Monday, February 2, 2026

ਦੇਸ਼ ਵਿਦੇਸ਼ ‘ਚ ਨਵਾਂ ਗੁਰਦੁਆਰਾ ਸਥਾਪਿਤ ਕਰਨ ਲਈ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਜਰੂਰੀ

ਪੰਜ ਸਿੰਘ ਸਾਹਿਬ ਦੀ ਇਕੱਤਰਤਾ ‘ਚ ਰਾਗੀ ਬਲਬੀਰ ਸਿੰਘ ‘ਤੇ ਕੀਰਤਨ ਕਰਨ ਦੀ ਰੋਕ 

Giani-Gurbachan-Singh1

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਸੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵੀਡੀਓ ਦੇਖਣ ਉਪਰੰਤ ਰਾਗੀ ਭਾਈ ਬਲਬੀਰ ਸਿੰਘ ਵਲੋਂ ਕੀਰਤਨ ਕਰਨ ਤੇ ਬੋਲਣ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਮਾਮਲੇ ‘ਤੇ ਵਿਚਾਰ ਚਰਚਾ ਤੋਂ ਬਾਅਦ ਹੀ ਕੋਈ ਫੈਸਲਾ ਲ਼ਿਆ ਜਾਵੇਗਾ।ਇਕੱਤਰਤਾ ‘ਚ ਬਾਬਾ ਵਡਭਾਗ ਸਿੰਘ ਬਾਰੇ ਪੈਦਾ ਹੋਏ ਮੱਤਭੇਦਾਂ ਤੋਂ ਇਲਾਵਾ ਕਈ ਹੋਰ ਮਾਮਲੇ ਵਿਚਾਰੇ ਗਏ, ਜਦਕਿ ਗੁਰਪੁਰਵਾਸੀ ਬਾਬਾ ਸੁੱਚਾ ਸਿੰਘ ਜੀ ਮੁਖੀ ਜਵੱਦੀ ਕਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੌਂ “ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ“ ਦੀ ਉਪਾਧੀ ਦੇਣ ਦਾ ਫੈਸਲਾ ਕੀਤਾ ਗਿਆ ਹੈ।ਅੱਜ ਦੀ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿ: ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿ: ਗੁਰਮੁੱਖ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿ: ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜੂਰ ਸਾਹਿਬ ਦੇ ਗ੍ਰੰਥੀ ਗਿ: ਰਾਮ ਸਿੰਘ ਸ਼ਾਮਲ ਹੋਏ।
ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਡੇਰਾ ਵਡਭਾਗ ਸਿੰਘ ਬਾਰੇ ਚੱਲ ਰਿਹਾ ਵਿਵਾਦ ‘ਸਿੱਖ ਰਹਿਤ ਮਰਿਯਾਦਾ’ ਮੁਤਾਬਿਕ ਅਤੇ ਇਸ ਨੂੰ ਅਧਾਰ ਮੰਨ ਕੇ ਹੱਲ ਕਰਨਾ ਬਣਦਾ ਹੈ।ਸਿੱਖ ਰਹਿਤ ਮਰਿਯਾਦਾ ਦੇ ਪੰਨਾ ਨੰ: 31, (ਮੱਦ ਠ) ਅਨੁਸਾਰ ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ, ਪ੍ਰੰਤੂ ਇਸੇ ਪੰਨਾ ਨੰ: 31 ਪੁਰ ਹੀ ਫੁੱਟ ਨੋਟ ਅਨੁਸਾਰ ਇਹ ਵੀ ਹਦਾਇਤ ਹੈ ਕਿ “ਇਨ੍ਹਾਂ ਵਿਚੋਂ ਜਿਹੜੇ ਅੰਮ੍ਰਿਤ ਛੱਕ ਕੇ ਪੰਥ ਵਿਚ ਮਿਲ ਜਾਣ, ਉਨ੍ਹਾਂ ਨਾਲ ਵਰਤਣਾ ਠੀਕ ਹੈ। ਵਰਤਣ ਤੋਂ ਭਾਵ ਰੋਟੀ-ਬੇਟੀ ਦੀ ਸਾਂਝ ਹੈ, ਜਿਸ ਦਾ ਸਪੱਸ਼ਟ ਅਰਥ ਰਿਸ਼ਤਾ-ਨਾਤਾ ਕਰਕੇ ਬਰਾਦਰੀ ਦਾ ਸਬੰਧ ਪੈਦਾ ਕਰਨਾ ਹੈ।ਗੁਰੂ ਸਾਹਿਬ ਤੋਂ ਭਾਵ ਪੰਥ ਨੂੰ ਇੱਕ ਕਰਕੇ ਰੱਖਣ ਦਾ ਸੀ ਤਾਂ ਕਿ ਵੱਖਰੇ-ਵੱਖਰੇ ਗੁਰਿਆਈ ਦੇ ਸੈਂਟਰ ਜਾਂ ਮਿਲਗੋਭਾ ਸਿੱਖੀ ਦੇ ਅੱਡੇ ਨਾ ਬਣਨ।“ ਜੋ ਵਿਅਕਤੀ ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸੰਸਥਾ ਵਿਚ ਸਿੱਖ ਰਹਿਤ ਮਰਿਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਪ੍ਰਣ ਕਰਦਾ ਹੈ ਤਾਂ ਉਸ ਸਬੰਧੀ ਵਿਚਾਰਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਇਤਿਹਾਸਕ ਤੱਥਾਂ ਦੇ ਮਤਭੇਦ ਕਰਕੇ ਕੋਈ ਫੈਸਲਾ ਨਹੀਂ ਲ਼ਿਆ ਗਿਆ, ਪਰ ਵਿਚਾਰ ਉਪਰੰਤ ਵਡਭਾਗ ਸਿੰਘ ਦੇ ਸਿੱਖ ਹੋਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼-ਵਿਦੇਸ਼ ਵਿਚ ਕੋਈ ਵੀ ਨਵਾਂ ਗੁਰਦੁਆਰਾ ਸਾਹਿਬ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਕਾਇਦਾ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਹੀ ਉਸਾਰਿਆ ਜਾਵੇ।
ਰਾਗੀ ਬਲਬੀਰ ਸਿੰਘ ਬਾਰੇ ਸਿੰਘ ਸਾਹਿਬ ਨੇ ਕਿਹਾ ਕਿ ਰਾਗੀ ਦੀ ਵੀਡਓ ਦੇਖੀ ਗਈ ਜਿਸ ਵਿਚ ਇਹ ਗੁਰੂ ਪੰਥ ਦੇ ਦੋਖੀ, ਦੰਭੀ, ਪਾਖੰਡੀ, ਸਿੱਖੀ ਨੂੰ ਢਾਅ ਲਾਉਣ ਵਾਲੇ ਆਸ਼ੂਤੋਸ਼ ਨੂੰ ਗੁਰੂ ਮੰਨ ਕੇ ਉਸ ਅੱਗੇ ਲਿਲਕੜੀਆਂ ਕੱਢਣ ਅਤੇ ਗੁਰਬਾਣੀ ਦੀਆਂ ਪੰਗਤੀਆਂ ਢੁਕਾਅ-ਢੁਕਾਅ ਕੇ ਬੋਲਣ ਅਤੇ ਗੁਰਬਾਣੀ ਦਾ ਕੀਰਤਨ ਕਰਨ ਕਰਕੇ ਇਸ ਬੱਜਰ ਗਲਤੀ ਨੂੰ ਫਿਲਹਾਲ ਅਜੇ ਵਿਚਾਰਿਆ ਨਹੀਂ ਜਾ ਸਕਦਾ।ਪੰਜ ਸਿੰਘ ਸਾਹਿਬਾਨ ਵੱਲੋਂ ਇਸ ਉਪਰ ਕੀਰਤਨ ਕਰਨ ਅਤੇ ਬੋਲਣ ‘ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ।
ਉਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਰੂਪ ਵਿਚ ਗੁਰਬਾਣੀ ਲਿਖਣ ਸਮੇਂ ਆਪਣੇ ਕੋਲੋਂ ਬਿੰਦੀ, ਟਿੱਪੀ, ਵਿਸ਼ਰਾਮ, ਕੌਮੇਂ ਆਦਿ ਲਗਮਾਤਰ ਨਾ ਲਗਾਈ ਜਾਵੇ।ਗੁਰਬਾਣੀ ਦੇ ਪਾਵਨ ਸਰੂਪਾਂ, ਪੋਥੀਆਂ ਅਤੇ ਨਿੱਤਨੇਮ ਦੇ ਗੁਟਕਿਆਂ ਆਦਿ ਵਿਚ ਕੌਮੇ, ਵਿਸ਼ਰਾਮ ਆਦਿ ਦਰਸਾਉਣ ਵਾਸਤੇ ਕਿਸੇ ਰੰਗ ਦੀ ਵਰਤੋਂ ਨਾ ਕੀਤੀ ਜਾਵੇ।ਪੁੱਜੀ ਸ਼ਿਕਾਇਤ ਅਨੁਸਾਰ ਦਰਸ਼ਨ ਸਿੰਘ ਮੱਲੇਵਾਲ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਅੱਗੇ ਤੋਂ ਸਿੱਖ ਪੰਥ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਨਾ ਕਰੇ।
ਜਥੇਦਾਰ ਗਿ: ਗੁਰਬਚਨ ਸਿੰਘ ਨੇ ਦੱਸਿਆ ਕਿ 25 ਭਾਦੋਂ ਸੰਮਤ ਨਾਨਕਸ਼ਾਹੀ 547 ਮੁਤਾਬਿਕ 10 ਸਤੰਬਰ 2015 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਦੀਰਘ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਗੁਰਪੁਰਵਾਸੀ ਬਾਬਾ ਸੁੱਚਾ ਸਿੰਘ ਜੀ ਮੁਖੀ ਜਵੱਦੀ ਕਲਾਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਸ਼ੇਸ਼ ਕਰਕੇ 31 ਰਾਗਾਂ ਵਿਚ ਗਾਇਨ ਕਰਨ ਅਤੇ ਤੰਤੀ ਸਾਜ ਦੇ ਰਾਗੀ ਤਿਆਰ ਕਰਨ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੌਂ “ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ“ ਦੀ ਉਪਾਧੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸੰਗਤਾਂ ਨੂੰ ਕੋਈ ਵੀ ਕੇਸ ਸਿੱਧਾ ਤਖ਼ਤ ਸਾਹਿਬਾਨ ‘ਤੇ ਨਾ ਭੇਜਿਆ ਜਾਵੇ।ਇਸ ਲਈ ਧਰਮ ਪ੍ਰਚਾਰ ਕਮੇਟੀ ਉਸ ਦਾ ਯੋਗ ਹੱਲ ਕੱਢੇ। ਜਿਹੜੇ ਬਹੁਤ ਕੌਮੀ ਮਸਲੇ ਹੋਣ ਉਸ ਉਪਰ ਆਪਣੀ ਰਾਏ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਜੇ ਜਾਣ। ਕਾਨੂੰਨ ਨਾਲ ਸਬੰਧਤ ਕੋਈ ਵੀ ਕੇਸ ਤਖ਼ਤ ਸਾਹਿਬਾਨ ‘ਤੇ ਨਾ ਭੇਜਿਆ ਜਾਵੇ ਅਤੇ ਸਮੁੱਚੀ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਸ ਵਿਅਕਤੀ ਦੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਗੀ ਦੀ ਚਿੱਠੀ ਨਾ ਹੋਵੇ, ਉਸ ਵਿਅਕਤੀ ਨੂੰ ਬਿਰਧ ਪਾਵਨ ਸਰੂਪ ਅਤੇ ਧਾਰਮਿਕ ਲਿਟਰੇਚਰ ਨਾ ਦਿੱਤਾ ਜਾਵੇ।
ਸਿੰਘ ਸਾਹਿਬ ਨੇ ਦੱਸਿਆ ਕਿ ਫੈਸਲਾ ਕੀਤਾ ਗਿਆ ਕਿ ਮੋਬਾਇਲ ਉਪਰ ਰਿੰਗ, ਕਾਲਰ, ਟਿਊਨ ਦੇ ਨਾ ‘ਤੇ ਕੋਈ ਸ਼ਬਦ ਲਗਾਉਣ ਸਮੇਂ ਉਸਨੂੰ ਗਾਣੇ ਦਾ ਨਾਮ ਦਿੱਤਾ ਜਾਂਦਾ ਹੈ।ਜਿਸ ਸਬੰਧੀ ਪਹਿਲਾਂ ਵੀ ਤਾੜਨਾ ਕੀਤੀ ਜਾ ਚੁੱਕੀ ਹੈ, ਪ੍ਰੰਤੂ ਅਜੇ ਵੀ ਨੈੱਟਵਰਕ ਕੰਪਨੀਆਂ ਨੇ ਇਸ ਵਿਚ ਦਰੁਸਤੀ ਨਹੀਂ ਕੀਤੀ।ਇਕ ਵਾਰ ਫਿਰ ਨੈੱਟਵਰਕ ਕੰਪਨੀਆਂ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਗਾਣੇ ਦੀ ਥਾਂ ‘ਤੇ ਗੁਰਬਾਣੀ ਸ਼ਬਦ ਵਰਤਿਆ ਜਾਵੇ।ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਕੰਪਨੀ ਉਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਨਾਨਕਸ਼ਾਹੀ ਕੈਲੰਡਰ ਬਾਰੇ ਸਿੰਘ ਸਾਹਿਬ ਨੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਨੂੰ ਆਪਣੇ ਨੁਮਾਇੰਦੇ ਭੇਜਣ ਲਈ ਕਿਹਾ ਗਿਆ ਸੀ, ਲੇਕਿਨ ਕੋਈ ਨਹੀਂ ਪੁੱਜਾ ।ਇਸੇ ਦੌਰਾਨ ਗਿ: ਇਕਬਾਲ ਸਿੰਘ ਨੇ ਪੱਤਰਕਾਰਾਂ ਵਲੋਂ ਆਰ.ਐਸ.ਐਸ ਆਗੂ ਨਾਲ ਸਟੇਜ਼ ਸਾਂਝੀ ਕਰਨ ਦੇ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਾ ਦਿੱਤਾ ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply