Sunday, March 22, 2026

ਜੀਐਨਡੀਯੂ ਦੇ ਬਾਹਰ ਪੀ.ਐਸ.ਐਫ ਦੀ ਭੁੱਖ ਹੜਤਾਲ ਦੂਜੇ ਦਿਨ ‘ਚ ਦਾਖਲ

ਰੋਸ ਧਰਨੇ ਅਤੇ ਭੁੱਖ ਹੜਤਾਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗੀ

PPN2304201511

ਅੰਮ੍ਰਿਤਸਰ, 23 ਅਪ੍ਰੈਲ (ਰੋਮਿਤ ਸ਼ਰਮਾ)- ਜੀ.ਐਨ.ਡੀ.ਯੂ ਪ੍ਰਬੰਧਕ ਮੁਰਦਾਬਾਦ ਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਹੇਠ ਜੀ.ਐਨ.ਡੀ.ਯੂ ਦੇ ਬਾਹਰ ਬੀਤੇ ਬੁੱਧਵਾਰ ਤੋਂ ਸ਼ੁਰੂ ਹੋਈ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦੇ ਕਾਰਕੁੰਨਾ ਦੀ ਸਿਲਸਿਲੇਵਾਰ ਭੁੱਖ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖਲ ਹੋ ਗਈ।12 ਮਹਿਲਾ-ਪੁਰਸ਼ ਫੈਡਰੇਸ਼ਨ ਆਗੂਆਂ ਦੇ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦੇ ਦੂਜੇ ਦਿਨ ਵਿਦਿਆਰਥੀਆਂ ਦੀ ਗਿਣਤੀ ਪੰਜ ਦਰਜਨ ਦੇ ਕਰੀਬ ਹੋ ਗਈ।ਦੂਸਰੇ ਦਿਨ ਅੱਜ ਫੈਡਰੇਸ਼ਨ ਸੂਬਾ ਸਕੱਤਰ ਅਜੈ ਫਿਲੋਰ ਤੇ ਸ਼ਹੀਦ ਭਗਤ ਸਿੋੰਘ ਨੌਜਵਾਨ ਸਭਾ ਅਤੇ ਫੈਡਰੇਸ਼ਨ ਦੇ ਸਰਕਦਾ ਆਗੂ ਸਰਬਜੀਤ ਸਿੰਘ ਹੈਰੀ ਦੇ ਨਾਲ ਜੀਐਨਡੀਯੂ ਦੇ ਰਜਿਸਟਰਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਮੁਲਾਕਾਤ ਕਰਕੇ ਪੀਐਸਐਫ ਦੀ ਭੁੱਖ ਹੜਤਾਲ ਤੇ ਰੋਸ ਧਰਨਾ ਖਤਮ ਕਰਨ ਲਈ ਕਿਹਾ ਤੇ ਸਮੈਸਟਰ ਸਿਸਟਮ ਨਾਲ ਸਬੰਧਤ ਫੈਸਲਾ ਦਸਤਾਵੇਜ਼ ਵੀ ਪੇਸ਼ ਕੀਤੇ।ਪਰ ਦੋਵਾਂ ਆਗੂਆਂ ਨੇ ਵਿਦਿਆਰਥੀਆਂ ਦੀਆਂ ਹੱਕੀਂ ਮੰਗਾਂ ਤੇ ਸਮੈਸਟਰ ਸਿਸਟਮ ਦੇ ਉਪਰ ਮੁੜ ਤੋਂ ਵਿਚਾਰ ਕਰਨ ਤੇ ਕਈ ਹੋਰ ਗੰਭੀਰ ਮੁੱਦਿਆਂ ਨੂੰ ਸੁਲਝਾਉਣ ਦੀ ਗੱਲ ਕਹੀ। ਉਧਰ ਜੀਐਨਡੀਯੂ ਪ੍ਰਬੰਧਨ ਦੇ ਵਲੋਂ ਸੁਰੱਖਿਆ ਸੁਪਰ ਵਾਇਜ਼ਰ ਹਰਬੰਸ ਸਿੰਘ ਤੇ ਥਾਣਾ ਕੰਟੋਨਮੈਂਟ ਦੇ ਅਡੀਸ਼ਨਲ ਐਸਐਚਓ ਕੁਲਵੰਤ ਰਾਏ ਨੇ ਵੀ ਪੀਐਸਐਫ ਆਗੂਆਂ ਅਜੈ ਫਿਲੋਰ, ਸਰਬਜੀਤ ਸਿੰਘ ਹੈਰੀ ਤੇ ਮਹਿਲਾ ਆਗੂ ਵਤਨਦੀਪ ਕੋਰ ਨੂੰ ਭੁੱਖ ਹੜਤਾਲ ਤੇ ਰੋਸ ਧਰਨਾ ਖਤਮ ਕਰਨ ਲਈ ਕਿਹਾ। ਪਰ ਪੀਐਸਐਫ ਆਗੂਆਂ ਤੇ ਵਿਦਿਆਰਥੀਆਂ ਨੇ ਇਸ ਰੋਸ ਧਰਨੇ ਤੇ ਭੁੱਖ ਹੜਤਾਲ ਨੂੰ ਉਦੋਂ ਤੱਕ ਨਾ ਖਤਮ ਕਰਨ ਦੀ ਗੱਲ ਕਹੀ, ਜਦੋਂ ਤੱਕ ਵਿਦਿਆਰਥੀ ਮੰਗਾਂ ਨਹੀਂ ਪ੍ਰਵਾਨ ਹੋ ਜਾਂਦੀਆਂ। ਇਸ ਮੋਕੇ ਪੀੜਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੋਰ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਵਿਦਿਆਰਥੀਆਂ ਦੇ ਭਵਿੱਖ ਤੇ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾਂ ਦੀ ਖਾਤਰ ਹੈ। ਇਸ ਦੇ ਪਿੱਛੇ ਕਿਸੇ ਦਾ ਕੋਈ ਨਿੱਜੀ ਸਵਾਰਥ ਜਾਂ ਲਾਭ ਨਹੀਂ ਹੈ।
ਇਸ ਮੋਕੇ ਫੈਡਰੇਸ਼ਨ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਿਰਕੱਢ ਆਗੂ ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਜਿਹੜੇ ਦਸਤਾਵੇਜ਼ ਜੀਐਨਡੀਯੂ ਪ੍ਰਬੰਧਨ ਦੇ ਵਲੋਂ ਸਮੈਸਟਰ ਸਿਸਟਮ ਬਾਬਤ ਦਿਖਾਏ ਜਾ ਰਹੇ ਹਨ। ਉਹ ਇਨ੍ਹਾਂ ਦੀਆਂ ਆਪਣੀਆਂ ਕਮੇਟੀਆਂ ਦੇ ਵਲੋਂ ਪਾਸ ਕੀਤੇ ਹੋਏ ਹਨ। ਜਿਨ੍ਹਾਂ ਦੇ ਵਿਚੋਂ ਵਿਦਿਆਰਥੀ ਰਾਏ ਬਿਲਕੁਲ ਮਨਫੀ ਹੈ। ਇਸ ਮੋਕੇ ਜੀਐਨਡੀਯੂ ਦੇ ਵੀਸੀ ਪ੍ਰੋਫ: ਅਜੈਬ ਸਿੰਘ ਬਰਾੜ ਦੇ ਖਿਲਾਫ ਜੰਮ ਕੇ ਨਾਰੇਬਾਜੀ ਕਰਨ ਦੇ ਨਾਲ ਨਾਲ ਪਿੱਟ ਸਿਆਪਾ ਵੀ ਕੀਤਾ ਗਿਆ ਤੇ ਵੀਸੀ ਦਾ ਜੀਐਨਡੀਯੂ ਗੇਟ ਦੇ ਬਾਹਰ ਪੁਤਲਾ ਵੀ ਫੁੂਕਿਆ ਗਿਆ। ਇਸ ਮੋਕੇ ਸੋਨੂੰ ਢੇਸੀ, ਪਵਿੱਤਰਪਾਲ ਕੋਰ, ਜਸਪ੍ਰੀਤ ਕੋਰ, ਹਰਪ੍ਰੀਤ ਕੋਰ, ਅਸ਼ੋਕ ਕੁਮਾਰ, ਰੋਜ਼ਦੀਪ ਕੋਰ ਆਦਿ ਵੀ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply