
ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਸਥਾਨਕ ਐਸ.ਡੀ.ਐੱਮ ਸ਼੍ਰੀ ਅਮਿਤ ਬੈਂਬੀ ਨੇ ਅੱਜ ਵੱਖ-ਵੱਖ ਮਹਿਕਮੀਆਂ ਜਿਸ ਵਿੱਚ ਮਾਲ ਵਿਭਾਗ, ਨਗਰ ਕੌਂਸਲ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ, ਡੇਅਰੀ ਮਾਲਕਾਂ, ਪੁਲੀਸ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਸ਼ਹਿਰ ਅੰਦਰ ਘੁਮੰਦੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਬੈਂਬੀ ਨੇ ਕਿਹਾ ਕਿ ਸ਼ਹਿਰ ਅੰਦਰ ਘੁੰਮਦੇ ਬੇਸਹਾਰਾ ਪਸ਼ੂ ਇੱਕ ਸਮਾਜਿਕ ਸਮੱਸਿਆ ਬਣ ਗਏ ਹਨ। ਇਸ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ ਸਾਹਮਣੇ ਆਇਆ ਕਿ ਇਹ ਪਸ਼ੂ ਜਾਨੀ ਅਤੇ ਮਾਲੀ ਨੁਕਸਾਨ ਤਾਂ ਕਰਦੇ ਹੀ ਹਨ ਨਾਲ ਹੀ ਸਮਾਜਿਕ ਤਣਾਅ ਦਾ ਕਾਰਨ ਵੀ ਬਣਦੇ ਹਨ। ਉਹਨਾਂ ਨੇ ਦੱਸਿਆ ਕਿ ਮੀਟਿੰਗ ਨੇ ਫ਼ੈਸਲਾ ਲਿਆ ਹੈ ਕਿ ਸ਼ਹਿਰ ਅੰਦਰ ਘੰਮਦੇ ਪਾਲਤੂ ਦੁਧਾਰੂ ਪਸ਼ੂ ਮਾਲਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਪਾਲਤੂ ਪਸ਼ੂਆਂ ਨੂੰ ਖੁੱਲ੍ਹਾ ਨਾ ਛੱਡਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਖੁੱਲ੍ਹੇ ਫਿਰਦੇ ਪਸ਼ੂਆਂ ਨੂੰ ਗਊਸ਼ਾਲਾ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ, ਬਾਹਰੋਂ ਆ ਕੇ ਸ਼ਹਿਰ ਅੰਦਰ ਪਸ਼ੂ ਛੱਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਸ਼ੂ ਵਿਭਾਗ ਕੋਲ ਮੌਜੂਦ ਪਸ਼ੂ ਗਣਨਾ ਅੰਕੜਿਆਂ ਮੁਤਾਬਕ ਪਿੰਡਾਂ ਅਤੇ ਸ਼ਹਿਰਾਂ ਅੰਦਰ ਪਸ਼ੂਆਂ ਦੀ ਗਿਣਤੀ ਦਾ ਸਹੀ ਅੰਕੜਾ ਪ੍ਰਾਪਤ ਕੀਤਾ ਜਾਵੇਗਾ ਅਤੇ ਗਊਸ਼ਾਲਾ ਦੇ ਪ੍ਰਬੰਧਕ ਵੀ ਬੇਸਹਾਰਾ ਪਸ਼ੂਆਂ ਦੀ ਸਾਂਭ -ਸੰਭਾਲ ਵਿੱਚ ਪੂਰਨ ਸਹਿਯੋਗ ਦੇਣਗੇ। ਬੈਠਕ ਵਿੱਚ ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿਕੰਦ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ, ਮਾਲ ਵਿਭਾਗ ਦੇ ਅਧਿਕਾਰੀ, ਪਸ਼ੂ ਪਾਲਣ ਵਿਭਾਗ ਦੇ ਡਾਕਟਰ ਮੁਹੰਮਦ ਰਮਜ਼ਾਨ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਗਲਾ, ਅਮਨ ਥਾਪਰ ਆਦਿ ਵੀ ਹਾਜ਼ਰ ਸਨ ।
Punjab Post Daily Online Newspaper & Print Media