
ਨਵੀਂ ਦਿੱਲੀ, 3 ਸਤੰਬਰ (ਗੁਰਪ੍ਰੀਤ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੀਤਮਪੁਰਾ ਪੰਜਾਬੀ ਪਰਿਵਾਰ ਜੱਥੇਬੰਦੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਯੂ.ਯੂ.ਬਲਾਕ ਵਿੱਖੇ ਪਾਠ ਬੋਧ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਕੀਰਤਨ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਚਿਤਰ ਸਿੰਘ ਵੱਲੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਵਿਆਖਿਆ ਕੀਤੀ ਗਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਮੌਕੇ ਹਾਜ਼ਰੀ ਭਰਦੇ ਹੋਏ ਚੱਢਾ ਵੱਲੋਂ ਵਿਦਿਅਕ ਅਦਾਰਿਆਂ ਵਿੱਚ ਸਿਖਿਆ ਦੇ ਪੱਧਰ ਨੂੰ ਉ-ਚਾ ਚੁੱਕਣ ਵਾਸਤੇ ਕੀਤੇ ਜਾ ਰਹੇ ਕੰਮਾਂ ਦੇ ਨਾਲ ਆਪਣੇ ਹੱਲਕੇ ਵਿੱਚ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ। ਚੱਢਾ ਨੂੰ ਉਨ੍ਹਾਂ ਨੇ 75ਵੇਂ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ।
ਵਿਰੋਧੀ ਧਿਰ ਵੱਲੋਂ ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਕੀਤੀ ਜਾ ਰਹੇ ਪ੍ਰਚਾਰ ਨੂੰ ਭੰਡੀ ਪ੍ਰਚਾਰ ਦਸਦੇ ਹੋਏ ਜੀ.ਕੇ. ਨੇ ਕਮੇਟੀ ਦੇ ਪੁਰਾਣੇ ਪ੍ਰਬੰਧਕਾਂ ਵੱਲੋਂ ਛੱਡੀ ਗਈ ਮਾਇਆ ਵਿੱਚ ਲਗਭਗ 25 ਫੀਸਦੀ ਵਾਧਾ ਹੋਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਸਾਨੂੰ ਦਿੱਲੀ ਦੀ ਸੰਗਤ ਨੇ ਗੁਰਧਾਮਾਂ ਦੇ ਵਿਕਾਸ ਅਤੇ ਵਿਦਿਅਕ ਸੁਧਾਰ ਲਈ ਚੁਣਿਆ ਸੀ ਇਸ ਕਰਕੇ ਭੰਡੀ ਪ੍ਰਚਾਰ ਦੀ ਪਰਵਾਹ ਨਾ ਕਰਦੇ ਹੋਏ ਹਰ ਇੱਕ ਆਂਕੜੇ ਨੂੰ ਮੌਕਾ ਪੈਣ ਤੇ ਸੰਗਤਾਂ ਦੀ ਕਚਹਿਰੀ ਵਿੱਚ ਰਖਾਂਗੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਅਤੇ ਵਿਸ਼ਵਾਸ਼ ਸਦਕਾ ਸੇਵਾ ਸੌਂਪੀ ਸੀ। ਇਸ ਮੌਕੇ ਜੀ.ਕੇ. ਵੱਲੋਂ ਚੱਢਾ ਨੂੰ ਪੰਥ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਸਿਰੋਪਾਉ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
Punjab Post Daily Online Newspaper & Print Media