ਬਲਵੰਤ ਸਿੰਘ ਸੰਧੂ, ਡਿਪਟੀ ਡੀਨ, ਬੇਸਿਕ ਸਾਇੰਸਜ਼ ਕਾਲਜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply