
ਅੰਮ੍ਰਿਤਸਰ, ੧੭ ਅਗਸਤ (ਗੁਰਪ੍ਰੀਤ ਸਿੰਘ) – ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸ: ਸੁਰਿੰਦਰ ਸਿੰਘ ਮਿਠੜੀ ਦੇ ਅਕਾਲ ਚਲਾਣੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ: ਸੁਰਿੰਦਰ ਸਿੰਘ ਮਿਠੜੀ ਬਹੁਤ ਸ਼ਾਂਤ ਤੇ ਸਾਊ ਸੁਭਾਅ ਦੇ ਮਾਲਕ ਸਨ ਉਨ੍ਹਾਂ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਲੰਮਾ ਸਮਾਂ ਪੰਜਾਬ ਤੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਉਨ੍ਹਾਂ ਦੇ ਸਪੁੱਤਰ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਮ ਤੇ ਮੌਤ ਦੋਵੇਂ ਪ੍ਰਮਾਤਮਾ ਦੇ ਵੱਸ ਹਨ। ਜਿਹੜਾ ਵੀ ਇਨਸਾਨ ਇਸ ਮਾਤ ਲੋਕ ਵਿੱਚ ਆਇਆ ਹੈ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਕ ਦਿਨ ਉਸਨੇ ਪ੍ਰਲੋਕ ਗਮਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸ: ਸੁਰਿੰਦਰ ਸਿੰਘ ਮਿਠੜੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਪ੍ਰੀਵਾਰ ਤੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਰਦਾਸ ਹੈ ਕਿ ਸਤਿਗੁਰੂ ਜੀ ਸ: ਸੁਰਿੰਦਰ ਸਿੰਘ ਮਿਠੜੀ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ, ਪਿੱਛੇ ਪ੍ਰੀਵਾਰ ਤੇ ਸਨੇਹੀਆਂ ਨੂੰ ਬਲ ਪ੍ਰਦਾਨ ਕਰਨ।
Punjab Post Daily Online Newspaper & Print Media