
ਪਠਾਨਕੋਟ, 18 ਅਗਸਤ (ਪ.ਪ) – ਚਾਲੂ ਵਿੱਤੀ ਸਾਲ ਦੌਰਾਨ ਸ਼ਹਿਰ ਪਠਾਨਕੋਟ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਤੇ ਨਵ-ਉਸਾਰੀ ਕਰਵਾ ਦਿੱਤੀ ਜਾਵੇਗੀ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਖੁਬਸੂਰਤ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਸ਼ਾਹਪੁਰ ਚੌਕ ਤੋਂ ਸਰਕਾਰੀ ਕਾਲਜ ਪਠਾਨਕੋਟ ਨੂੰ ਜਾਣ ਵਾਲੀ ਸਰਕੂਲਰ ਰੋਡ ਦੀ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਕੀਤੀ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ‘ਤੇ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਉਸਾਰੀ ਦਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਤਿੰਨ ਕਿਲੋਮੀਟਰ ਲੰਬੀ ਸੜਕ ਸਰਕਾਰੀ ਕਾਲਜ ਤੋਂ ਹੁੰਦੀ ਹੋਈ ਮਿਸ਼ਨ ਰੋਡ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਜਿੱਥੇ ਸ਼ਹਿਰ ਵਿਚੋਂ ਟ੍ਰੈਫਿਕ ਘੱਟੇਗੀ, ਉੱਥੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਇਸ ਸੜਕ ਦਾ ਲਾਭ ਮਿਲੇਗਾ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਕਾਠ ਵਾਲੇ ਪੁੱਲ ਦੇ ਨੇੜੇ ਸਰਕੂਲਰ ਰੋਡ ਨੂੰ ਲਿੰਕ ਕਰਨ ਵਾਲਾ ਉਸਾਰਿਆ ਜਾ ਰਿਹਾ ਨਵਾਂ ਪੁੱਲ ਅਕਤੂਬਰ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 21 ਕਰੋੜ ਰੁਪਏ ਖਰਚ ਕਰਕੇ ਚੱਕੀ ਪੁੱਲ ਤੋਂ ਮਾਮੂਨ ਤੱਕ ਜਾਂਦੀ ਸੜਕ ਨੂੰ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ ਅਤੇ ਇਸ ਸੜਕ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਬਣਨ ਨਾਲ ਪਠਾਨਕੋਟ ਜ਼ਿਲ੍ਹੇ ਦਾ ਵਿਕਾਸ ਵੱਡੇ ਪੱਧਰ ‘ਤੇ ਹੋਇਆ ਹੈ ਅਤੇ ਇਕੱਲੇ ਸ਼ਹਿਰ ਪਠਾਨਕੋਟ ਵਿੱਚ 200 ਕਰੋੜ ਰੁਪਏ ਦੇ ਵਿਕਾਸ ਦੇ ਕਾਰਜ ਆਰੰਭੇ ਗਏ ਹਨ। ਜਿਸ ਵਿੱਚ ਸਰਕਾਰੀ ਕਾਲਜ, ਆਧੁਨਿਕ ਖੇਡ ਸਟੇਡੀਅਮ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਆਡੀਟੋਰੀਅਮ, ਸ਼ਾਪਿੰਗ ਕੰਪਲੈਕਸ, ਢਾਂਗੂ ਰੋਡ ਦੀ ਉਸਾਰੀ ਦੇ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਬਜੀ ਮੰਡੀ ਨੂੰ ਜਾਂਦੀ ਸੜਕ ਅਤੇ ਕੋਰਟ ਕੰਪਲੈਕਸ ਦੀ ਉਸਾਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਕਾਲਜ ਦੇ ਬਣਨ ਨਾਲ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਸਿੱਖਿਆ ਮਿਲੇਗੀ, ਉੱਥੇ ਉੱਚ ਕਵਾਲੀਫਾਇਡ ਟੀਚਰ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਕਾਲਜ ਵਿੱਚ ਆਰਟਸ ਤੋਂ ਇਲਾਵਾ ਸਾਇੰਸ ਅਤੇ ਕਮਰਸ ਦੇ ਵਿਸ਼ੇ ਵੀ ਪੜ੍ਹਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਬਣਨ ਨਾਲ ਨੌਜਵਾਨਾਂ ਵਿੱਚ ਖੇਡਾਂ ਦੀ ਰੂਚੀ ਵਧੇਗੀ ਅਤੇ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਉਨ੍ਹਾਂ ਨੇ ਨਗਰ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਵਾਉਣ ਅਤੇ ਜਿੰਨ੍ਹਾਂ ਕੰਮਾਂ ਦੇ ਟੈਂਡਰ ਹੋ ਗਏ ਹਨ, ਉਨ੍ਹਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਵਾਉਣ ਵਿੱਚ ਤੇਜ਼ੀ ਲਿਆਉਣ।
ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਨੇ ਦੱਸਿਆ ਕਿ 11 ਕਰੋੜ ਰੁਪਏ ਦੇ ਨਵੇਂ ਕੰਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ 100 ਕਰੋੜ ਰੁਪਏ ਦੇ ਕੰਮਾਂ ਦੀ ਯੋਜਨਾ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੇ.ਡੀ. ਸਿੰਘ, ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ ਅਤੇ ਬਲਰਾਜ ਸਿੰਘ ਨੋਨੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਮਨਮੋਹਨ ਸਰੰਗਲ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਪਠਾਨਕੋਟ, ਸੰਦੀਪ ਖੰਨਾ ਸਹਾਇਕ ਇੰਜੀਨੀਅਰ, ਪ੍ਰਵੀਨ ਕੁਮਾਰ, ਰੋਹਿਤ ਪੁਰੀ, ਸ਼ਮਸ਼ੇਰ ਸਿੰਘ, ਵਿਨੋਦ ਕਾਟਲ, ਰਾਕੇਸ਼ ਕੁਮਾਰ (ਪੰਜੇ ਨਗਰ ਕੌਂਸਲਰ), ਰਾਕੇਸ਼ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਪੱਤਵੰਤੇ ਸ਼ਹਿਰੀ ਹਾਜ਼ਰ ਸਨ।
Punjab Post Daily Online Newspaper & Print Media