
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ) – ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਕੰਪਿਊਟਰ ਅਧਿਆਪਕ ਸ੍ਰੀ ਪਰਮ ਆਫਤਾਬ ਸਿੰਘ ਨੂੰ ਅਕਾਦਮਿਕ ਅਤੇ ਸਕੂਲ ਦੇ ਸਮੁੱਚੇ ਕਾਰਜਾਂ ਵਿਚ ਪਾਏ ਵਡਮੁੱਲੇ ਯੋਗਦਾਨ ਕਰਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਸਤਿੰਦਰਬੀਰ ਸਿੰਘ ਵਲੋਂ ਅਧਿਆਪਕ ਦਿਵਸ ਮੌਕੇ ਸਥਾਨਕ ਮਾਊਂਟ ਲਿਟਰਾ ਜ਼ੀ ਸਕੂਲ, ਲੋਹਾਰਕਾ ਰੋਡ ਵਿਖੇ ੳਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ. ਸਤਿੰਦਰਬੀਰ ਸਿੰਘ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕੀ ਅਧਿਆਪਕ ਆਪਣੇ ਵਿਚਾਰਾਂ ਦੇ ਵਿਕਾਸ ਨਾਲ ਕਰੂੰਬਲਾਂ ਦੇ ਕੋਰੇ ਮਨਾ ਵਿਚ ਚੇਤਨਾ ਦੇ ਦੁਆਰ ਖੋਲਦਾ ਹੈ, ਤਾਜੀ ਹਵਾ ਦੇ ਝੋਂਕੇ ਨਾਲ ਨਵੇਂ ਸੂਰਜ ਉਗਦੇ ਹਨ ਜਿਸ ਨਾਲ ਅਗਿਆਤ ਤੋਂ ਗਿਆਤ ਵੱਲ ਪ੍ਰਕਾਸ਼ ਹੁੰਦਾ ਹੈ ਅਤੇ ਸਿੱਖਿਆ ਦੀ ਕਰਮ ਭੂਮੀ ਵਿੱਚ ਨਵੀਂ ਕ੍ਰਾਂਤੀ ਜਨਮ ਲੈਂਦੀ ਹੈ। ਉਨ੍ਹਾਂ ਅਧਿਆਪਕ ਨੂੰ ਮਾਂ ਅਤੇ ਸੂਰਜ ਨਾਲ ਤੁਲਨਾ ਕਰਦੇ ਹੋਏ ਸਮੁੱਚੇ ਅਧਿਆਕ ਵਰਗ ਨੂੰ ਵਿਦਿਆਰਥੀਆਂ ਅਤੇ ਸਮਾਜ ਦੇ ਵਿਕਾਸ ਲਈ ਅਧਿਆਪਕਾਂ ਦੀ ਜਿੰਮੇਵਾਰੀ ਅਤੇ ਯੋਗਦਾਨ ਦਾ ਇਹਸਾਸ ਦਿਵਾਇਆ।
ਇਸ ਮੌਕੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਅਤੇ ਸਕੂਲ ਦੇ ਸਟਾਫ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਪ੍ਰਿੰਸੀਪਲ ਮਨਦੀਪ ਕੌਰ ਨੇ ਸ੍ਰੀ ਪਰਮ ਆਫਤਾਬ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਅਤੇ ਸਟਾਫ ਦੇ ਹਰਮਨ ਪਿਆਰੇ ਅਧਿਆਪਕ ਦੀ ਸਿਰੜਤਾ, ਪ੍ਰਤਿਬਧਤਾ, ਮਿਹਨਤ ਅਤੇ ਲਗਨ ਸਦਕਾ ਹੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਪਹਿਚਾਣਦੇ ਹੇੇਏ ਜ਼ਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਸ. ਪਰਮ ਆਫਤਾਬ ਸਿੰਘ ਨੇ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਸੱਚੇ ਅਤੇ ਸੁਹਿਰਦ ਅਧਿਆਪਕ ਵਾਲੇ ਫਰਜ਼ਾਂ ਨੂੰ ਭਵਿੱਖ ਵਿਚ ਵੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਪ੍ਰਸ਼ਾਸਨ ਵਲੋਂ ਉਪ ਜਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀ ਸਤੀਸ਼ ਕੁਮਾਰ, ਉਪ ਜਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀਮਤੀ ਜੋਗਿੰਦਰ ਕੌਰ, ਜਿਲ੍ਹਾ ਸਾਇੰਸ ਸੁਪਰਵਾਇਜ਼ਰ ਸ੍ਰੀਮਤੀ ਸੂਦੀਪ ਕੌਰ, ਅੇ.ਈ.ਓ ਸ. ਕੁਲਜਿੰਦਰ ਸਿੰਘ, ਸ੍ਰੀ ਪਰਮੋਦ ਮਿੱਡ੍ਹਾ, ਸ. ਪ੍ਰਭਜੋਤ ਸਿੰਘ ਨਾਲ ਮਾਊਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਮਨਜੋਤ ਢਿੱਲੋਂ, ਪ੍ਰਿੰਸੀਪਲ ਪਰਮਪਾਲ ਕੌਰ ਲੈਹਲ, ਡਾਇਰੇਕਟਰ ਸ਼੍ਰੀ ਹਰਕ੍ਰੀਸ਼ਨ ਸਕੂਲ (ਮੇਨ ਬ੍ਰਾਂਚ) ਡਾ. ਧਰਮਵੀਰ ਸਿੰਘ, ਡਾ.ਰਾਜ ਕੁਮਾਰ ਸੇਠੀ ਅਤੇ ਸ੍ਰੀਮਤੀ ਕਿਰਨ ਜੋਸ਼ੀ ਹਾਜ਼ਰ ਸਨ।
Punjab Post Daily Online Newspaper & Print Media