Monday, February 23, 2026

ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ‘ਤੇ ਧੌਂਸ ਨਾ ਜਮਾਵੇ – ਜੀ.ਕੇ

manjit singh gk

ਨਵੀਂ ਦਿੱਲੀ, 5 ਸਤੰਬਰ (ਅੰਮ੍ਰਿਤ ਲਾਲ ਮੰਨਣ) – ਹਿੰਦੀ ਫਿਲਮ ਸਿੰਘ ਇਜ਼ ਬਲਿੰਗ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਮੀਡੀਆ ‘ਚ ਦਿੱਤੇ ਗਏ ਬਿਆਨ ਤੇ ਸਖਤ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਕਮੇਟੀ ਤੇ ਧੌਂਸ ਨਾ ਜਮਾਉਣ ਦੀ ਨਸੀਹਤ ਦਿੱਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੱਕੜ ਵੱਲੋਂ ਦਿੱਲੀ ਕਮੇਟੀ ‘ਤੇ ਫਿਲਮ ਨੂੰ ਕਲੀਨ ਚਿੱਟ ਦੇਣ ਦੇ ਲਗਾਏ ਗਏ ਦੋਸ਼ਾਂ ‘ਤੇ ਸਫਾਈ ਸਾਹਮਣੇ ਆਈ ਹੈ।
ਜੀ.ਕੇ ਨੇ ਕਿਹਾ ਕਿ ਅਸੀਂ ਫਿਲਮ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ ਤੇ ਮੌਜੂਦਾ ਮਾਮਲਾ ਸਿੱਖਾਂ ਦੀ ਸਰਬਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵਿਚਾਰਾਧੀਨ ਹੈ। ਇਸ ਮਾਮਲੇ ਵਿੱਚ ਕਮੇਟੀ ਦੇ ਵੱਫਦ ਨੇ ਫਿਲਮ ਨੂੰ ਦੇਖਦੇ ਹੋਏ ਉਸ ਵਿੱਚ ਸ਼ਾਮਿਲ ਇਤਰਾਜ਼ਯੋਗ ਅੰਸ਼ਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਫਿਲਮ ਦੇ ਨਿਰਮਾਤਾ ਨੂੰ ਇਹ ਅੰਸ਼ ਹਟਾਉਣ ਦੀ ਬੇਨਤੀ ਕਰਨ ਦੇ ਨਾਲ ਹੀ ਨਿਰਮਾਤਾ ਦੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀz ਅਕਾਲ ਤਖਤ ਸਾਹਿਬ ਤੋਂ ਆਖਰੀ ਮਨਜੂਰੀ ਲੈਣ ਵਾਸਤੇ ਫੋਨ ਰਾਹੀਂ ਗਲਬਾਤ ਕਰਾਉਂਦੇ ਜਥੇਦਾਰ ਸਾਹਿਬ ਨਾਲ ਮਿਲਣ ਦੀ ਸਲਾਹ ਦਿੱਤੀ ਸੀ।
ਜੀ.ਕੇ ਨੇ ਸ੍ਰੋਮਣੀ ਕਮੇਟੀ ਨੂੰ ਪੰਥ ਦੀ ਸਰਬਉਚ ਧਾਰਮਿਕ ਜਥੇਬੰਦੀ ਅਤੇ ਦਿੱਲੀ ਕਮੇਟੀ ਦਾ ਵੱਡਾ ਭਰਾ ਦੱਸਦੇ ਹੋਏ ਵੱਡੇ ਭਰਾ ਨੂੰ ਛੋਟੇ ਭਰਾ ਤੇ ਧੌਂਸ ਨਾ ਜਮਾਉਣ ਦੀ ਵੀ ਨਸੀਹਤ ਦਿੱਤੀ ਹੈ।ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਤੇ ਆਦੇਸ਼ਾਂ ਤਹਿਤ ਦਿੱਲੀ ਕਮੇਟੀ ਵੱਲੋਂ ਕਾਰਜ ਕਰਨ ਦੀ ਗਲ ਕਰਦੇ ਹੋਏ ਜੀ.ਕੇ ਨੇ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬੇਲੋੜੀ ਨਾਹ ਪੱਖੀ ਬਿਆਨਬਾਜੀ ਦਿੱਲੀ ਕਮੇਟੀ ਖਿਲਾਫ਼ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਹਰ ਪੰਥਕ ਮਸਲੇ ‘ਤੇ ਬੋਲਣ ਵਾਸਤੇ ਖੁੱਦ ਮੁਖਤਿਆਰੀ ਰੱਖਦੀ ਹੈ। ਇਸ ਲਈ ਭਵਿੱਖ ਵਿੱਚ ਵੀ ਦਿੱਲੀ ਕਮੇਟੀ ਦੀ ਇਹੀ ਕਾਰਜਸ਼ੈਲੀ ਜਾਰੀ ਰਹੇਗੀ। ਆਪਣੀ ਗਲ ਨੂੰ ਹੋਰ ਸਾਫ ਕਰਦੇ ਹੋਏ ਜੀ.ਕੇ ਨੇ ਸ਼੍ਰੋਮਣੀ ਕਮੇਟੀ ਨਾਲ ਸੰਸਾਰ ਭਰ ਦੇ ਸਿੱਖ ਅਤੇ ਪੰਥਕ ਮਸਲਿਆਂ ਵਾਸਤੇ ਇਕ ਸੁਰ ਵਿੱਚ ਮਿਲ ਕੇ ਕਾਰਜ਼ ਕਰਨ ਦੀ ਵੀ ਹਾਮੀ ਭਰੀ।
ਦਿੱਲੀ ਦੇ ਸਿੱਖਾਂ ਵੱਲੋਂ ਪਿਛਲੀ ਇੱਕ ਸ਼ਤਾਬਦੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਵਿਸ਼ਵ ਭਰ ਦੇ ਸਿੱਖਾਂ ਨਾਲ ਜੁੜੇ ਸਿਆਸ਼ੀ ਅਤੇ ਸਮਾਜਿਕ ਮਸਲਿਆਂ ਤੇ ਅਗਾਹਵੱਧੂ ਭੂਮਿਕਾ ਨਿਭਾਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਬੀਤੇ ਦਿਨੀਂ ਜਰਮਨੀ ਦੇ ਯੋਗਾ ਸੈਂਟਰ ਵਿੱਚ ਗੁਰਬਾਣੀ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਉਣ ਤੇ ਦਿੱਲੀ ਕਮੇਟੀ ਵੱਲੋਂ ਇਤਰਾਜ਼ ਜਤਾਉਣ ਉਪਰੰਤ ਯੋਗਾ ਸੈਂਟਰ ਵੱਲੋਂ ਬਿਨਾਂ ਸ਼ਰਤ ਮੁਆਫੀ ਮੰਗਣ ਅਤੇ ਗਲਤੀ ਸੁਧਾਰ ਦਾ ਕਾਰਜ ਸ਼ੁਰੂ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਮਾਮਲਾ ਹਲ ਹੋਣ ਦੇ ਬਾਅਦ ਇਸ ਮਸਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਲੋੜ ਤੇ ਵੀ ਜੀ.ਕੇ ਨੇ ਸਵਾਲਿਆ ਨਿਸ਼ਾਨ ਲਗਾਇਆ।1950 ਵਿੱਚ ਦਿੱਲੀ ਦੇ ਸਿੱਖਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬੀ ਸੂਬੇ ਦੇ ਮੋਰਚੇ ਅਤੇ 1964 ਵਿੱਚ ਪਾਉਂਟਾ ਸਾਹਿਬ ਵਿੱਖੇ ਪੁਲੀਸ ਦੀ ਗੋਲੀ ਨਾਲ 11 ਸਿੱਖਾਂ ਦੀ ਸ਼ਹੀਦੀ ਉਪਰੰਤ ਮਾਸਟਰ ਤਾਰਾ ਸਿੰਘ ਵੱਲੋਂ ਦਿੱਲੀ ਦੀ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਦੇ ਕਬਜੇ ਤੋਂ ਅਜਾਦ ਕਰਾਉਣ ਵਾਸਤੇ ਦਿੱਤੇ ਗਏ ਆਦੇਸ਼ ਤੇ ਲੜੀ ਗਈ ਲੜਾਈ ਦਾ ਵੀ ਜੀ.ਕੇ ਨੇ ਹਵਾਲਾ ਦਿੱਤਾ।
ਜੀ.ਕੇ. ਨੇ ਉਤਰਾਖੰਡ ਦੇ ਤਰਾਈ ਇਲਾਕੇ ਵਿੱਚ ਰਹਿੰਦੇ 40,000 ਸਿੱਖ ਪਰਿਵਾਰਾਂ ਨੂੰ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਦੂਜੀ ਵਾਰ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਵੱਲੋਂ ਬਾਹਰ ਭੇਜਣ ਦੇ ਕੱਢੇ ਗਏ ਆਰਡੀਨੈਸ ਦੇ ਖਿਲਾਫ ਦਿੱਲੀ ਦੀ ਸੰਗਤ ਵੱਲੋਂ ਸਿਆਸ਼ੀ ਅਤੇ ਕਾਨੂੰਨੀ ਲੜਾਈ ਲੜਦੇ ਹੋਏ ਭਾਰਤ ਸਰਕਾਰ ਤੇ ਦਬਾਅ ਬਣਾਕੇ ਆਰਡੀਨੈਸ ਨੂੰ ਵਾਪਸ ਲੈਣ ਵਾਸਤੇ ਲੜੀ ਗਈ ਲੜਾਈ ਦਾ ਵੀ ਵੇਰਵਾ ਦਿੱਤਾ। ਦਿੱਲੀ ਦੇ ਸਿੱਖਾਂ ਦੀ ਤਾਕਤ ਦੀ ਗਲ ਕਰਦੇ ਹੋਏ ਜੀ.ਕੇ ਨੇ ਕਲਕੱਤਾ ਵਿੱਖੇ 1967 ਵਿੱਚ ਬਾਘਮਾਰੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਖਿਲਾਫ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਸਣੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਅਜੌਯ ਮੁਖਰਜੀ ਅਤੇ ਗ੍ਰਹਿ ਮੰਤਰੀ ਜੋਤੀ ਬਸੂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆ ਕੇ ਮੰਗੀ ਗਈ ਮੁਆਫੀ ਦਾ ਵੀ ਜਿਕਰ ਕੀਤਾ।
1969 ਵਿੱਖੇ ਬ੍ਰਿਟੇਨ ਵਿੱਚ ਸਰਕਾਰੀ ਨੌਕਰੀ ਦੌਰਾਨ ਸਿੱਖਾਂ ਨੂੰ ਪੱਗ ਬੰਨਣ ‘ਤੇ ਲਗਾਈ ਗਈ ਰੋਕ ਦੇ ਬਾਅਦ ਉਥੇ ਦੇ ਸਿੱਖ ਆਗੂ ਸੋਹਨ ਸਿੰਘ ਜੌਲੀ ਦੀ ਮੁਜਾਹਰੇ ਦੌਰਾਨ ਹੋਈ ਮੌਤ ਦੇ ਖਿਲਾਫ ਅਕਾਲੀ ਦਲ ਵੱਲੋਂ ਦਿੱਲੀ ਵਿੱਖੇ ਬਰਤਾਨੀਆਂ ਦੇ ਦੂਤਘਰ ਦੇ ਦਰਵਾਜਿਆਂ ਨੂੰ ਬੰਦ ਕਰਦੇ ਹੋਏ ਬ੍ਰਿਟੇਨ ਸਰਕਾਰ ਤੇ ਦਬਾਅ ਪਾ ਕੇ ਆਦੇਸ਼ ਵਾਪਸ ਲੈਣ ਵਾਸਤੇ ਕੀਤੀ ਗਈ ਜਦੋਜਹਿਦ ਦਾ ਵੀ ਜੀ.ਕੇ. ਨੇ ਜਿਕਰ ਕੀਤਾ। ਮੌਜੂਦਾ ਦਿੱਲੀ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ਿਆਂ ਨੂੰ ਸਜਾਵਾਂ ਦਿਵਾਉਣ, ਪੀੜਿਤਾਂ ਨੂੰ ਇਨਸਾਫ ਦਿਵਾਉਣ, ਦੇਸ਼ ਤੋਂ ਬਾਹਰ ਵਸਦੇ ਸਿੱਖਾਂ ਦੀ ਪੱਛਾਣ ਵਾਸਤੇ ਜਾਗ੍ਰਤੀ ਪੈਦਾ ਕਰਨ ਅਤੇ ਅਮਰੀਕਾ ਦੇ ਯੂਰੋਪੀਅਨ ਦੇਸ਼ਾਂ ਦੀ ਸਰਕਾਰਾਂ ਨਾਲ ਪੰਥਕ ਮਸਲਿਆਂ ਤੇ ਗੱਲਬਾਤ ਕਰਨ ਨੂੰ ਵੀ ਜੀ.ਕੇ ਨੇ ਦਿੱਲੀ ਦੀਆਂ ਸੰਗਤਾਂ ਦੀ ਅਗਾਹਵਧੂ ਸੋਚ ਨਾਲ ਜੋੜਿਆ।
ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਵਾਸਤੇ ਦਿੱਲੀ ਕਮੇਟੀ ਵੱਲੋਂ ਅਗਾਹਵੱਧੂ ਲੜਾਈ ਲੜਨ ਦੇ ਸੰਕੇਤ ਦਿੰਦੇ ਹੋਏ ਜੀ.ਕੇ ਨੇ ਸ਼੍ਰੋਮਣੀ ਕਮੇਟੀ ਤੋਂ ਇਸ ਮਸਲੇ ਵਿੱਚ ਕੋਈ ਆਦੇਸ਼ ਲੈਣ ਤੋਂ ਵੀ ਕੋਰੀ ਨਾ ਕਰ ਦਿੱਤੀ। ਸ਼੍ਰੋਮਣੀ ਕਮੇਟੀ ਨੂੰ ਵੱਡੀ ਜਥੇਬੰਦੀ ਦਸਦੇ ਹੋਏ ਸਿੱਖ ਮਸਲਿਆਂ ਤੇ ਸੁਚੇਤ ਰਹਿੰਦੀਆ ਹੋਇਆ ਤੁਰੰਤ ਫੈਸਲੇ ਲੈਣ ਵਾਸਤੇ ਅੱਗੇ ਆਉਣ ਦੀ ਵੀ ਜੀ.ਕੇ ਨੇ ਸਲਾਹ ਦਿੱਤੀ। ਜੀ.ਕੇ ਨੇ ਦਿੱਲੀ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਿਆਂ ਤੇ ਦਿੱਲੀ ਕਮੇਟੀ ਦੀ ਖੁਦਮੁਖਤਿਆਰੀ ਤੇ ਦਖਲਅੰਦਾਜ਼ੀ ਨਾ ਕਰਨ ਦੀ ਵੀ ਬੇਨਤੀ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply