12 ਸਤੰਬਰ ਨੂੰ ਸ਼ੇਰਪੁਰ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ
ਸੰਦੌੜ, 5 ਸਤੰਬਰ (ਹਰਮਿੰਦਰ ਸਿੰਘ ਭੱਟ) – ਬਹੁਚਰਚਿਤ ਪਾਈਪ ਘੁਟਾਲੇ ਖ਼ਿਲਾਫ਼ ਕੇਸ ਦਰਜ ਨਾ ਹੋਣ ਕਰ ਕੇ ਪੰਚਾਇਤੀ ਨੁਮਾਇੰਦਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰ ਕੇ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਪੰਚਾਇਤ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ 12 ਸਤੰਬਰ ਨੂੰ ਸ਼ੇਰਪੁਰ ਥਾਣੇ ਅੱਗੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਹੋਟਲ ਵਿਚ ਜੁੜੇ ਪੰਚਾਇਤੀ ਨੁਮਾਇੰਦਿਆਂ ਦੇ ਇਕੱਠ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਕਰਵਾਈ ਜਾਂਚ ਦੌਰਾਨ ਪਿਛਲੇ ਸਮੇਂ ਇੱਥੇ ਰਹਿ ਚੁੱਕੇ ਬੀ ਡੀ ਪੀ ਓ ਅਤੇ ਜੇ ਈ ਵਿਰੁੱਧ 16 ਲੱਖ ਦੀ ਘਪਲੇਬਾਜ਼ੀ ਸਾਬਤ ਹੋ ਚੁੱਕੀ ਹੈ ਮਹਿਕਮੇ ਵੱਲੋਂ ਲਿਖਤੀ ਹੁਕਮ ਕੀਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ, ਜਿਸ ਖ਼ਿਲਾਫ਼ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਨਾ ਹੋਣ ਕਰ ਕੇ ਥਾਣਾ ਸ਼ੇਰਪੁਰ ਅੱਗੇ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਕਮੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਪਾਈਪ ਘੁਟਾਲੇ ਵਿਚ ਭ੍ਰਿਸ਼ਟਾਚਾਰ ਹੋਇਆ ਹੈ। ਇਸ ਲਈ ਕਿਸੇ ਹੋਰ ਜਾਂਚ ਦੀ ਜ਼ਰੂਰਤ ਨਹੀਂ ਰਹਿ ਜਾਂਦੀ ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁੱਝ ਸਰਪੰਚਾਂ ਵੱਲੋਂ ਮੀਟਿੰਗ ਕਰ ਕੇ ਪੰਚ ਰਣਜੀਤ ਸਿੰਘ ਰੰਧਾਵਾ ਨੂੰ ਸਰਪੰਚ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਅੱਜ ਦੋ ਦਰਜਨ ਤੋ ਵੱਧ ਪੰਚਾਂ ਸਰਪੰਚਾਂ ਤੋਂ ਇਲਾਵਾ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਪਹਿਲੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੂੰ ਹੀ ਪ੍ਰਧਾਨ ਬਣੇ ਰਹਿਣ ਲਈ ਅੱਜ ਹੱਥ ਖੜੇ ਕਰ ਕੇ ਆਪਣਾ ਡਟਵਾਂ ਸਮਰਥਨ ਦਿੱਤਾ ਟਕਸਾਲੀ ਅਕਾਲੀ ਆਗੂ ਅਤੇ ਯੂਨੀਅਨ ਦੇ ਸਰਪ੍ਰਸਤ ਜਥੇਦਾਰ ਜੋਗਾ ਸਿੰਘ ਘਨੌਰ ਜਿੱਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਗੰਡੇਵਾਲ, ਰਾਮ ਸਰੂਪ ਅਣਖੀ ਸਰਪੰਚ ਬਾਦਸ਼ਾਹਪੁਰ, ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਦਵਿੰਦਰ ਸਿੰਘ ਟਿੱਬਾ ਅਤੇ ਸਰਪੰਚ ਜਗਤਾਰ ਸਿੰਘ ਢੱਠੂ ਸੁਲਤਾਨਪੁਰ ਨੇ ਕਿਹਾ ਪੰਚਾਇਤ ਯੂਨੀਅਨ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਵੱਲੋਂ ਨਕਾਰੇ ਹੋਏ ਕੁੱਝ ਆਗੂ ਪਾਈਪ ਘੁਟਾਲੇ ਨਾਲ ਨਾਮ ਜੁੜਨ ਦੇ ਡਰੋ ਯੂਨੀਅਨ ਨੂੰ ਤਾਰਪੀਡੋ ਕਰਨ ਲੱਗੇ ਹੋਏ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਉਕਤ ਆਗੂਆਂ ਨੇ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮੌਜੂਦਾ ਹਾਲਾਤ ਤੋਂ ਜਾਣੂੰ ਕਰਵਾਉਣ ਅਤੇ ਯੂਨੀਅਨ ਵਿਚ ਫੁੱਟ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਮਿਲਣ ਦਾ ਫ਼ੈਸਲਾ ਵੀ ਕੀਤਾ।
ਇਸ ਸਮੇਂ ਯੂਨੀਅਨ ਵੱਲੋਂ ਪਾਏ ਮਤਿਆਂ ਅਨੁਸਾਰ ਜਿੱਲ੍ਹਾ ਪ੍ਰੀਸ਼ਦ ਮੈਂਬਰ ਸੁਰਜੀਤ ਸਿੰਘ ਮਾਲੋਵਾਲ ਦੇ ਪੋਤਰੇ ਦੇ ਬੇਵਕਤੀ ਦੁਖਦਾਈ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ। ਪਾਈਪ ਘੁਟਾਲੇ ਦੀ ਜਾਂਚ ਕਰਨ ਵਾਲੇ ਇਮਾਨਦਾਰ ਐੱਸ ਡੀ ਓ ਜਸਵੀਰ ਸਿੰਘ ਦੇ ਤਬਾਦਲੇ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਇਸ ਸਮੇਂ ਸਰਪੰਚ ਅਮਰੀਕ ਸਿੰਘ ਘਨੌਰੀ ਖ਼ੁਰਦ, ਸੂਰਜ ਭਾਨ ਮਾਹਮਦਪੁਰ, ਮਾਇਆ ਕੌਰ ਗੰਡੇਵਾਲ, ਅੰਮ੍ਰਿਤ ਪਾਲ ਸਿੰਘ ਰਾਜੂ ਰੰਗੀਆਂ, ਕੁਲਵੰਤ ਸਿੰਘ ਧੰਦੀਵਾਲ (ਸਾਰੇ ਸਰਪੰਚ) ਅਤੇ ਕੇਵਲ ਸਿੰਘ ਘਨੌਰੀ, ਗੁਰਮੁਖ ਸਿੰਘ ਦੋਵੇਂ ਪੰਚ ਵੀ ਇਸ ਸਮੇਂ ਹਾਜ਼ਰ ਸਨ।
ਕੀ ਹੈ ਪਾਈਪ ਘੋਟਾਲਾ – ਜਨਵਰੀ 2014 ਵਿਚ ਉਸ ਸਮੇਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਜੇ ਈ ਨੇ ਪਿੰਡ ਬਾਦਸ਼ਾਹਪੁਰ, ਕਾਲਾਬੁਲਾ, ਟਿੱਬਾ ਅਤੇ ਖੇੜੀ ਕਲਾਂ ਦੇ ਨਵੇਂ ਸਰਪੰਚਾਂ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਾਂ ਖ਼ਰੀਦਣ ਦੇ ਮਤੇ ਪਵਾ ਕੇ ਲਹਿਰਾਗਾਗਾ ਨੇੜਲੇ ਪਿੰਡ ਖੋਖਰ ਦੀ ਇੱਕ ਫ਼ਰਮ ਨਾਲ ਜੋ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਹੈ ਤੋਂ ਪਾਈਪਾਂ ਖ਼ਰੀਦੀਆਂ ਸਨ। ਪਿੰਡ ਬਾਦਸ਼ਾਹਪੁਰ ਵਿਖੇ ਜਦੋਂ ਇਹ ਪਾਈਪਾਂ ਪਹੁੰਚੀਆਂ ਤਾਂ ਦੇਖਿਆ ਗਿਆ ਕਿ ਇਹ ਪਾਈਪਾਂ 14 ਇੰਚ ਦੀ ਥਾਂ 12 ਇੰਚੀ ਸਨ, ਇਹ ਆਈ ਐਸ ਮਾਰਕਾ ਵੀ ਨਹੀਂ ਸਨ ਅਤੇ ਨਿਰਧਾਰਿਤ ਗਿਣਤੀ ਤੋਂ ਘੱਟ ਸਨ ਫਿਰ ਪੰਚਾਇਤ ਯੂਨੀਅਨ ਨੇ ਇਸ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਲੰਬੀ ਲੜਾਈ ਲੜੀ, ਜਿਸ ਸਦਕਾ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਕਰਵਾਈ ਜਾਂਚ ਦੌਰਾਨ 16 ਲੱਖ ਰੁਪਏ ਦਾ ਇਹ ਘੋਟਾਲਾ ਸਾਹਮਣੇ ਆਇਆ ਹੈ।
Punjab Post Daily Online Newspaper & Print Media