ਪੰਜਾਬ ਵਿੱਚ ਅੱਤਵਾਦ ਮੁੜ ਸੁਰਜੀਤ ਹੋਣ ਦੀ ਕੋਈ ਸੰਭਾਵਨਾ ਨਹੀਂ

ਅੰਮ੍ਰਿਤਸਰ, 27 ਜੁਲਾਈ (ਗੁਰਚਰਨ ਸਿੰਘ) – ਮੁੱਖ ਮੰਤਰੀ ਪੰਜਾਬ ਸz ਪਰਕਾਸ਼ ਸਿੰਘ ਬਾਦਲ ਨੇ ਦੀਨਾ ਨਗਰ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਘਿਨੌਣਾ ਕਾਂਡ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਫੈਲੇ ਅੱਤਵਾਦ ਦੇ ਖਾਤਮੇ ਲਈ ਸਖਤ ਨੀਤੀ ਬਣਾਵੇ। ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਕਾਰਾ ਬਹੁਤ ਹੀ ਸ਼ਰਮਨਾਕ ਅਤੇ ਬਦਕਿਸਮਤੀ ਵਾਲਾ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਅੱਤਵਾਦੀ ਕਾਰਵਾਈਆਂ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਕੇਂਦਰ ਸਰਕਾਰ ਅੱਤਵਾਦ ਦੇ ਖਾਤਮੇ ਲਈ ਠੋਸ ਨੀਤੀ ਅਖਤਿਆਰ ਕਰੇ। ਸz ਬਾਦਲ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਵਾਸੀਆਂ ਦੀਆਂ ਕੀਮਤੀ ਜਾਨਾਂ ਅੱਤਵਾਦ ਦੀ ਭੇਟ ਨਹੀਂ ਚੜਾ ਸਕਦੇ।
ਕੇਂਦਰ ਅੱਤਵਾਦ ਦੇ ਖਾਤਮੇ ਲਈ ਠੋਸ ਕੌਮੀ ਨੀਤੀ ਅਪਣਾਵੇ
ਪੱਤਰਕਾਰਾਂ ਵੱਲੋਂ ਅੱਤਵਾਦੀਆਂ ਦੇ ਸਰਹੱਦ ਪਾਰ ਤੋਂ ਆਉਣ ਬਾਰੇ ਪੁੱਛੇ ਜਾਣ ਤੇ ਸz ਬਾਦਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਂਦੇ ਅੱਤਵਾਦੀਆਂ ਨੂੰ ਰੋਕਣ ਲਈ ਸਰਹੱਦਾਂ ਨੂੰ ਚੰਗੀ ਤਰ੍ਹਾਂ ਸੀਲ ਕਰਨਾ ਸਮੇਂ ਦੀ ਲੋੜ ਹੈ। ਕੇਂਦਰ ਸਰਕਾਰ ਇਸ ਪਾਸੇ ਖਾਸ ਤਵੱਜੋਂ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ‘ਤੇ ਸਖਤੀ ਨਾਲ ਨਜ਼ਰ ਰੱਖ ਕੇ ਅਜਿਹੇ ਅੱਤਵਾਦੀ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ।
ਪੰਜਾਬ ਵਿੱਚ ਅੱਤਵਾਦ ਫੈਲਣ ਦੇ ਬਣ ਰਹੇ ਮਾਹੌਲ ਬਾਰੇ ਪੁੱਛੇ ਜਾਣ ਤੇ ਸ. ਬਾਦਲ ਨੇ ਕਿਹਾ ਕਿ ਇਸ ਘਟਨਾ ਦਾ ਪੰਜਾਬ ਦੇ ਅੱਤਵਾਦ ਨਾਲ ਕੋਈ ਸਬੰਧ ਨਹੀਂ ਕਿਉਂਕਿ ਇਹ ਅੱਤਵਾਦੀ ਸਰਹੱਦ ਪਾਰ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੰਬੇ ਸੰਘਰਸ਼ ਤੋਂ ਬਾਅਦ ਅਮਨ ਸ਼ਾਤੀ ਆਈ ਹੈ ਅਤੇ ਸਾਡੀ ਸਰਕਾਰ ਹਰ ਸੰਭਵ ਕੋਸ਼ਿਸ਼ ਹੈ ਕਿ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਆਗਿਆ ਨਹਂੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਜਿੰਨਾਂ ਨੇ ਸਵੇਰ ਤੋਂ ਬੀਮਾਰ ਹੋਣ ਕਾਰਨ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇਸ ਘਟਨਾ ਦੀ ਖ਼ਬਰ ਸੁਣ ਕੇ ਲਗਾਤਾਰ ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰ ਦੇ ਪੁਲਿਸ ਪ੍ਰਸਾਸ਼ਨ ਨਾਲ ਫੋਨ ਤੇ ਰਾਬਤਾ ਰੱਖਦੇ ਰਹੇ। ਉਨ੍ਹਾਂ ਨੇ ਡੀ:ਜੀ:ਪੀ ਪੰਜਾਬ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚਣ। ਸ. ਬਾਦਲ ਨੇ ਕਿਹਾ ਕਿ ਇਹ ਹਮਲਾ ਦੇਸ਼ ਦੀ ਏਕਤਾ ਅਤੇ ਅਖੰਡਤਾ ‘ਤੇ ਹਮਲਾ ਹੈ ਜਿਸ ਨੂੰ ਪ੍ਰਮਾਤਮਾ ਦੀ ਕ੍ਰਿਪਾ ਨਾਲ ਸ਼ਾਮ ਤੱਕ ਫਤਿਹ ਕਰਕੇ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਜਾਵੇਗਾ।
ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਿਜ਼ਦਾ
ਸ. ਬਾਦਲ ਨੇ ਅੱਤਵਾਦ ਦੇ ਖਾਤਮੇ ਲਈ ਲੋਕਾਂ ਵੱਲੋਂ ਮਿਲਣ ਵਾਲੀ ਹਮਾਇਤ ਦੀ ਸਰਾਹਨਾ ਕਰਦਿਆਂ ਕਿਹਾ ਿਕ ਦੇਸ਼ ਵਾਸੀ ਅਜਿਹੇ ਅੱਤਵਾਦੀ ਹਮਲਿਆਂ ਮੌਕੇ ਇਕ ਹੋ ਕੇ ਇਨ੍ਹਾਂ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਰਹੇ ਹਨ ਅਤੇ ਰਹਿਣਗੇ। ਇਸ ਉਪਰੰਤ ਮੁੱਖ ਮੰਤਰੀ ਪੰਜਾਬ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪਹੁੰਚੇ ਉਨ੍ਹਾਂ ਨੇ ਦੀਨਾ ਨਗਰ ਹਮਲੇ ਵਿੱਚ ਜਖਮੀ ਹੋਏ ਲੋਕ ਜਿੰਨਾਂ ਨੂੰ ਇਥੇ ਦਾਖਲ ਕਰਵਾਇਆ ਜਾ ਚੁੱਕਾ ਸੀ ਦਾ ਹਾਲ-ਚਾਲ ਪੁੱਛਿਆ। ਸ. ਬਾਦਲ ਨੇ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦਾ ਮੁਫ਼ਤ ਇਲਾਜ ਕਰਨ। ਉਨ੍ਹਾਂ ਨੇ ਜਖਮੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰਾਜ ਸਰਕਾਰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ. ਬਾਦਲ ਨੇ ਹਮਲੇ ਵਿੱਚ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਅਤੇ ਆਮ ਲੋਕਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਇਨ੍ਹਾਂ ਦੀ ਸ਼ਹੀਦੀ ਦੇ ਸਦਾ ਕਰਜਾਈ ਰਹਿਣਗੇ। ਮੁੱਖ ਮੰਤਰੀ ਪੰਜਾਬ ਨੇ ਹਮਲੇ ਵਿੱਚ ਸ਼ਹੀਦ ਹੋਏ ਐਸ:ਪੀ: ਸ. ਬਲਜੀਤ ਸਿੰਘ ਦੀ ਸ਼ਹਾਦਤ ਅੱਗੇ ਸਿਰ ਝਕਾਉਂਦਿਆਂ ਕਿਹਾ ਕਿ ਉਸ ਨੇ ਆਪਣੇ ਫ਼ਰਜਾਂ ਦੀ ਪਾਲਣਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ: ਐਸ:ਕਰੁਨਾਰਾਜੂ, ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਔਲਖ ਸਮੇਤ ਕਈ ਅਧਿਕਾਰੀ ਹਾਜ਼ਰ ਹੋਏ।
Punjab Post Daily Online Newspaper & Print Media