Thursday, April 23, 2026

ਅਮਰੀਕੀ ਰਾਜਦੂਤ ਰਿਚਰਡ ਵਰਮਾ ਵੱਲੋਂ ਖ਼ਾਲਸਾ ਕਾਲਜ ਦਾ ਦੌਰਾ, ਪੰਜਾਬ ਦੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਜਾਣਿਆ

ਭਾਰਤ-ਅਮਰੀਕੀ ਵਿੱਦਿਅਕ ਸੰਸਥਾਵਾਂ ਵਿੱਚ ਤਾਲਮੇਲ ਦੀਆਂ ਅਸੀਮਤ ਸੰਭਾਵਨਾਵਾਂ

PPN2005201514

ਅੰਮ੍ਰਿਤਸਰ, 20 ਮਈ (ਪ੍ਰੀਤਮ ਸਿੰਘ) – ਅਮਰੀਕਾ ਦੇ ਭਾਰਤ ਵਿੱਚ ਰਾਜਦੂਤ ਸ੍ਰੀ ਰਿਚਰਡ ਰਾਹੁਲ ਵਰਮਾ ਨੇ ਅੱਜ ਇਤਿਹਾਸਕ ਖਾਲਸਾ ਕਾਲਜ ਵਿਖੇ ਆਪਣੀ ਫ਼ੇਰੀ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਅਤੇ ਇਤਿਹਾਸ ਨੂੰ ਗਹਿਰਾਈ ਨਾਲ ਵਾਚਿਆ। ਉਨ੍ਹਾਂ ਨੇ ਕਾਲਜ ਸਥਿਤ ਸਿੱਖ ਇਤਿਹਾਸ ਖੋਜ ਵਿਭਾਗ ਅਤੇ ਅਜਾਇਬ ਘਰ ਪਹੁੰਚ ਕੇ 17 ਤੇ 18ਵੀਂ ਸਦੀ ਨਾਲ ਸਬੰਧਿਤ ਦੁਰਲੱਭ ਖਰੜਿਆਂ, ਕਿਤਾਬਾਂ, ਦਸਤਾਵੇਜ਼ਾਂ ਅਤੇ ਤਸਵੀਰਾਂ ਨੂੰ ਗੌਰ ਨਾਲ ਵੇਖਣ ਉਪਰੰਤ ਇਸ ਨੂੰ ਮਹਾਨ ਵਿਰਾਸਤੀ ਖ਼ਜ਼ਾਨਾ ਦੱਸਿਆ।
ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ ਆਪਸੀ ਤਾਲਮੇਲ ਨਾਲ ਜਿੱਥੇ ਵੱਖ-ਵੱਖ ਸਮਾਜਾਂ ਵਿੱਚ ਸਾਂਝ ਪੈਂਦੀ ਹੈ, ਉੱਥੇ ਦੁਨਿਆਵੀਂ ਸੇਧ ਪ੍ਰਦਾਨ ਕਰਨ ਵਿੱਚ ਵੀ ਇਹ ਅਹਿਮ ਯੋਗਦਾਨ ਪਾਉਂਦੀਆਂ ਹਨ। ਅਮਰੀਕੀ ਰਾਜਦੂਤ ਨੇ ਸੰਨ 1892 ਵਕਤ ਦੀ ਬਣੀ ਕਾਲਜ ਅਦਭੁਤ ਇਮਾਰਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸ ਗੌਰਵਮਈ ਹੈ ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾਂ ਹੀ ਅੱਗੇ ਵੱਧਕੇ ਭਾਰਤੀ ਉਪ ਮਹਾਂਦੀਪ ਦੀ ਅਗਵਾਈ ਕੀਤੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਕਾਲਜ ਪਹੁੰਚਣ ‘ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ਾਨਦਾਰ ਸਵਾਗਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਸੱਭਿਆਚਾਰਕ ਪਹਿਰਾਵੇ ਪਹਿਨਕੇ ਲੋਕ ਨਾਚ ਭੰਗੜਾ ਤੇ ਗਿੱਧਾ ਪੇਸ਼ ਕੀਤੇ। ਇਸ ਤੋਂ ਪ੍ਰਭਾਵਿਤ, ਸ੍ਰੀ ਵਰਮਾ ਨੇ ਪ੍ਰੋਟੋਕਾਲ ਤੋੜਦਿਆਂ ਇਨ੍ਹਾਂ ਵਿਦਿਆਰਥੀਆਂ ਦਰਮਿਆਨ ਪਹੁੰਚ ਕੇ ਪੰਜਾਬੀ ਲੋਕ ਨਾਚ ਬਾਰੇ ਜਾਣਕਾਰੀ ਹਾਸਲ ਕੀਤੀ।
ਕਾਲਜ ਮੈਨੇਜ਼ਮੈਂਟ ਨੇ ਸ੍ਰੀ ਵਰਮਾ ਨੂੰ ਇਕ ਲਿਖਤੀ ਪ੍ਰਸਤਾਵ ਪੇਸ਼ ਕਰਦਿਆਂ ਅਮਰੀਕੀ ਵਿੱਦਿਅਕ ਅਦਾਰਿਆਂ ਨਾਲ ਕਾਲਜ ਵੱਲੋਂ ਖੋਜ਼ ਅਤੇ ਵਿੱਦਿਆ ਦੇ ਖੇਤਰ ਵਿੱਚ ਆਪਸੀ ਤਾਲਮੇਲ ਕਰਨ ਦੀ ਪੇਸ਼ਕਸ਼ ਕੀਤੀ। ਇਸ ‘ਤੇ ਸ੍ਰੀ ਵਰਮਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਅਦਾਰਿਆਂ ਵਿੱਚ ਵਿਚਕਾਰ ਸਹਿਯੋਗ ਦੀਆਂ ਅਸੀਮਤ ਸੰਭਾਵਨਾਵਾਂ ਮੌਜ਼ੂਦ ਹਨ। ਸ: ਛੀਨਾ ਨੇ ਕਿਹਾ ਕਿ ਕਾਲਜ ਵਿੱਚ ਖੇਤੀਬਾੜੀ, ਬਾਇਓਟੈਕਨਾਲੋਜੀ ਵਿਭਾਗ ਇਸ ਤਰ੍ਹਾਂ ਦੇ ਤਾਲਮੇਲ ਕਰਨ ਵਿੱਚ ਅਗਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵੈਟਰਨਰੀ ਸਾਇੰਸਸ, ਇੰਜ਼ੀਨੀਅਰਿੰਗ, ਫ਼ਾਰਮੇਸੀ ਕਾਲਜ ਵਿੱਚ ਚਲਾ ਰਹੀ ਹੈ, ਜਿਸ ਖੇਤਰ ਵਿੱਚ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਮੌਕੇ ਅਮਰੀਕੀ ਅਤੇ ਭਾਰਤੀ ਸਿੱਖਿਅਤ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਵਿੱਦਿਅਕ ਦੌਰਿਆਂ ਬਾਰੇ ਵੀ ਜ਼ਿਕਰ ਕੀਤਾ। ਸ੍ਰੀ ਵਰਮਾ ਨੇ ਕਾਲਜ ਦੀ ‘ਮਹਿਮਾਨ ਬੁਕ’ ਵਿੱਚ ਲਿਖਿਆ ਕਿ ‘ਉਹ ਧੰਨਵਾਦੀ ਹਨ ਇਸ ਇਤਿਹਾਸਕ ਅਤੇ ਮਹੱਤਵਪੂਰਨ ਸੰਸਥਾ ਵਿੱਚ ਸ਼ਾਨਦਾਰ ਸਵਾਗਤ ਦੇ’। ਇਹ ਉੱਚ ਪੱਧਰੀ ਸੰਸਥਾ ਇਸੇ ਤਰ੍ਹਾਂ ਨਾ-ਸਿਰਫ਼ ਭਾਰਤ ਦੇ ਸਗੋਂ ਏਸ਼ੀਆ ਦੇ ਹੋਰ ਮਹਾਂਦੀਪਾਂ ਦੇ ਭਵਿੱਖ ਦੇ ਲੀਡਰ ਪੈਂਦਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਐਬੰਸੀ ਤੋਂ ਜੈਸੀਕਾ ਐਡਵਰਡਸਨ, ਜੌਨਾਥਨ ਕੈਸਲਰ, ਜੂ ਕਰੋਜਿਚ ਮੌਜ਼ੂਦ ਸਨ ਜਦਕਿ ਕਾਲਜ ਵੱਲੋਂ ਡੀਨ ਅਕਾਦਮਿਕ ਪ੍ਰੋ: ਨਵਨੀਨ ਬਾਵਾ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ ਮੌਜ਼ੂਦ ਸਨ। ਆਪਣੇ ਦੌਰੇ ਦੌਰਾਨ ਸ੍ਰੀ ਵਰਮਾ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜ਼ਲ੍ਹਿਆ ਵਾਲਾ ਬਾਗ ਅਤੇ ਅਟਾਰੀ ਬਾਰਡਰ ਵਿਖੇ ਫੇਰੀ ਵੀ ਪਾਈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply