ਅੰਮ੍ਰਿਤਸਰ, 5 ਸਤੰਬਰ (ਗੁਰਪ੍ਰੀੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੱਡਾ ਭਰਾ ਸਮਝਦਿਆਂ ਜੋ ਬਿਆਨਬਾਜੀ ਕੀਤੀ ਹੈ, ਉਹ ਬਹੁਤ ਹੀ ਮੰਦਭਾਗੀ ਤੇ ਬੇਸਮਝੀ ਦਾ ਸਬੂਤ ਦੇਣ ਵਾਲੀ ਹੈ। ਦਿੱਲੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਬਹੁਤ ਹੀ ਇਤਰਾਜਯੋਗ ਟਿਪਣੀਆਂ ਹਨ, ਜਿਸ ਤੋਂ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਬਾਲਪਨ ਦੀ ਝਲਕ ਸਪੱਸ਼ਟ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਸ. ਜੀ.ਕੇ. ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਵਰਤੀ ਗਈ ਸ਼ਬਦਾਵਲੀ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਸਿੱਖ ਚਿੰਤਨ ਦੀਆਂ ਦੁਸ਼ਵਾਰੀਆਂ ਦਾ ਪ੍ਰਸੰਗ ਚੁਣੌਤੀਆਂ ਭਰਿਆ ਵੀ ਹੈ ਅਤੇ ਨਾਜੁਕ ਵੀ ਹੈ। ਇਸ ਲਈ ਸ. ਜੀ.ਕੇ ਦਾ ਬਿਆਨ ਠੀਕ ਦਿਸ਼ਾ ਵਿਚ ਨਹੀਂ, ਕਿਉਂਕਿ ਜਿਨ੍ਹਾਂ ਵਿਸ਼ਿਆਂ ਬਾਰੇ ਸਿੱਖ ਆਪਣੀ ਰਾਏ ਪ੍ਰਗਟਾਉਣ ਤੋਂ ਗੁਰੇਜ ਕਰਦਾ ਹੈ, ਉਨ੍ਹਾਂ ਬਾਰੇ ਵਿਰੋਧੀ ਵਧੇਰੇ ਦਲੇਰੀ ਨਾਲ ਕਿੰਤੂ-ਪ੍ਰੰਤੂ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਹਾਲਤ ਇਹ ਹੋ ਜਾਂਦੀ ਹੈ ਕਿ ਸਵਾਲ ਦਾ ਜਵਾਬ ਵਧੇਰੇ ਸਵਾਲਾਂ ਨੂੰ ਜਨਮ ਦੇ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੁਯੋਗ ਨੇਤਾਵਾਂ ਨੇ ਸਮੁੱਚੇ ਸਿੱਖ ਪੰਥ ਦੀ ਪ੍ਰਤਿਭਾ ਦਾ ਜੋਰਦਾਰ ਪ੍ਰਗਟਾਅ ਕਰ ਕੇ ਇਸ ਸੰਸਥਾ ਨੂੰ ਨਿਵੇਕਲਾ ਮਹੱਤਵ ਦਿੱਤਾ ਹੈ। ਇਤਿਹਾਸ ਵਿਚ ਸ਼ਾਇਦ ਇਹ ਕਿਸੇ ਧਰਮ ਦੀ ਪਹਿਲੀ ਸੰਸਥਾ ਹੈ, ਜਿਸ ਨੇ ਵਰਤਮਾਨ ਲੋਕਤੰਤਰੀ ਬਣਤਰ ਅਪਣਾਈ ਜੋ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦੇ ਸਿਧਾਂਤ ਨੂੰ ਭਲੀਪੂਰਤ ਦ੍ਰਿਸ਼ਟਮਾਨ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਇੱਕ ਵਿਲੱਖਣ ਤੇ ਅਨੂਠਾ ਰਿਸ਼ਤਾ ਹੈ, ਜਿਸ ਨੇ ਵਰਤਮਾਨ ਸਮੇਂ ਵਿਚ ਸਿੱਖ ਰਾਜਨੀਤੀ ਨੂੰ ਪਰਿਭਾਸ਼ਾ ਦਿੱਤੀ ਤੇ ਸਿੱਖ ਪੰਥ ਦੀ ਨਿਸ਼ਾਨਦੇਹੀ ਵੀ ਕੀਤੀ। ਸ਼੍ਰੋਮਣੀ ਕਮੇਟੀ ਦਾ ਜੀਵਨ ਕਾਰਜ ਤੇ ਪ੍ਰਾਪਤੀਆਂ ਬੇਹੱਦ ਗੌਰਵਸ਼ਾਲੀ ਹਨ।
ਬੁਲਾਰੇ ਨੇ ਕਿਹਾ ਕਿ ਦਿੱਲੀ ਕਮੇਟੀ ਜੇਕਰ ਸ਼੍ਰੋਮਣੀ ਕਮੇਟੀ ਨੂੰ ਆਪਣਾ ਵੱਡਾ ਭਰਾ ਦੱਸਦੀ ਹੈ ਤਾਂ ਫਿਰ ਉਸ ਨੂੰ ਵੱਡੇ ਭਰਾ ਦੀ ਕਿਵੇਂ ਇੱਜਤ ਕਰਨੀ ਹੈ, ਇਸ ਗੱਲ ਨੂੰ ਵੀ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਕ ਪਾਸੇ ਵੱਡਾ ਭਰਾ ਕਹਿਣਾ ਤੇ ਦੂਜੇ ਪਾਸੇ ਨਸੀਹਤਾਂ ਜਾਰੀ ਕਰਨੀਆਂ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉੱਦਮ ਸਦਕਾ ਹੀ ਦਿੱਲੀ ਕਮੇਟੀ ਦੀ ਚੋਣ ਜਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਕਈ ਅਜਿਹੀਆਂ ਗੱਲਾਂ ਕਰ ਰਹੇ ਹਨ, ਜਿਹੜੀਆਂ ਪੰਥਕ ਰਵਾਇਤਾਂ ਤੇ ਸਿਧਾਂਤਾਂ ਨਾਲ ਮੇਲ ਨਹੀਂ ਖਾਦੀਆਂ। ਸਮੁੱਚਾ ਪੰਥ ਜਾਣਦਾ ਹੈ ਕਿ ਪੰਥ ਵਿੱਚੋਂ ਛੇਕੇ ਗਏ ਧੀਰਮੱਲੀਆਂ ਨਾਲ ਸਬੰਧਤ ਵਡਭਾਗ ਸਿੰਘ ਬਾਰੇ ਦਿੱਲੀ ਕਮੇਟੀ ਵੱਲੋਂ ਹਾਲ ਹੀ ਵਿਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਮਾਗਮ ਉਲੀਕੇ ਗਏ ਸਨ ਪਰੰਤੂ ਸੰਗਤਾਂ ਦੇ ਭਾਰੀ ਵਿਰੋਧ ਕਰਕੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਫੈਸਲਾ ਬਦਲਨਾ ਪਿਆ। ਇਹ ਇਸ ਕਰਕੇ ਵਾਪਰਿਆ, ਕਿਉਂਕਿ ਇਹ ਵਰਤਾਰਾ ਪੰਥਕ ਸਿਧਾਂਤਾਂ ਦੇ ਵਿਪਰੀਤ ਸੀ। ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਨੂੰ ਕੀਤੇ ਗਏ ਇਕ ਹੋਰ ਗੁਰਮਤਿ ਸਮਾਗਮ ਸਮੇਂ ਪੰਥਕ ਸ਼ਖ਼ਸੀਅਤਾਂ ਦੀ ਨਰਾਜਗੀ ਝੱਲਣੀ ਪਈ ਸੀ। ਅਜਿਹੇ ਹੋਰ ਵੀ ਅਨੇਕਾਂ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ. ਜੀ.ਕੇ. ਹੀ ਦੇ ਸਕਦੇ ਹਨ।
ਦਿੱਲੀ ਕਮੇਟੀ ਦੀਆਂ ਜਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਸ. ਜੀ.ਕੇ. ਵੱਲੋਂ ਪ੍ਰੈਸ ਬਿਆਨ ਵਿਚ ਕੀਤਾ ਗਿਆ ਹੈ ਇਹ ਸ. ਜੀ.ਕੇ. ਦੇ ਸਮੇਂ ਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਨੇਕਾਂ ਆਗੂਆਂ ਦੀ ਅਗਵਾਈ ਹੇਠ ਇਸ ਸੰਸਥਾ ਨੇ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਤੀਆਂ ਦੀ ਫਹਿਰਿਸਤ ਵੀ ਅਤਿਅੰਤ ਲੰਮੇਰੀ ਹੈ, ਜੋ ਅਸੀਂ ਵੀ ਗਿਣਾ ਸਕਦੇ ਹਾਂ ਪਰ ਇਹ ਪ੍ਰਾਪਤੀਆਂ ਕੋਈ ਅਹਿਸਾਨ ਨਹੀਂ, ਸਗੋਂ ਜ਼ਿੰਮੇਵਾਰੀ ਨਿਭਾਉਂਦਿਆਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪ੍ਰਾਪਤੀਆਂ ਗਿਣਾਉਣ ਦੀ ਥਾਂ ਸ. ਜੀ.ਕੇ. ਆਪਣੀਆਂ ਜਿੰਮੇਵਾਰੀਆਂ ਨੂੰ ਸੁਹਿਰਦਤਾ ਨਾਲ ਨਿਭਾਉਣ ਦਾ ਯਤਨ ਕਰਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media