Sunday, March 22, 2026

ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਅੱਜ

ਨਵੀਂ ਦਿੱਲੀ, 24 ਜੂਨ (ਅੰਮ੍ਰਿਤ ਲਾਲ ਮੰਨਣ) – ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ ਸਾਂਝੇ ਲੋਕ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਅਗਲੇ ਵਰ੍ਹੇ 2016 ‘ਚ ਆ ਰਹੀ ਤੀਜੀ ਸ਼ਤਾਬਦੀ ਮਨਾਉਣ ਲਈ ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਅਰੰਭਤਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀਰਵਾਰ, 25 ਜੂਨ ਸ਼ਾਮ ਨੂੰ ਲਖੀਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਮੌਕੇ ਤੇ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਭਾਈ ਗੁਰਨਾਮ ਸਿੰਘ, ਭਾਈ ਕੁਲਵੰਤ ਸਿੰਘ ਪ੍ਰਭਾਤ, ਭਾਈ ਇੰਦਰਜੀਤ ਸਿੰਘ, ਭਾਈ ਹਰਜਿੰਦਰ ਸਿੰਘ (ਸ੍ਰੀ ਨਗਰ) ਅਤੇ ਭਾਈ ਮਨਪ੍ਰੀਤ ਸਿੰਘ (ਕਾਨਪੁਰੀ) ਦੇ ਕੀਰਤਨੀ ਜੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਕਾਰਜਾਂ ਅਤੇ ਸ਼ਹਾਦਤ ਦੇ ਇਤਿਹਾਸਕ ਪਹਿਲੂਆਂ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ।
ਉਨ੍ਹਾਂ ਹੋਰ ਦੱਸਿਆ ਕਿ ਪੰਥ ਦੀਆਂ ਪ੍ਰਮੁਖ ਸ਼ਖਸੀਅਤਾਂ ਵੀ ਇਸ ਮੌਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਦੇ ਦਰਸ਼ਨ ਕਰਨਗੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਨਾਲ ਸੰਬੰਧਤ ਸਾਲ ਭਰ ਚਲਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਵਿਸਥਾਰ ਨਾਲ ਸੰਗਤਾਂ ਨਾਲ ਸਾਂਝੀ ਕਰਨਗੇ। ਸ. ਰਾਣਾ ਨੇ ਦਸਿਆ ਕਿ ਇਸੇ ਦਿਨ, ਅਰਥਾਤ ਵੀਰਵਾਰ ਨੂੰ ਸਵੇਰੇ ਹਮੇਸ਼ਾਂ ਵਾਂਗ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿੱਖੇ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹੋਵੇਗਾ, ਜਿਸ ਵਿੱਚ ਪ੍ਰਮੁਖ ਕੀਰਤਨੀ ਅਤੇ ਢਾਡੀ ਜੱਥੇ ਹਿਸਾ ਲੈਣਗੇ ਅਤੇ ਕਵੀ ਸਜਣ ਆਪਣੀਆਂ ਸਜਰੀਆਂ ਰਚਨਾਵਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸ਼ਰਧਾ ਦੇ ਫੁਲ ਭੇਂਟ ਕਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply