Thursday, March 26, 2026

ਮਾਲੇਰਕੋਟਲੇ ਦਾ ਸਿਵਲ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਹੋਇਆ ਬੇਸਹਾਰਾ

ਉਚ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਕੇ ਬਣਦੀਆਂ ਸਹੂਲਤਾਂ ਦੇਣ ਦਾ ਯਤਨ ਕਰਾਂਗੇ- ਜਿਆਣੀ

PPN1208201508ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਦੇ ਨਾਅਰੇ ਦੀ ਪਵਿੱਤਰ ਧਰਤੀ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲਾਂ ‘ਚ ਮਿਆਰੀ ਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਾਉਣ ਪੱਖੋਂ ਸ਼ਹਿਰ ਦੇ ਵਸਨੀਕਾਂ ਨੂੰ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤ ਪੂਰਨ ਲਈ ਖਾਲੀ ਡਫਲੀ ਹੀ ਬਜਾਈ ਜਾ ਰਹੀ ਹੈ।ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਸੈਂਕੜੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਮਾਲੇਰਕੋਟਲਾ ਤੋਂ ਇਲਾਵਾ ਡੇਢ ਸੋ ਪਿੰਡਾਂ ਨਾਲ ਸੰਬੰਧਿਤ ਮਰੀਜ਼ ਆਪਣਾ ਇਲਾਜ ਕਰਾਉਣ ਲਈ ਆਉਂਦੇ ਹਨ ਪਰ ਗਰੇਡ ‘ਏ’ ਸ਼੍ਰੇਣੀ ਵਿੱਚ ਆਉਂਦੇ ਇਸ ਹਸਪਤਾਲ ‘ਚ ਸਿਹਤ ਸਹੂਲਤਾਂ ਨਾਮਾਤਰ ਹੀ ਮਿਲਦੀਆਂ ਨਜ਼ਰ ਆ ਰਹੀਆਂ ਹਨ।ਮਾਲੇਰਕੋਟਲਾ ਦੀ ਬਦਕਿਸਮਤੀ ਕਹੀਏ ਜਾਂ ਸਿਆਸੀ ਸ਼ੋਸ਼ਣ!ਇਸ ਹਲਕੇ ਤੋਂ ਚੁਣੇੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੇ ਸਰਕਾਰ ਵਿੱਚ ਬੈਠਿਆਂ ਕਦੇ ਹਸਪਤਾਲ ਦੀ ਤਰੱਕੀ ਲਈ ਠੋਸ ਤਰੀਕੇ ਨਾਲ ਆਵਾਜ ਬੁਲੰਦ ਨਹੀ ਕੀਤੀ ਅਤੇ ਨਾ ਹੀ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਵੱਲ ਕੋਈ ਖਾਸ ਧਿਆਨ ਹੀ ਦਿੱਤਾ ਹੈ,ਜਿਸ ਕਾਰਨ ਦਿਨੋ-ਦਿਨ ਇਸ ਹਸਪਤਾਲ ਅੰਦਰ ਸਿਹਤ ਸਹੂਲਤਾਂ ਠੱਪ ਹੁੰਦੀਆਂ ਜਾ ਰਹੀਆਂ ਹਨ।ਕਿਸੇ ਸਮੇਂ ਗਿਣਤੀ ਪੱਖੋਂ ਮਰੀਜਾਂ ਨਾਲ ਖਚਾ-ਖਚ ਭਰੇ ਰਹਿਣ ਵਾਲੇ ਇਸ ਸਰਕਾਰੀ ਹਸਪਤਾਲ ਵਿੱਚ ਹੁਣ ਜਿਆਦਾਤਰ ਦਿਹਾੜੀ ਕਰਨ ਵਾਲੀ ਗਰੀਬ ਜਨਤਾ ਹੀ ਆਉਂਦੀ ਹੈ ਜਿਹੜੀ ਪ੍ਰਾਈਵੇਟ ਇਲਾਜ ਕਰਾਉਣ ਤੋਂ ਹੀ ਅਸਮਰੱਥ ਹੈ।ਥੋੜ੍ਹਾ ਬਹੁਤ ਖਰਚਾ ਕਰਨ ਵਾਲੇ ਆਮ ਲੋਕ ਤਾਂ ਹੁਣ ਸਰਕਾਰੀ ਹਸਪਤਾਲ ਤੋਂ ਪਾਸਾ ਹੀ ਵੱਟਦੇ ਜਾ ਰਹੇ ਹਨ।ਇਸ ਪੱਛੜੇ ਸ਼ਹਿਰ ਦੇ ਗਰੀਬਾਂ ਲਈ ਮਸੀਹਾ ਵੱਜੋਂ ਜਾਣੇ ਜਾਂਦੇ ਸਰਕਾਰੀ ਹਸਪਤਾਲ ਅੰਦਰ ਸੁਧਾਰ ਲਿਆਉਣ ਲਈ ਮੌਜੂਦਾ ਸਰਕਾਰ ਨੇ ਕੋਈ ਉਪਰਾਲਾ ਨਹੀ ਕੀਤਾ।ਇੱਥੇ ਤਾਇਨਾਤ ਡਾਕਟਰ ਨਾ ਤਾਂ ਸਮੇਂ ਸਿਰ ਆਪਣੇ ਕਮਰਿਆਂ ਵਿੱਚ ਬੈਠਦੇ ਹਨ,ਅਤੇ ਨਾ ਹੀ ਹਸਪਤਾਲ ਦੀ ਓ.ਪੀ.ਡੀ. ਕੀਤੇ ਜਾਣ ਵੱਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦਾ ਧਿਆਨ ਜਾਂਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਕਈ-ਕਈ ਘੰਟੇ ਡਾਕਟਰਾਂ ਦੀ ਉਡੀਕ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ।ਅੱਜ ਸਰਕਾਰੀ ਹਸਪਤਾਲ ਦੀ ਹਾਲਤ ਇਹ ਹੈ ਕਿ ਇਥੇ ਕਈ ਮਾਹਿਰ ਡਾਕਟਰਾਂ ਦੀ ਵੱਡੀ ਪੱਧਰ ‘ਤੇ ਘਾਟ ਹੈ।ਕਈ ਡਾਕਟਰਾਂ ਦੀਆਂ ਪੋਸਟਾਂ ਤਾਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਚੱਲੀਆਂ ਆ ਰਹੀਆਂ ਹਨ,ਬੱਚਿਆਂ ਦੇ ਮਾਹਿਰ ਡਾਕਟਰ ਦੀ ਪੋਸਟ ਅੱਠ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਈ ਹੋਣ ਦੇ ਚੱਲਦਿਆਂ ਹੁਣ ਜਦ ਹਸਪਤਾਲ ਵਿਚ ਬੱਚਿਆਂ ਦੇ ਡਾਕਟਰ ਦੀ ਪੋਸਟਿੰਗ ਹੋ ਗਈ ਹੈ ਤਾਂ ਉਹਨਾਂ ਨੂੰ ਅਜੇ ਤੱਕ ਬੱਚਿਆ ਦਾ ਇਲਾਜ ਕਰਨ ਲਈ ਬੱਚਾ ਵਾਰਡ ਦੇਣਾ ਤਾਂ ਦੂਰ ਦੀ ਗੱਲ ਹਸਪਤਾਲ ਵਿਚ ਬਣਦੀ ਓ.ਪੀ.ਡੀ. ਸਮੇਂ ਵੀ ਡਾਕਟਰ ਤੋਂ ਹੋਰ ਕੰਮ ਲਏ ਜਾ ਰਹੇ ਹਨ ਜਿਸ ਕਾਰਣ ਹੁਣ ਬੱਚਾ ਵਾਰਡ ਨੂੰ ਪ੍ਰਬੰਧਕਾਂ ਨੇ ਸਟੋਰ ਬਣਾ ਕੇ ਰੱਖ ਦਿੱਤਾ ਹੈ ।ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕੁਝ ਸਮਾਂ ਪਹਿਲਾਂ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਚ ਪੈਂਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਦੌਰਾ ਕਰਕੇ ਉਥੇ ਮਿਲਦੀਆਂ ਸਿਹਤ ਸਹੂਲਤਾਂ ਅਤੇ ਘਾਟਾਂ ਬਾਰੇ ਪੂਰੀ ਰਿਪੋਰਟ ਤਿਆਰ ਕਰਕੇ ਭੇਜਣ ਦੇ ਦਿੱਤੇ ਗਏ ਆਦੇਸਾਂ ‘ਤੇ ਸਥਾਨਕ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਨੇ ਆਪਣੇ ਪੂਰੇ ਕਾਫਲੇ ਸਮੇਤ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ।ਦੌਰੇ ਸਮੇਂ ਬੀਬੀ ਫਰਜ਼ਾਨਾ ਨੇ ਦਾਅਵਾ ਕੀਤਾ ਸੀ ਕਿ ਇਸ ਹਸਪਤਾਲ ਅੰਦਰ ਖਾਲੀ ਪਈਆਂ ਪੋਸਟਾਂ (ਬੱਚਿਆਂ ਦੇ ਡਾਕਟਰ ਦੀ ਪੋਸਟ ਸਮੇਤ ਲੇਡੀ ਡਾਕਟਰ) ਦੀ ਨਿਯੁਕਤੀ ਅਗਲੇ ਕੁਝ ਦਿਨਾਂ ਵਿੱਚ ਹੀ ਕਰ ਦਿੱਤੀ ਜਾਵੇਗੀ ਜਿਸ ਨੂੰ ਭਾਵੇਂ ਵਿਧਾਇਕਾ ਨੇ ਪੂਰਾ ਕਰਦਿਆਂ ਆਪਣਾ ਫਰਜ਼ ਨਿਭਾਇਆ ਸੀ।ਹਸਪਤਾਲ ‘ਚ ਤਾਇਨਾਤ ਡਾਕਟਰ ਓ.ਪੀ.ਡੀ. ਕਰਨ ਉਪਰੰਤ ਹਸਪਤਾਲ ‘ਚ ਰਹਿਣ ਦੀ ਬਜਾਏ ਆਪੋ-ਆਪਣੇ ਘਰਾਂ ਨੁੰ ਤੁਰਦੇ ਬਣਦੇ ਹਨ।ਦੁਪਿਹਰ ਤੋਂ ਬਾਅਦ ਕੋਈ ਵੀ ਮਾਹਿਰ ਡਾਕਟਰ ਮੁਹੱਈਆ ਨਾ ਹੋਣ ਕਾਰਨ ਛੋਟੀ-ਛੋਟੀ ਬਿਮਾਰੀ ਵਾਲੇ ਐਮਰਜੈਂਸੀ ਮਰੀਜ਼ਾਂ ਨੂੰ ਵੀ ਲੁਧਿਆਣੇ ਜਾਂ ਪਟਿਆਲੇ ਰੈਫਰ ਕਰ ਦਿੱਤਾ ਜਾਂਦਾ ਹੈ।ਮਜਬੂਰੀ ਵਸ ਲੋਕ ਬਾਹਰੀ ਪ੍ਰਾਇਵੇਟ ਹਸਪਤਾਲਾਂ ਤੋਂ ਅਪਣੀ ਲੁੱਟ ਕਰਾਉਣ ਲਈ ਮਜ਼ਬੂਰ ਹੋ ਜਾਂਦੇ ਹਨ।

ਕੀ ਕਹਿੰਦੇ ਨੇ ਪੰਜਾਬ ਦੇ ਸਿਹਤ ਮੰਤਰੀ :-ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨਾਲ ਸੰਪਰਕ ਕੀਤੇ ਜਾਣ ਤੇ ਉਹਨਾਂ ਕਿਹਾ ਕਿ ਮੇਰੀ ਜਾਣਕਾਰੀ ਵਿਚ ਨਹੀਂ ਸੀ ਕਿ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਡਾਕਟਰਾਂ ਦੀ ਘਾਟ ਦੇ ਚੱਲਦਿਆਂ ਖੱਜਲ-ਖੁਆਰ ਹੋਣਾ ਪੈਂਦਾ ਹੈ ਪਰ ਮੈਂ ਹੁਣੇ ਇਸ ਸਬੰਧੀ ਉਚ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਕੇ ਬਣਦੀਆਂ ਸਹੂਲਤਾਂ ਦੇਣ ਦਾ ਯਤਨ ਕਰਾਂਗੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply