
ਫਾਜਿਲਕਾ, 27 ਜੂਨ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਹਰ ਪਿੰਡ, ਡੇਰੇ, ਢਾਣੀਆਂ ਆਦਿ ਵਿਚ ਵੱਸਦੇ ਪਿੰਡਾਂ ਦੇ ਗਰੀਬ ਅਤੇ ਜਰੂਰਤਮੰਦ ਲੋਕਾਂ ਤੱਕ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਦੀਨ ਦਿਆਲ ਉਪਧਿਆਏ ਗ੍ਰਾਮ ਜਯੋਤੀ ਯੋਜਨਾ ਤਹਿਤ 22.13 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਲੋਕ ਸਭਾ ਮੈਂਬਰ ਸ. ਸ਼ੇਰ ਸਿੰਘ ਘੁਬਾਇਆ ਨੇ ਜ਼ਿਲ੍ਹਾ ਇਲੈਕਟ੍ਰੀਸਿਟੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ, ਮੈਡਮ ਅਮ੍ਰਿਤ ਸਿੰਘ ਸਹਾਇਕ ਕਮਿਸ਼ਨਰ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ ਸ. ਚਰਨਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਹਰ ਗਰੀਬ ਪਰਿਵਾਰ ਤੱਕ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਯੋਜਨਾ ਤਹਿਤ ਉਨ੍ਹਾਂ ਗਰੀਬ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜਿੰਨ੍ਹਾਂ ਦੇ ਘਰਾਂ ਤੱਕ ਬਿਜਲੀ ਨਹੀਂ ਪਹੁੰਚੀ। ਗਰੀਬ ਪਰਿਵਾਰਾਂ ਨੂੰ ਬਿਜਲੀ ਦੀ ਸਪਲਾਈ ਪਹਿਲ ਦੇ ਆਧਾਰ ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ 209 ਪਿੰਡਾਂ ਵਿਚ ਇਸ ਯੋਜਨਾ ਤਹਿਤ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਰਡਰ ਏਰੀਆ ਵਿਕਾਸ ਸਕੀਮ ਤਹਿਤ 0 ਤੋਂ 10 ਕਿਲੋਮੀਟਰ ਏਰੀਆ ਵਿਚ ਪੈਂਦੇ ਜਲਾਲਾਬਾਦ ਹਲਕੇ ਦੇ 23 ਸਰਹੱਦੀ ਪਿੰਡਾਂ ਵਿਚ 23.38 ਲੱਖ ਰੁਪਏ ਨਾਲ ਘਰਾਂ, ਡੇਰਿਆਂ ਅਤੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਫਾਜ਼ਿਲਕਾ ਬਲਾਕ ਦੇ 41 ਪਿੰਡਾਂ ਵਿਚ 46 ਲੱਖ ਰੁਪਏ ਖਰਚ ਕਰਕੇ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੀਨ ਦਿਆਲ ਉਪਧਿਆਏ ਗ੍ਰਾਮ ਜਯੋਤੀ ਯੋਜਨਾ ਤਹਿਤ ਬਿਜਲੀ ਦੀਆਂ ਕੰਡਮ ਹੋ ਚੁੱਕੀਆਂ ਤਾਰਾਂ ਨੂੰ ਬਦਲਣ, ਨਵੇਂ ਟਰਾਂਸਫਾਰਮ ਰੱਖਣ, ਬਿਜਲੀ ਸਪਲਾਈ ਦੇ ਜਿਹੜੇ ਖੰਭੇ ਪੁਰਾਣੇ ਹੋ ਗਏ ਹਨ ਉਨ੍ਹਾਂ ਦੀ ਥਾਂ ਨਵੇਂ ਖੰਭੇ ਲਾ ਕੇ ਬਿਜਲੀ ਖੇਤਰ ਵਿਚ ਸੁਧਾਰ ਕਰਨਾ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਇਸ ਯੋਜਨਾ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਯੋਜਨਾਂ ਤਹਿਤ ਕਿਸੇ ਨੂੰ ਵੀ ਨਿੱਜੀ ਲਾਭ ਨਾ ਦਿੱਤਾ ਜਾਵੇ। ਬਲਕਿ ਇਸ ਯੋਜਨਾਂ ਤਹਿਤ ਮਿਲਣ ਵਾਲੇ ਫੰਡਾਂ ਨੂੰ ਬਿਜਲੀ ਸੁਧਾਰਾਂ ਦੇ ਖੇਤਰ ਵਿਚ ਵਰਤਿਆ ਜਾਵੇ ਤਾਂ ਕਿ ਆਮ ਲੋਕਾਂ ਤੱਕ ਬਿਜਲੀ ਦਾ ਚਾਨਣ ਪਹੁੰਚ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਜਲਾਲਾਬਾਦ ਦੇ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ, ਕੈਬਨਿਟ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਨਿੱਜੀ ਸਕੱਤਰ ਰਾਕੇਸ਼ ਸਹਿਗਲ, ਪਾਵਰ ਕਾਰਪੋਰੇਸ਼ਨ ਦੇ ਨਿਗਰਾਨ ਇੰਜਨੀਅਰ ਸ. ਪਰਮਪਾਲ ਸਿੰਘ, ਭਾਜਪਾ ਆਗੂ ਸ਼੍ਰੀਮਤੀ ਵਿਜੈ ਲਕਸ਼ਮੀ ਭਾਦੂ ਅਤੇ ਬੱਲੂਆਣਾ ਹਲਕੇ ਦੇ ਭਾਜਪਾ ਆਗੂ ਵੀ ਹਾਜਰ ਸਨ।
Punjab Post Daily Online Newspaper & Print Media