ਪੈਦਾਵਾਰ ਦੀ ਵਰਤੋਂ ਗੁਰੂ-ਘਰਾਂ ਦੇ ਲੰਗਰਾਂ ਵਿੱਚ ਹੋਵੇਗੀ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 3 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿੱਚ ਕੁਦਰਤੀ ਖੇਤੀ ਕਰਨ ਦੇ ਅਹਿਮ ਫੈਂਸਲੇ ਨੂੰ ਅਮਲੀ ਰੂਪ ਦਿੰਦਿਆਂ ਅੱਜ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਕੁਦਰਤੀ ਖੇਤੀ ਕਰਨ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਵੱਲੋਂ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 7 ਏਕੜ ਵਿੱਚ ਕੁਦਰਤੀ ਖੇਤੀ ਕੀਤੀ ਜਾਵੇਗੀ ਤੇ ਬਾਕੀ ਦੇ ਗੁਰਦੁਆਰਾ ਸਾਹਿਬਾਨ ਵਿੱਚ 5-5 ਏਕੜ ਵਿੱਚ ਕੁਦਰਤੀ ਖੇਤੀ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਪਾਲਕ, ਗਾਜਰ, ਮੂਲੀ, ਸ਼ਲਗਮ, ਧਨੀਆ, ਸਰਸੋਂ, ਮੇਥੀ ਤੇ ਚੁਕੰਦਰ ਦੀ ਕੁਦਰਤੀ ਖੇਤੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਸਬਜ਼ੀਆਂ ਮੁਕੰਮਲ ਰੂਪ ਵਿੱਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਤੋਂ ਰਹਿਤ ਹੋਣਗੀਆਂ, ਜਿਨ੍ਹਾਂ ਦੀ ਵਰਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਦੇ ਨਾਲ-ਨਾਲ ਇਥੇ ਅਨਾਖ, ਅਮਰੂਦ, ਕਿੰਨੂ, ਲੂਚਾ ਅਤੇ ਆੜੂ ਦਾ ਨਵਾਂ ਬਾਗ ਲਗਾਇਆ ਗਿਆ ਹੈ ਜਿਸ ਵਿੱਚ 100 ਦੇ ਕਰੀਬ ਬੂਟੇ ਹਨ।ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮਾਹਰ ਡਾਕਟਰਾਂ ਦੀ ਸਲਾਹ ਨਾਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਵਿਸ਼ਵ ਦੇ ਇਤਿਹਾਸ ਵਿੱਚ ਅਗਾਂਹਵਧੂ ਸਿੱਧ ਹੋਵੇਗਾ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਅੰਤਿ੍ਰੰਗ ਕਮੇਟੀ ਮੈਂਬਰ, ਸ.ਮਗਵਿੰਦਰ ਸਿੰਘ ਖਾਪੜਖੇੜੀ, ਸ.ਗੁਰਿੰਦਰਪਾਲ ਸਿੰਘ ਰਣੀਕੇ ਮੈਂਬਰ ਸ਼ੋ੍ਰਮਣੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਰਾਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ, ਸ. ਮਨਪ੍ਰੀਤ ਸਿੰਘ ਐਕਸੀਅਨ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਸ. ਮੇਜਰ ਸਿੰਘ, ਸ. ਬਲਕਾਰ ਸਿੰਘ, ਸ. ਹਰਜੀਤ ਸਿੰਘ, ਸ. ਕਸ਼ਮੀਰ ਸਿੰਘ ਭਕਨਾ, ਸ. ਵੀਰ ਸਿੰਘ ਕੱਲੇਵਾਲ ਤੇ ਸ. ਗੁਰਪ੍ਰਤਾਪ ਸਿੰਘ ਘਰਿੰਡਾ ਸਰਪੰਚ ਆਦਿ ਹਾਜ਼ਰ ਸਨ।
Punjab Post Daily Online Newspaper & Print Media