Friday, March 20, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ੇ ‘ਤੇ ਸੈਮੀਨਾਰ

PPN3108201522 PPN3108201523ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਇਕ ਰੋਜ਼ਾ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ‘ਸਿੱਖ ਸਭਿਆਚਾਰ ਦਾ ਸੋਮਾ: ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਵਿਸ਼ੇ ਉਪਰ ਕੇਂਦਿਰਤ ਸੀ। ਸੈਮੀਨਾਰ ਦਾ ਆਰੰਭ ਕੇਂਦਰ ਦੇ ਖੋਜਾਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਇਸ ਪ੍ਰੋਗਰਾਮ ਵਿਚ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੇਂਦਰ ਦੇ ਡਾਇਰੈਕਟਰ ਪ੍ਰੋ. ਗੁਲਜ਼ਾਰ ਸਿੰਘ ਕੰਗ ਵਲੋਂ ਸੈਮੀਨਾਰ ਵਿਚ ਹਾਜ਼ਿਰ ਹੋਈਆਂ ਪ੍ਰਮੁੱਖ ਸਖ਼ਸ਼ੀਅਤਾਂ, ਵੱਖ-ਵੱਖ ਵਿਭਾਗਾਂ ਤੋਂ ਆਏ ਪ੍ਰੋ. ਸਾਹਿਬਾਨਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।ਇਸ ਤੋਂ ਬਾਅਦ ਕੇਂਦਰ ਦੇ ਸਾਬਕਾ ਡਾਇਰੈਕਰ ਪ੍ਰੋ. ਬਲਵੰਤ ਢਿੱਲੋਂ ਨੇ ਉਦਘਾਟਨੀ ਭਾਸ਼ਣ ਨਾਲ ਇਸ ਸਮਾਰੋਹ ਦਾ ਆਗਾਜ਼ ਕੀਤਾ। ਉਹਨਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਸਿੱਖ ਸਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਤੇ ਪੇਚੀਦਾ ਹੈ। ਕਿਸੇ ਕੌਮ ਦਾ ਸਮਾਜਿਕ ਤਾਣਾ-ਬਾਣਾ ਸਭਿਆਚਾਰ ਵਿਚ ਸ਼ਾਮਿਲ ਹੁੰਦਾ ਹੈ ਜਿਸ ਵਿਚ ਧਾਰਮਿਕ ਵਿਸ਼ਵਾਜ, ਰਹੁਰੀਤਾਂ ਤੇ ਸੰਸਕਾਰ, ਭਾਸ਼ਾ, ਸਾਹਿਤ, ਸੰਗੀਤ, ਭਵਨ ਨਿਰਮਾਣ ਕਲਾ, ਕੋਮਲ ਕਲਾਵਾਂ,ਆਦਿ ਪੱਖ ਸ਼ਾਮਿਲ ਹੁੰਦੇ ਹਨ। ਮਨੁੱਖ ਨੂੰ ਸਭਿਅਕ ਤੇ ਤਹਿਜ਼ੀਬ ਯਾਫਤਾ ਬਣਾਉਣਾ ਸਭਿਆਚਾਰ ਦਾ ਮਨੋਰਥ ਹੁੁੰਦਾ ਹੈ। ਦੇ ਤੱਤ ਹੁੰਦੇ ਹਨ। ਸਭਿਆਚਾਰ ਧਰਮ ਤੋਂ ਵੱਖਰਾ ਨਹੀਂ ਹੁੰਦਾ। ਉਹ ਕਿਸੇ ਦੂਸਰੇ ਕੌਮ ਦੇ ਸਭਿਆਚਾਰ ਦੇ ਬਾਹਰੀ ਪ੍ਰਭਾਵ ਤੋਂ ਅਭਿਜ ਨਹੀਂ ਰਹਿ ਸਕਦਾ। ਇਸ ਤੋਂ ਇਲਾਵਾ ਪ੍ਰੋ. ਢਿੱਲੋਂ ਨੇ ਅਜੋਕੇ ਸਿੱਖ ਸਭਿਆਚਾਰ ਦਰਪੇਸ਼ ਆਂਤਰਿਕ ਤੇ ਬਾਹਰੀ ਚੁਣੋਤੀਆਂ ਦਾ ਵੀ ਜ਼ਿਕਰ ਕੀਤਾ ਕਿ ਧਰਮ ਅਤੇ ਰਾਜਨੀਤੀ ਵਿਚਕਾਰ ਸੰਤੁਲਨ ਕਿਵੇਂ ਕਾਇਮ ਕਰਨਾ ਹੈ? ਸੰਸਾਰ ਦੀਆਂ ਵੱਖ-ਵੱਖ ਸਭਿਆਤਾਵਾਂ ਵਿਚ ਪੈਦਾ ਹੋ ਰਹੇ ਵਿਵਾਦਾਂ ਜਾਂ ਟਕਰਾਓ ਨੂੰ ਖ਼ਤਮ ਕਰਨ ਵਿਚ ਸਿੱਖ ਸਭਿਆਚਾਰ ਦਾ ਕੀ ਯੋਗਦਾਨ ਹੋ ਸਕਦਾ ਹੈ? ਉਹਨਾਂ ਨੇ ਸਮਾਜ ਵਿਚ ਵਰਗ-ਵੰਡ ਭਾਵ ਜਾਤ-ਪਾਤ ਦੀ ਸਮੱਸਿਆ, ਬੇਰੁਜ਼ਗਾਰੀ, ਨੌਜਵਾਨਾਂ ਦੁਆਰਾ ਨਸ਼ਿਆਂ ਦਾ ਸੇਵਨ, ਵਾਤਾਵਰਨ ਸੰਬੰਧੀ ਮਸਲੇ ਜਿਵੇਂ ਪ੍ਰਦੂਸ਼ਨ ਆਦਿ ਗੰਭੀਰ ਮਸਲਿਆਂ ਨੂੰ ਵਿਚਾਰਨ ਦੀ ਲੋੜ ਤੇ ਵੌ ਜ਼ੋਰ ਹੈ।
ਇਸ ਤੋਂ ਬਾਅਦ ਪ੍ਰੋਗਰਾਮ ਦਾ ਕੁੰਜੀਵਤ ਭਾਸ਼ਣ ਪ੍ਰੋ. ਬਲਕਾਰ ਸਿੰਘ, ਪਟਿਆਲਾ ਵਲੋਂ ਪ੍ਰਸਤੁਤ ਕੀਤਾ ਗਿਆ। ਉਹਨਾਂ ਨੇ ਆਪਣੇ ਭਾਸ਼ਣ ਵਿਚ ਸਿੱਖ ਸਭਿਆਚਾਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸਿੱਖ ਸਭਿਆਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਤ੍ਰੈ ਪਰਤੀ ਸਭਿਆਚਾਰ ਜੁਗਤਿ- ਨਾਮ ਜਪਣ, ਕਿਰਤ ਕਰਨ, ਅਤੇ ਵੰਡ ਛੱਕਣ ਨਾਲ ਜੁੜਿਆ ਹੋਇਆ ਹੈ ਜੋ ਕਿ ਪਹਿਲਾਂ ਸਿੱਖ ਧਰਮ ਵਿਚ ਅਤੇ ਫਿਰ ਸਿੱਖ ਸਭਿਆਚਾਰ ਵਿਚ ਪ੍ਰਵਾਨ ਹੋ ਕੇ ਅਮਲ ਵਿਚ ਆਉਂਦੀ ਰਹੀ ਹੈ। ਇਸ ਦਾ ਆਰੰਭ ਗੁਰੂ ਨਾਨਕ ਸਾਹਿਬ ਵੇਲੇ ਹੋਇਆ ਅਤੇ ਸਿੱਖੀ ਜੀਵਨ ਵਿਚ ਲਗਾਤਾਰ ਚਲਦਾ ਆ ਰਿਹਾ ਹੈ। ਸਿੱਖ ਸਭਿਆਚਾਰ ਗੁਰਬਾਣੀ ਦੀ ਅਗਵਾਈ ਵਿਚ ਲਗਾਤਾਰ ਉਸਰਦਾ ਵੀ ਰਿਹਾ ਹੈ ਅਤੇ ਸਮਕਾਲੀ ਸੰਘਰਸ਼ ਮੁਤਾਬਿਕ ਢੱਲਦਾ ਵੀ ਰਿਹਾ ਹੈ। ਇਸ ਤੋਂ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੇਂਦਰ ਦੇ ਡਾਇਰੈਕਟਰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖ ਸਭਿਆਚਾਰ ਵਿਚ ਇਕ ਵੱਡੀ ਸਮੱਸਿਆ ਸਾਹਮਣੇ ਇਹ ਆ ਰਹੀ ਹੈ ਕਿ ਵੱਡੀ ਗਿਣਤੀ ਵਿਚ ਸਿੱਖਾਂ ਵਿਚ ਪਦਾਰਥਵਾਦੀ ਸੋਚ ਅਤੇ ਆਰਥਿਕ ਮੰਦਹਾਲੀ ਕਾਰਨ ਵਿਦੇਸ਼ਾਂ ਵਿਚ ਜਾ ਕੇ ਵੱਸਣ ਦਾ ਰੁਝਾਣ ਵੱਧਦਾ ਜਾ ਰਿਹਾ ਹੈ। ਜਿਸ ਨਾਲ ਸਿੱਖ ਸਭਿਆਚਾਰ ਵਿਚ ਬਾਹਰੀ ਸਭਿਆਚਾਰ ਦਾ ਪ੍ਰਭਾਵ ਅਤੇ ਰਲਾਓ ਹੋ ਗਿਆ ਹੈ। ਸਿੱਖ ਆਪਣੇ ਸਭਿਆਚਾਰ ਨਾਲੋਂ ਟੁੱਟਦੇ ਜਾ ਰਹੇ ਹਨ। ਅਜੋਕੀ ਉਨਤੀ ਬਾਰੇ ਦਸਦਿਆਂ ਨਾਲ ਹੀ ਉਹਨਾਂ ਨੇ ਵਿਗਿਆਨ ਦੇ ਵਿਨਾਸ਼ਕਾਰੀ ਅਤੇ ਲਾਭਦਾਇਕ ਪੱਖਾਂ ਬਾਰੇ ਚਾਨਣਾ ਪਾਇਆ। ਕਿਸੇ ਕੌਮ ਦੇ ਸਭਿਆਚਾਰਕ ਤਰੱਕੀ ਉਸਦੀ ਗਿਣਤੀ ‘ਤੇ ਨਹੀਂ ਸਗੋਂ ਉਸ ਦੀ ਲਗਨ ਤੇ ਮਿਹਨਤ ਨਾਲ ਹੀ ਹੋ ਸਕਦੀ ਹੈ। ਉਹਨਾਂ ਯਹੂਦੀਆਂ ਦੇ ਆਪਣੇ ਧਰਮ ਅਤੇ ਸਭਿਆਚਾਰ ਪ੍ਰਤੀ ਲਗਨ, ਸ਼ਰਧਾ ਅਤੇ ਮਿਹਨਤ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਿਰਫ਼ 60 ਲੱਖ ਦੀ ਜਨਸੰਖਿਆ ਹੋਣ ਦੇ ਬਾਵਜੂਦ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਸੱਤ ਯੂਨੀਵਰਸਿਟੀਆਂ ਵਿਚ ਸਥਾਪਿਤ ਕਰਕੇ ਲਗਪਗ 2 ਲੱਖ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ ਅਤੇ ਆਪਣੇ ਧਰਮ ਅਤੇ ਸਭਿਆਚਾਰ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਸਿੱਖ ਧਰਮ ਦੇ ਆਗੂਆਂ ਨੂੰ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਕਿ ਉਹ ਸਿੱਖ ਸਭਿਆਚਾਰ ਨੂੰ ਕਾਇਮ ਕਰਨ ਅਤੇ ਹੋਰ ਵਿਰਸੇ ਨੇ ਅਮੀਰ ਕਰਨ ਵੱਲ ਧਿਆਨ ਦੇਣ ।
ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਕੇਂਦਰ ਅਤੇ ਦੇ ਸਮੂਹ ਸਟਾਫ ਅਤੇ ਆਏ ਮਹਿਮਾਨਾਂ ਨੂੰ ਅਸ਼ੀਰਵਾਦ ਦੇ ਰੂਪ ਵਿਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਅਜੋਕੇ ਸਮੇਂ ਵਿਚ ਸਿੱਖ ਪਰਿਵਾਰ ਸਿੱਖੀ ਸੰਸਕਾਰਾਂ ਨੂੰ ਹੀ ਭੁੱਲਦੇ ਜਾ ਰਹੇ ਹਨ। ਇਸ ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਅੰਤ ਵਿਚ ਕੇਂਦਰ ਦੇ ਪ੍ਰੋ. ਅਮਰਜੀਤ ਸਿੰਘ ਨੇ ਸਮਾਰੋਹ ਵਿਚ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ, ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਆਏ ਪ੍ਰੋਫ਼ੈਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ ਦੇ ਦੂਜੇ ਅਕਾਦਮਿਕ ਸੈਸ਼ਨ ਵਿਚ ਪ੍ਰੋ. ਜਸਬੀਰ ਸਿੰਘ ਸਾਬਰ, ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋ. ਮੁਥੂ ਮੋਹਨ, ਡਾ. ਗੁਰਮੇਲ ਸਿੰਘ ਅਤੇ ਸ. ਅਰਿਦਮਨ ਸਿੰਘ ਢਿੱਲੋਂ ਵਲੋਂ ਪਰਚੇ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਬੀਰ ਸਿੰਘ, ਨਵੀਂ ਦਿੱਲੀ ਵਲੋਂ ਕੀਤੀ ਗਈ। ਪਰਚਿਆਂ ਦੀ ਪ੍ਰਸਤੁਤੀ ਤੋਂ ਬਾਅਦ ਪ੍ਰੋ. ਜਗਬੀਰ ਸਿੰਘ ਨੇ ਪੜ੍ਹੇ ਗਏ ਪਰਚਿਆਂ ਪ੍ਰਤੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਸਿੱਖ ਸਭਿਆਚਾਰ ਪ੍ਰਤੀ ਆਪਣੇ ਮੁੱਲਵਾਨ ਨੁਕਤੇ ਪੇਸ਼ੇ ਕੀਤੇ। ਆਖ਼ਿਰ ਵਿਚ ਕੇਂਦਰ ਦੇ ਡਾਇਰੈਕਟਰ ਸਾਹਿਬ ਨੇ ਸੈਮੀਨਾਰ ਦੀ ਸਮਾਪਤੀ ਕਰਦਿਆਂ ਸੈਮੀਮਾਰ ਵਿਚ ਭਾਗ ਲੈਣ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply