ਸੈਂਕੜੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦਾ ਕੀਤਾ ਮੁਫਤ ਟੀਕਾਕਰਨ
ਅੰਮ੍ਰਿਤਸਰ, 23 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਮਾਹਲ ਸਥਿਤ ਵੈਟਰਨਰੀ ਹਸਪਤਾਲ ਵਿਖੇ ‘ਵਿਸ਼ਵ ਵੈਟਰਨਰੀ ਦਿਵਸ’ ਨੂੰ ਸਮਰਪਿਤ ਅੱਜ ਇਕ ਮੁਫ਼ਤ ਕੈਂਪ ਦੌਰਾਨ ਸੈਂਕੜੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦਾ ਮੁਫਤ ਟੀਕਾਕਰਨ ਕੀਤਾ ਗਿਆ। ਇਸ ਇਕ ਰੋਜ਼ਾ ‘ਪਸ਼ੂ ਜਾਂਚ ਕੈਂਪ’ ਵਿੱਚ ਮਾਹਿਰ ਡਾਕਟਰਾਂ ਨੇ ਮੁਫਤ ਕੁੱਤਿਆਂ ਦਾ ਟੀਕਾਕਰਨ ਤੋਂ ਇਲਾਵਾ ਜਾਨਵਰਾਂ ਲਈ ਮਲੱਪ ਮਾਰੂ ਦਵਾਈ ਅਤੇ ਸਿਹਤ ਚੈੱਕਅੱਪ ਤੋਂ ਇਲਾਵਾ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਸਹਿਯੋਗ ਨਾਲ ਕਾਲਜ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਦੀ ਅਗਵਾਈ ਵਿੱਚ ਕਰਵਾਏ ਸਮਾਰੋਹ ਦਾ ਉਦਘਾਟਨ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ ਨੇ ਕੀਤਾ। ਸ: ਕੱਥੂਨੰਗਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਨਵਰਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਪ੍ਰਿੰ: ਡਾ. ਜੰਡ ਦੀ ਸਾਰੀ ਟੀਮ ਨੂੰ ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਵਧਾਈ ਦਿੱਤੀ। ਕੈਂਪ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਜਾਨਵਰਾਂ ਦੇ ਇਲਾਜ ਕਰਵਾਉਣ ਲਈ ਆਏ ਪਸ਼ੂ ਪਾਲਕਾਂ ਨੂੰ ਮਾਹਿਰਾਂ ਦੁਆਰਾ ਪਸ਼ੂਆਂ ਦੇ ਇਲਾਜ ਅਤੇ ਦਵਾਈਆਂ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਡਾ. ਐੱਸ. ਐੱਸ. ਸਿੱਧੂ, ਡਾ. ਐੱਸ. ਕੇ. ਨਾਗਪਾਲ, ਡਾ. ਕੇ. ਸੀ. ਚੌਧਰੀ, ਡਾ. ਜਸਪਾਲ ਸਿੰਘ, ਡਾ. ਓ. ਪੀ. ਕਾਲੀਆ, ਡਾ. ਮਦਨ ਲਾਲ ਮਹਿਰਾ, ਡਾ. ਕੇ. ਐੱਸ. ਮਿਨਹਾਸ, ਡਾ. ਜੇ. ਐੱਸ. ਪੂਨੀਆ ਤੋਂ ਵੱਖ-ਵੱਖ ਪਿੰਡਾਂ ਦੇ ਲੋਕ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media
