ਕੋਛੜ ਦੁਆਰਾ ਮੁੱਦਾ ਚੁੱਕੇ ਜਾਣ ‘ਤੇ ਪਰਤੀ ਪਾਕਿਸਤਾਨ ਸਥਿਤ ਗੁਰਧਾਮ ਦੀ ਸ਼ਾਨ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਦੀ ਤਹਿਸੀਲ ਨੁਸ਼ਹਿਰਾ ਵਿਰਕਾਂ ਦੇ ਪਿੰਡ ਭਾਈ ਕੇ ਮੱਟੂ ਵਿਚਲੇ ਇਤਿਹਾਸਕ ਗੁਰਦੁਆਰਾ ਖਾਰਾ ਸਾਹਿਬ ਦੀਆਂ ਰੰਗਦਾਰ ਤਸਵੀਰਾਂ ਜਾਰੀ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸ਼ਾਨ ਨੂੰ ਤਹਿਸ-ਨਹਿਸ ਕਰਦਿਆਂ ਉਨ੍ਹਾਂ ਦੀਆਂ ਕੰਧਾਂ ‘ਤੇ ਪਾਥੀਆਂ ਥੱਪੀਆਂ ਜਾ ਰਹੀਆਂ ਹਨ ਅਤੇ ਅੰਦਰ ਪਸ਼ੂ ਬੰਨੇ ਜਾ ਰਹੇ ਹਨ।ਇਤਿਹਾਸਕਾਰ ਸ਼੍ਰੀ ਕੋਛੜ ਦੀ ਇਸ ਕਾਰਵਾਈ ਦੇ ਬਾਅਦ ਦੇਸ਼-ਵਿਦੇਸ਼ ਵਿਚ ਪਾਕਿਸਤਾਨੀ ਭੂ-ਮਾਫੀਆ ਦੀ ਇਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਜਿਸ ‘ਤੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਕਾਰਵਾਈ ਕਰਦਿਆਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਖਾਰਾ ਸਾਹਿਬ ਦੀਆਂ ਦੀਵਾਰਾਂ ਤੋਂ ਪਾਥੀਆਂ ਅਤੇ ਅੰਦਰ-ਬਾਹਰ ਬੰਨ੍ਹੇ ਜਾ ਰਹੇ ਪਸ਼ੂ ਹਟਵਾ ਕੇ ਗੁਰਦੁਆਰਾ ਸਾਹਿਬ ਦੀ ਪਹਿਲਾਂ ਵਾਲੀ ਸ਼ਾਨ ਮੁੜ ਬਹਾਲ ਕਰ ਦਿੱਤੀ ਹੈ।
ਸ਼੍ਰੀ ਕੋਛੜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਮੁੱਢ ਤੋਂ ਇਹ ਦਾਵਾ ਕਰਦੀ ਆਈ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਪੂਰੀ ਤਰ੍ਹਾਂ ਸੁਰਖਿਅਤ ਹਨ, ਜਦੋਂਕਿ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਤਹਿਸੀਲ ਫਾਲੀਆਂ ਦੇ ਪਿੰਡ ਮਾਂਗਟ ਵਿਚਲੇ ਗੁਰੂ ਅਰਜਨ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਭਾਈ ਬੰਨੂ, ਪਿੰਡ ਜੈਸੁਖ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਕੇਰ ਸਾਹਿਬ, ਗੁਰਦੁਆਰਾ ਅਜੀਤਸਰ, ਦਰਬਾਰ ਬਾਬਾ ਸ੍ਰੀਚੰਦ (ਉਕਾੜਾ), ਗੁ. ਮਾਮੇਸਰ, ਛੋਟਾ ਨਾਨਕਿਆਣਾ, ਗੁ. ਦਫ਼ਤੂਹ, ਗੁ. ਥੰਮ ਸਾਹਿਬ (ਕਸੂਰ), ਗੁ. ਬਾਬਾ ਗੁਰਬਖ਼ਸ਼ ਸਿੰਘ (ਨੈਨਾਕੋਟ), ਗੁ. ਬਾਬਾ ਜਮੀਅਤ ਸਿੰਘ, ਗੁ. ਹਡਿਆਰਾ, ਗੁ. ਰਾਮਪੁਰਾ ਖੁਰਦ, ਗੁ. ਪਢਾਣਾਂ, ਗੁ. ਜਾਹਮਣ, ਗੁ. ਛੇਵੀਂ ਪਾਤਸ਼ਾਹੀ ਢਿਲਵਾਂ (ਲਾਹੌਰ), ਗੁ. ਭਾਈ ਲਾਲੂ, ਗੁ. ਦਮਦਮਾ ਸਾਹਿਬ (ਗੁਜਰਾਂਵਾਲਾ), ਗੁ. ਅਜਨੀਆ ਵਾਲਾ, ਗੁ. ਪਹਿਲੀ ਪਾਤਸ਼ਾਹੀ ਹਫ਼ਤ ਮਦਰ (ਸ਼ੇਖ਼ੂਪੁਰਾ), ਗੁਰਦੁਆਰਾ ਟਾਹਲੀ ਸਾਹਿਬ (ਨਾਰੋਵਾਲ), ਗੁ. ਗਲੋਟੀਆਂ (ਸਿਆਲਕੋਟ) ਸਹਿਤ ਤਿੰਨ ਦਰਜਨ ਤੋਂ ਵਧੇਰੇ ਗੁਰਦੁਆਰਾ ਸਾਹਿਬਾਨ ਦੀ ਸ਼ਾਨ ਇਸੇ ਪ੍ਰਕਾਰ ਤਹਿਸ-ਨਹਿਸ ਕਰਦਿਆਂ ਕਬਜ਼ਾਧਾਰੀ ਲੋਕ ਇਨ੍ਹਾਂ ਅਸਥਾਨਾਂ ਦੇ ਅੰਦਰ-ਬਾਹਰ ਦੀਆਂ ਕੰਧਾਂ ਨੂੰ ਪਾਥੀਆਂ ਥੱਪਣ ਦੇ ਨਾਲ-ਨਾਲ ਗੁਰਦੁਆਰਿਆਂ ਦੇ ਹਾਲ ਤੂੜੀ ਰੱਖਣ ਵਾਲੇ ਸਟੋਰ ਜਾਂ ਪਸ਼ੂ ਬੰਨ੍ਹਣ ਲਈ ਲਈ ਇਸਤੇਮਾਲ ਕਰ ਰਹੇ ਹਨ।ਸ਼੍ਰੀ ਕੋਛੜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਪਾਕਿਸਤਾਨ ਵਿਚਲੇ ਹੋਰਨਾਂ ਇਤਿਹਾਸਕ ਗੁਰ-ਅਸਥਾਨਾਂ ਦੀ ਹੋ ਰਹੀ ਦੁਰਦਸ਼ਾ ਵਲ ਵੀ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
Punjab Post Daily Online Newspaper & Print Media