ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਸੰਗਤਾਂ ਬੇਤਾਬ

ਬਟਾਲਾ, 22 ਮਈ (ਨਰਿੰਦਰ ਬਰਨਾਲ) – ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਯਾਤਰਾ 24 ਮਈ ਸ਼ਾਮ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਵੇਸ਼ ਕਰੇਗੀ। ਧਾਰਮਿਕ ਦਰਸ਼ਨ ਯਾਤਰਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਜੋਰਾਂ ‘ਤੇ ਹਨ ਅਤੇ ਯਾਤਰਾ ਦੇ ਸਾਰੇ ਮਾਰਗ ਨੂੰ ਸਾਫ ਕਰਨ ਦੇ ਨਾਲ ਸਜਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਸੰਗਤਾਂ ਵਿੱਚ ਵੀ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਪ੍ਰਤੀ ਪੂਰਾ ਉਤਸ਼ਾਹ ਹੈ ਅਤੇ ਸੰਗਤਾਂ ਬੇਸਬਰੀ ਇਸ ਧਾਰਮਿਕ ਦਰਸ਼ਨ ਯਾਤਰਾ ਦੀ ਉਡੀਕ ਕਰ ਰਹੀਆਂ ਹਨ।
ਧਾਰਮਿਕ ਦਰਸ਼ਨ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ 24 ਮਈ ਨੂੰ ਸਵੇਰ ਨੂੰ ਧਾਰਮਿਕ ਦਰਸ਼ਨ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਵਾਇਆ ਕੱਥੂਨੰਗਲ, ਜੈਂਤੀਪੁਰ ਹੁੰਦੀ ਹੋਈ ਬਾਅਦ ਦੁਪਹਿਰ ਪਿੰਡ ਸ਼ੇਖੂਪੁਰ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਵੇਸ਼ ਕਰੇਗੀ ਅਤੇ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਦਰਸ਼ਨ ਯਾਤਰਾ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਬਟਾਲਾ ਸ਼ਹਿਰ ਵਿਖੇ ਪਹੁੰਚਣ ‘ਤੇ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ। ਬਟਾਲਾ ਸ਼ਹਿਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਹੋਈ ਯਾਤਰਾ ਗੁਰੂ ਨਾਨਕ ਅਕੈਡਮੀ ਬਟਾਲਾ ਵਿਖੇ ਪਹੁੰਚੇਗੀ ਜਿਥੇ ਰਾਤ ਦਾ ਠਹਿਰਾਅ ਹੋਵੇਗਾ। ਇਸ ਤੋਂ ਅਗਲੇ ਦਿਨ 25 ਮਈ ਨੂੰ ਸਵੇਰੇ ਧਾਰਮਿਕ ਦਰਸ਼ਨ ਯਾਤਰਾ ਬਟਾਲਾ ਤੋਂ ਸ਼ੁਰੂ ਹੋ ਕੇ ਉਮਰਪੁਰਾ, ਪੰਜਗਰਾਈਆਂ, ਧੰਦੋਈ, ਊਧਨਵਾਲ ਰਸਤੇ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਹੋਈ ਸ਼ਾਮ ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੇਗੀ। ਸ੍ਰੀ ਹਰਗੋਬਿੰਦਪੁਰ ਵਿਖੇ ਹੀ ਯਾਤਰਾ ਦਾ ਰਾਤ ਦਾ ਠਹਿਰਾਅ ਹੋਵੇਗਾ ਅਤੇ ਅਗਲੇ ਦਿਨ 26 ਮਈ ਨੂੰ ਇਹ ਯਾਤਰਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਹੋ ਕੇ ਵਾਇਆ ਹਰਚੋਵਾਲ, ਕਾਹਨੂੰਵਾਨ ਰਾਹੀਂ ਸ਼ਾਮ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਪਹੁੰਚੇਗੀ, ਜਿਥੇ ਯਾਤਰਾ ਦਾ ਰਾਤ ਦਾ ਠਹਿਰਾਅ ਹੋਵੇਗਾ। 27 ਮਈ ਨੂੰ ਯਾਤਰਾ ਸਵੇਰੇ ਗੁਰਦੁਆਰਾ ਘੱਲੂਘਾਰਾ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਪਹੁੰਚੇਗੀ ਅਤੇ ਫਿਰ ਵਾਪਸ ਮੁਕੇਰੀਆਂ ਰਸਤੇ ਜ਼ਿਲ੍ਹਾ ਹੁਸ਼ਿਆਰਪੁਰ ਰਵਾਨਾ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੀ ਪਵਿੱਤਰਤਾ ਅਤੇ ਸੰਗਤਾਂ ਦੇ ਉਤਸ਼ਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨਨ ਅਤੇ ਯਾਤਰਾ ਦੌਰਾਨ ਸੰਗਤਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯਾਤਰਾ ਦੇ ਰਾਤ ਠਹਿਰਾਅ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਡਾ. ਤ੍ਰਿਖਾ ਨੇ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੇ ਸਾਰੇ ਮਾਰਗ ਦੀ ਮੁਰੰਮਤ ਕੀਤੀ ਗਈ ਹੈ ਅਤੇ ਸੜਕਾਂ ਦੀ ਸਫਾਈ ਕਰਨ ਦੇ ਨਾਲ ਥਾਂ-ਥਾਂ ਸਵਾਗਤੀ ਗੇਟ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਦਰਸ਼ਨ ਯਾਤਰਾ ਦੇ ਦਰਸ਼ਨਾਂ ਦੌਰਾਨ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗੇ ਬਨਾਉਣ।
ਗੁਰੂ ਸਾਹਿਬਾਨ ਦੀਆਂ ਦੁਰਲੱਭ ਪਵਿੱਤਰ ਨਿਸ਼ਾਨੀਆਂ
ਇਸ ਧਾਰਮਿਕ ਦਰਸ਼ਨ ਯਾਤਰਾ ਦੌਰਾਨ ਸੂਬੇ ਦੀਆਂ ਸੰਗਤਾਂ ਨੂੰ ਤਿੰਨ ਗੁਰੂ ਸਾਹਿਬਾਨ ਨਾਲ ਸਬੰਧਤ 13 ਦੁਰਲੱਭ ਨਿਸ਼ਾਨੀਆਂ, ਵਸਤਰਾਂ ਤੇ ਸਸ਼ਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਦੋ ਪਾਵਨ ਨਿਸ਼ਾਨੀਆਂ ਹਨ। ਇਹ ਨਿਸ਼ਾਨੀਆਂ ਵਿੱਚ ਛੇਵੇ ਪਾਤਸ਼ਾਹ ਦੀ 46 ਇੰਚ ਲੰਬੀ ਕਿਰਪਾਨ ਅਤੇ 22 ਇੰਚ ਲੰਮਾ ਕੋਰੜਾ ਸ਼ਾਮਲ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਕ ਸ੍ਰੀ ਸਾਹਿਬ ਹੈ ਜਿਸ ‘ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’ ਉਕਰਿਆ ਹੋਇਆ ਹੈ। ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 10 ਪਵਿੱਤਰ ਨਿਸ਼ਾਨੀਆਂ ਇਸ ਯਾਤਰਾ ਦੀਆਂ ਸ਼ੋਭਾ ਵਧਾਉਣਗੀਆਂ। ਇਨ੍ਹਾਂ ਵਿੱਚ ਤਿੰਨ ਕਿਰਪਾਨਾਂ ਜਿਨ੍ਹਾਂ ਵਿੱਚੋਂ ਇਕ ਕਿਰਪਾਨ ਰਾਏ ਕੱਲ੍ਹਾ ਵੱਲੋਂ ਭੇਂਟ ਕੀਤੀ ਗਈ ਹੈ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ਲੰਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਅਤੇ ਪੰਜ ਤੀਰ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀੇ ਦੀ ਹੱਥ ਲਿਖਤ ਬਾਣੀ ਵੀ ਪਾਵਨ ਨਿਸ਼ਾਨੀਆਂ ਵਿੱਚ ਸ਼ਾਮਲ ਹੈ। ਇਨ੍ਹਾਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 33 ਫੁੱਟ ਲੰਮੀ ਬੱਸ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਹੈ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media