ਪ੍ਰਵਾਸੀ ਪੰਜਾਬੀ ਗਠਬੰਧਨ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼
ਐਨ.ਡੀ.ਏ ਸਰਕਾਰ ਕਿਸਾਨ ਹਿਤੈਸੀ-ਕਿਸਾਨਾਂ ਨੂੰ ਫਸਲਾਂ ਦੇ ਵਾਜਬ ਰੇਟ ਤੇ ਫਸਲਾਂ ਦਾ ਹੋਵੇਗਾ ਬੀਮਾ

ਜੰਡਿਆਲਾ ਗੁਰੂ, 22 ਜੁਲਾਈ (ਹਰਿੰਦਰ ਪਾਲ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਦਲ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਵਿਰੁੱਧ ਆਪਣੀਆਂ ਵਿਦੇਸ਼ੀ ਕੱਠਪੁਤਲੀਆਂ ਨੂੰ ਹਥਿਆਰ ਬਣਾ ਕੇ ਨਾ ਵਰਤਣ। ਲੋਕਾਂ ਦੇ ਵਿਕਾਸ ਲਈ ਦ੍ਰਿੜ ਰਾਜ ਸਰਕਾਰ ਵਿਰੁੱਧ ਕੁਝ ਕੁ ਲੋਕਾਂ ਰਾਹੀਂ ਵਿਦੇਸ਼ਾਂ ਵਿਚ ਕੀਤੇ ਵਿਰੋਧ ਨੂੰ ਜਨਮਤ ਦਾ ਜਾਮਾ ਪਹਿਨਾਉਣ ਤੋਂ ਬਾਝ ਆਉਣ।
ਸ. ਬਾਦਲ ਅੱਜ ਹਲਕਾ ਜੰਡਿਆਲਾ ਗੁਰੂ ਵਿਖੇ ਸੰਗਤ ਦਰਸ਼ਨ ਕਰਨ ਲਈ ਪੁਹੰਚੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਵਿਰੋਧੀ ਪਾਰਟੀ ਰਾਜ ਸਰਕਾਰ ਦੇ ਹਰ ਇਕ ਪੱਖ ਨੂੰ ਆਪਣੇ ਮਨਪਰਚਾਵੇ ਦਾ ਸਾਧਨ ਬਣਾ ਰਹੀ ਹੈ ਅਤੇ ਵਿਦੇਸ਼ ਵਿਚ ਕੁਝ ਕੇ ਚੁਣੀਦੇ ਲੋਕਾਂ ਵਲੋਂ ਅਕਾਲੀ -ਭਾਜਪਾ ਸਰਕਾਰ ਵਿਰੁੱਧ ਵਿਖਾਵੇ ਕਰਕੇ ਜਨਮਤ ਦਾ ਵਿਖਾਵਾ ਕਰ ਰਹੇ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਵਿਰੁੱਧ ਪ੍ਰਵਾਸੀ ਪੰਜਾਬੀਆਂ ਦਾ ਵਿਰੋਧ ਨਹੀਂ ਸੀ ਇਹ ਤਾਂ ਕੇਵਲ ਉਨਾਂ ਲੋਕਾਂ ਦਾ ਵਿਖਾਵਾ ਸੀ ਜੋ ਵਿਰੋਧੀ ਦਲ ਦੇ ਕਠਪੁਤਲੀ ਹਨ।
ਸ. ਬਾਦਲ ਨੇ ਕਿਹਾ ਕਿ ਅਕਾਲੀ-ਬਾਜਪਾ ਸਰਕਾਰ ਲਗਾਤਾਰ ਦੂਸਰੀ ਵਾਰ ਸੱਤਾ ਵਿਚ ਆਈ ਹੈ ਤੇ ਲੋਕ ਸਰਕਾਰ ਦੇ ਕੰਮ ਤੋਂ ਖੁਸ਼ ਹਨ। ਉਨਾਂ ਕਿਹਾ ਕਿ ਗਠਬੰਧਨ ਸਰਕਾਰ ਨੇ ਹਰ ਵਰਗ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਲੋਕਾਂ ਦਾ ਰਾਜ ਸਰਕਾਰ ਵਿਚ ਵਿਸ਼ਵਾਸ ਕਾਇਮ ਹੈ। ਉਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਵਿਰੋਧੀਆਂ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੇਨੈਡਾ ਤੇ ਅਮਰੀਕਾ ਰਾਜ ਸਰਕਾਰ ਵਿਰੁੱਧ ਹੋਈਆਂ ਹਨ ਜਦਕਿ ਇਹ ਪ੍ਰਦਰਸ਼ਨ ਕੁਝ ਲੋਕਾਂ ਵਲੋਂ ਕੀਤਾ ਗਿਆ ਸੀ।
ਇਕ ਸਵਾਲ ਦਾ ਜਵਾਬ ਦੇਂਦਿਆਂ ਸ. ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਆਦਤ ਹੈ ਕਿ ਉਹ ਹਰ ਵੇਲੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਇਸੇ ਆਦਤ ਕਾਰਨ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਬੇਬੁਨਿਆਦ ਦੋਸ਼ ਲਗਾਉਂਦਾ ਹੈ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਵਲੋਂ ਲਗਾਏ ਜਾਂਦੇ ਸਾਰੇ ਦੋਸ਼ ਸੱਚਾਈ ਤੋਂ ਕੋਹਾਂ ਦੂਰ ਹਨ। ਉਨਾਂ ਕਿਹਾ ਕਿ ਜਦ ਕੈਪਟਨ ਸੱਤਾ ਵਿਚ ਸੀ ਤਾਂ ਇਸਨੇ ਕਈ ਦੋਸ਼ ਲਾਏ ਸਨ ਜੋ ਕਿ ਸਾਰੇ ਝੂਠੇ ਸਾਬਤ ਹੋਏ। ਕੈਪਟਨ ਵਲੋਂ ਸਰਕਾਰੀ ਮਸ਼ੀਨਰੀ ਦੀ ਪੂਰੀ ਦੁਰਵਰਤੋਂ ਕੀਤੀ ਗਈ ਕਿ ਬਾਦਲ ਪਰਿਵਾਰ ਤੇ ਦੋਸ਼ ਸਿੱਧ ਕੀਤੇ ਜਾ ਸਕਣ ਪਰ ਉਹ ਅਦਾਲਤ ਵਲੋਂ ਉਨਾਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ।
ਸ. ਬਾਦਲ ਨੇ ਪੱਤਰਕਾਰਾਂ ਦੇ ਸਵਲ ਦਾ ਜਵਾਬ ਦੇਦਿੰਆਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਕੇਂਦਰ ਦੀ ਕਾਂਗਰਸੀ ਸਰਕਾਰ ਵੇਲੇ ਬਚਾਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਸੀ ਪਰ ਹੁਣ ਕੇਂਦਰ ਵਿਚ ਐਨ.ਡੀ.ਏ ਸਰਕਾਰ ਵਲੋਂ ਕਿਸਾਨ ਹਿਤੈਸ਼ੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਕਿਸਾਨਾਂ ਦੀ ਫਸਲਾਂ ਦਾ ਵਾਜਬ ਮੁੱਲ ਦੇਣ ਤੋਂ ਇਲਾਵਾ ਫਸਲਾਂ ਦਾ ਬੀਮਾ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸੰਗਤ ਦਰਸ਼ਨ ਦੌਰਾਨ ਪਿੰਡ ਰਸੂਲਪੁਰ ਕਲਾਂ, ਦਸ਼ਮੇਸ਼ ਨਗਰ (ਜੋਗੀ ਪੀਰ), ਵਡਾਲਾ ਜੌਹਲ, ਵਡਾਲੀ ਡੋਗਰੀ, ਦੇਵੀਦਾਸਪੁਰਾ ਸਮੇਤ ਹੋਰ ਪਿੰਡਾਂ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਅਜਿਹੇ ਸੰਗਤ ਦਰਸ਼ਨ ਕਰਨ ਦਾ ਇਹੀ ਮਕਸਦ ਹੈ ਕਿ ਲੋਕਾਂ ਦੇ ਮਸਲੇ ਉਨਾਂ ਦੇ ਘਰ ਬੈਠ ਕੇ ਹੱਲ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਬਹੁਤ ਹੀ ਲਾਹੇਵੰਦ ਹਨ ਕਿਉਕਿ ਇਨ੍ਹਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਥੇ ਤੁਰੰਤ ਨਿਪਟਾਰਾ ਹੁੰਦਾ ਹੈ ਉਥੇ ਸਬੰਧਿਤ ਅਫਸਰਸ਼ਾਹੀ ਵੀ ਲੋਕਾਂ ਦੀ ਸੇਵਾ ਲਈ ਹਾਜ਼ਰ ਹੁੰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਜੀਤ ਸਿੰਘ ਜਲਾਲ ਉਸਮਾਂ ਵਿਧਾਇਕ ਜੰਡਿਆਲਾ ਗੁਰੂ, ਮੁੱਖ ਮੰਤਰੀ ਪੰਜਾਬ ਦੇ ਸਪੈਸ਼ਲ ਪ੍ਰਿੰਸੀਪਲ ਸੈਕਰਟਰੀ ਸ੍ਰੀ ਅਜੋਏ ਕੁਮਾਰ ਸ਼ਰਮਾ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਰਨ, ਸ੍ਰੀ ਏ.ਕੇ ਮਿੱਤਲ ਡੀ.ਆਈ.ਜੀ , ਸ੍ਰੀ ਜਸਦੀਪ ਸਿੰਘ ਐਸ.ਐਸ.ਪੀ (ਦਿਹਾਤੀ), ਸ੍ਰੀ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਾਬਕਾ ਚੇਅਰਮੈਨ ਸ੍ਰੀ ਸਕੱਤਰ ਸਿੰਘ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media