
ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਹਰਜਿੰਦਰਾ ਇੰਡਸਟਰੀਜ਼ ਦੇ ਮਾਲਕ ਅਤੇ ਸ੍ਰੀ ਗੁਰੂ ਰਾਮਦਾਸ ਬਿਰਧ ਘਰ ਦੇ ਮੈਨੇਜਿੰਗ ਟਰੱਸਟੀ ਓਂਕਾਰ ਸਿੰਘ ਸੰਧੂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਮੰਚ ਦੇ ਸਰਪ੍ਰਸਤ ਪੋ: ਮੋਹਨ ਸਿਘ, ਡਾ: ਚਰਨਜੀਤ ਸਿਘ ਗੁਮਟਾਲਾ, ਮਨਮੋਹਨ ਸਿਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਇੰਜ. ਦਲਜੀਤ ਸਿੰਘ ਕੋਹਲੀ ਤੇ ਜਨਰਲ ਸਕੱਤਰ ਹਰਦੀਪ ਸਿਘ ਚਾਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਓਂਕਾਰ ਸਿੰਘ ਸੰਧੂ ਇਕ ਬਹੁਪੱਖੀ ਦੇ ਮਾਲਕ ਸਨ । ਉਨ੍ਹਾਂ ਨੇ ਅੰਮ੍ਰਿਤਸਰ ਵਿਚ ਸੀਨੀਅਰ ਸਿਟੀਜ਼ਨ ਲਈ ਸ੍ਰੀ ਗੁਰੂ ਰਾਮਦਾਸ ਬਿਰਧ ਘਰ ਬਣਾਇਆ।ਉਹ ਸਾਥੀਆਂ ਨਾਲ ਮਿਲ ਕੇ ਵਿਸ਼ਵਕਰਮਾ ਵੈਲਫੇਅਰ ਟ੍ਰਸਟ (ਰਜਿ.) ਅੰਮ੍ਰਿਤਸਰ, ਚਲਾ ਰਹੇ ਸਨ, ਜਿਸ ਵੱਲੋਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ।ਵਿਧਵਾ ਔਰਤਾਂ ਨੂੰ ਪੈਨਸ਼ਨਾਂ, ਕੰਬਲ ਤੇ ਸੂਟ ਮੁਹੱਈਆ ਕੀਤੇ ਜਾਂਦੇ ਹਨ। ਲੋੜਵੰਦ ਗ਼ਰੀਬ ਸਕੂਲੀ ਬੱਚਿਆਂ ਨੂੰ ਵਰਦੀਆਂ, ਫੀਸਾਂ, ਕਿਤਾਬਾਂ ਤੇ ਕਾਪੀਆਂ ਵੀ ਦਿੱਤੀਆਂ ਜਾਂਦੀਆਂ ਹਨ।ਉਹ ਇਕ ਕਾਲਮ ਨਵੀਸ ਵੀ ਸਨ ।ਸਿੱਖ ਵਿਰਸੇ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਜੱਸਾ ਸਿੰਘ ਆਹਲੂਵਾਲੀਆ ਸੰਬੰਧੀ ਲੇਖਾਂ ਤੋਂ ਇਲਾਵਾ ਮੇਰਾ ਮਰਨਾ, ਪੰਜ ਆਨੇ, ਰਾਮਗੜ੍ਹੀਏ ਆਪਣੇ ਹੱਥ ਮਜ਼ਬੂਤ ਕਰਨ ਆਦਿ ਲੇਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਆਪ ਦੀ ਇਕ ਪੁਸਤਕ ‘500 ਸਾਲ ਗੁਰੂ ਦੇ ਨਾਲ’ ਪ੍ਰਕਾਸ਼ਿਤ ਹੋ ਚੁੱਕੀ ਹੈ।
ਉਨ੍ਹਾਂ ਨੇ ਇਤਿਹਾਸਕ ਪੁਸਤਕਾਂ ਤੇ ਮਿਉਂਸੀਪਲ ਕਮੇਟੀ ਦੇ ਨਕਸ਼ਿਆਂ ਦੀ ਸਹਾਇਤਾ ਨਾਲ ਅਜੋਕਾ ਚਾਟੀਵਿੰਡ ਗੇਟ ਜਿਸ ਨੂੰ ਕਿ ਪਹਿਲਾਂ ਦਰਵਾਜ਼ਾ ਰਾਮਗੜ੍ਹੀਆਂ ਕਹਿੰਦੇ ਸਨ ਤੇ ਇਸ ਦੇ ਨਾਲ ਕਟੜਾ ਰਾਮਗੜ੍ਹੀਆਂ ਜਿਸ ਨੂੰ ਲੋਕੀਂ ਭੁੱਲ ਚੁੱਕੇ ਸਨ ਦੀ ਨਿਸ਼ਾਨਦੇਹੀ ਕਰਵਾਈ।ਬੁੰਗਾ ਰਾਮਗੜ੍ਹੀਆ ਦੀ ਸਾਂਭ ਸੰਭਾਲ ਵਿਚ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਕਰ ਰਹੇ ਸਨ।ਉਹ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਸ੍ਰੀ ਅੰਮ੍ਰਿਤਸਰ ਦੇ ਸਰਪ੍ਰਸਤ, ਪ੍ਰਿੰਟਿੰਗ ਪੈਕਿੰਗ ਐਂਡ ਅਲਾਇਡ ਇੰਡਸਟਰੀਜ਼ ਦੇ ਮੀਤ ਪ੍ਰਧਾਨ, ਅੰਮ੍ਰਿਤਸਰ ਵਿਕਾਸ ਮੰਚ ਦੇ ਜੀਵਨ ਮੈਂਬਰ ਸਨ।
ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਕੇ ਉਨ੍ਹਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਰਾਜ ਪੱਧਰੀ ਸਮਾਗਮ ਸਮੇਂ 10 ਨਵੰਬਰ 2007 ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਲੁਧਿਆਣਾ ਵਿਖੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ 2008, 2009 ਅਤੇ 2010 ਵਿਚ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ‘ਤੇ ਰਾਜ ਪੱਧਰੀ ਸਮਾਗਮਾਂ ਸਮੇਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੇ ਅਕਾਲ ਚਲਾਣਾ ਕਰਨ ਨਾਲ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਮੰਚ ਆਗੂਆਂ ਨੇ ਪਰਿਵਾਰਕ ਮੈਂਬਰਾਂ,ਸਬਧੀਆਂ ਨਾਲ ਇਸ ਦੁੱਖ ਦੀ ਘੜੀ ਵਿੱਚ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਵਾਹਿਗੁਰੂ ਅਗੇ ਅਰਦਾਸ ਕੀਤੀ ਹੈ ਕਿ ਉਹ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Punjab Post Daily Online Newspaper & Print Media