Friday, March 20, 2026

ਪੰਜਾਬ ਨੂੰ ਨਸ਼ੇ ਅਤੇ ਕੈਂਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ – ਭਗਵੰਤ ਮਾਨ

ਪੰਜਾਬ ਦੀਆਂ 75 ਫੀਸਦੀ ਉਦਯੋਗ ਬਾਹਰਲੇ ਸੂਬਿਆਂ ਵਿੱਚ ਚਲੇ ਗਏ – ਛੋਟੇਪੁਰ

PPN1109201514

ਪੱਟੀ, 11 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਜੋੜੋ ਤਹਿਤ ਵਿਸ਼ਾਲ ਰੈਲੀ ਦਾਣਾ ਮੰਡੀ ਪੱਟੀ ਵਿਖੇ ਕੀਤੀ ਗਈ ਜਿਸ ਵਿੱਚ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਅਤੇ ਸੁੱਚਾ ਸਿੰਘ ਛੋਟੇਪੁਰ ਕੁਆਰਡੀਨੇਟਰ ਸ਼ਾਮਿਲ ਹੋਏ।ਇਸ ਮੌਕੇ ਤਿੰਨ ਹਲਕੇ ਵਿਧਾਨ ਸਭਾ ਹਲਕਾ ਜੀਰਾ, ਖੇਮਕਰਨ, ਅਤੇ ਪੱਟੀ ਤੋਂ ਆਏ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਚੁੱਲਿਆਂ ਵਿੱਚੋਂ ਅੱਗ ਬੁਝ ਗਈ ਹੈ ਅਤੇ ਸਿਵੇ ਦੇਰ ਰਾਤ ਤੱਕ ਵੀ ਬਲਦੇ ਹਨ। ਨਸ਼ਿਆਂ ਨੇ ਨੌਜਵਾਨ ਮਾਰ ਦਿੱਤੇ ਹਨ। ਪੰਜਾਬ ਪਹਿਲਾਂ ਕਬੱਡੀ ਗਿੱਧਾ ਭੰਗੜਾਂ, ਛਿੰਝਾਂ ਆਦਿ ਨਾਲ ਜਾਣਿਆਂ ਜਾਂਦਾ ਸੀ, ਪਰ ਹੁਣ ਇਸ ਤਰਾਂ ਦਾ ਕੁੱਝ ਵੀ ਨਹੀਂ ਹੈ। ਅੱਜ ਪੰਜਾਬ ਨੂੰ ਨਸ਼ੇ ਅਤੇ ਕੈਂਸਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਉਨਾਂ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਹਰ ਰੋਜ਼ ਲੱਖ ਦੋ ਲੱਖ ਰੁਪਏ ਘਰ ਲੈ ਕੇ ਜਾਂਦਾ ਸੀ, ਸਿਆਸਤ ਵਿੱਚ ਆਉਣ ਦਾ ਕੋਈ ਖਿਆਲ ਨਹੀਂ ਸੀ, ਪਰ ਮੇਰੇ ਵਿੱਚ ਕੇਜਰੀਵਾਲ ਦੀ ਚਮਕੀ ਕਿਰਨ ਦੀ ਆਸ ਨਾਲ ਮੈਂ ਤੁਹਾਡਾ ਦਰਦ ਜਾਨਣ ਲਈ ਆਇਆ ਹਾਂ। ਆਮ ਆਦਮੀ ਪਾਰਟੀ ਤੁਹਾਡੇ ਚੁੱਲਿਆਂ ਦੀ ਅੱਗ ਜਲਾਏਗੀ ਅਤੇ ਸਿਵਿਆਂ ਦੀ ਅੱਗ ਬੁਝਾਏਗੀ। ਉਨਾਂ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਕਿਸੇ ਹੋਰ ਪਾਰਟੀ ਦਾ ਨਾਂ ਲੈਣ ਲੱਗ ਜਾਣ ਤਾਂ ਸਮਝੋ ਉਨਾਂ ਨੂੰ ਉਸ ਪਾਰਟੀ ਤੋਂ ਖਤਰਾ ਹੈ। ਇਸੇ ਤਰਾਂ ਹੀ ਅੱਜ ਪੰਜਾਬ ਅੰਦਰ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ ਖਤਰਾ ਬਣਿਆ ਹੋਇਆ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਤਿੰਨ ਵਜੀਰ ਮਲੂਕਾ, ਭੂੰਦੜ ਅਤੇ ਤੋਤਾ ਸਿੰਘ ਕਨੇਡਾ ਵਿੱਚ ਆਪਣੀ ਸਾਖ ਬਣਾਉਣ ਲਈ ਗਏ ਸਨ ਪਰ ਐਨ.ਆਈ.ਆਰ ਵੱਲੋਂ ਵਿਰੋਧ ਵਜੋਂ ਉਨਾਂ ਨੂੰ ਚੋਰ ਦਰਵਾਜੇ ਵਿੱਚੋਂ ਵਾਪਿਸ ਆਉਣਾ ਪਿਆ। ਉਨਾਂ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਬਾਦਲ ਸਾਹਿਬ ਅਕਾਲੀ ਦਲ ਦੇ 40 ਅੰਬ (ਵਿਧਾਇਕ) ਜਿੰਨਾਂ ਚਿਰ ਮਰਜ਼ੀ ਤੂੜੀ ਵਿੱਚ ਨੱਪ ਦਿਓ, ਪਰ ਉਹ ਸੰਧੂਰੀ ਨਹੀਂ ਹੋਣਗੇ।ਇਥੇ ਹੀ ਉਸ ਨੇ ਸੰਬੋਧਨ ਕਰਦਿਆਂ ਕਿਹਾ ਮਾਝੇ ਦੇ ਲੋਕੋ ਤੁਸੀਂ ਕਈ ਸਾਲਾਂ ਤੋਂ ਹੀ ਅਕਾਲੀ ਕਾਂਗਰਸੀ ਡਾਕਟਰਾਂ ਤੋਂ ਇਲਾਜ ਕਰਵਾ ਕੇ ਦੇਖ ਲਿਆ, ਇਸ ਵਾਰ 2017 ਵਿੱਚ ਆਮ ਆਦਮੀ ਪਾਰਟੀ ਤੋਂ ਫਾਂਡਾ ਕਰਾ ਕੇ ਵੇਖ ਲਓ ਤਾਂ ਜੋ ਤੁਹਾਡੇ ਦਰਦ ਨੂੰ ਅਰਾਮ ਮਿਲ ਸਕੇ। ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਇੱਕ ਹੀ ਸੁਪਨਾ ਹੈ ਕਿ ਮੈਂ ਹਿੰਦੁਸਤਾਨ ਤੋਂ ਗੰਦਗੀ ਨੂੰ ਸਾਫ਼ ਕਰਨਾ ਹੈ। ਉਨਾਂ ਕਿਹਾ ਕਿ ਅੱਜ ਅਕਾਲੀ ਦਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਦੇ ਪੈਸੇ ਵਰਤ ਰਿਹਾ ਹੈ, ਉਨਾਂ ਕਿਹਾ ਕਿ ਮਿਹਨਤ ਕਰਨ ਅਤੇ ਹਿੱਕ ਵਿੱਚ ਗੋਲੀਆਂ ਖਾਣ ਲਈ ਤੁਸੀ ਪਰ ਮਲਾਈਆਂ ਖਾਣ ਲਈ ਅਕਾਲੀਆਂ ਦੇ ਬੱਚੇ ਅੱਗੇ ਆ ਜਾਂਦੇ ਹਨ ਪਰ ਆਮ ਆਦਮੀ ਪਾਰਟੀ ਤੁਹਾਡੇ ਵਿੱਚੋਂ ਹੀ ਲੀਡਰ ਚੁਣੇਗੀ।
ਰੈਲੀ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਕੋਆਰਡੀਨੇਟਰ ਨੇ ਕਿਹਾ ਕਿ ਅੱਜ ਮਾਝੇ ਦੇ ਦੋ ਹਲਕਿਆਂ ਵਿੱਚ ਦੋ ਵਜੀਰਾਂ ਦਾ ਅੱਤਿਆਚਾਰ ਚੱਲ ਰਿਹਾ ਹੈ ਜੋ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜਾਣ ਵਾਲਿਆਂ ਨੂੰ ਡਰਾਉਂਦੇ ਹਨ ਅਤੇ ਕਈ ਥਾਈਂ ਨਜਾਇਜ਼ ਪਰਚੇ ਵੀ ਦਰਜ ਹੋਏ ਹਨ। ਹੁਣ ਅਕਾਲੀ ਭਾਜਪਾ ਅਤੇ ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ, ਅੱਜ ਅਨਾਜ ਦਾ ਭੰਡਾਰ ਭਰਨ ਵਾਲਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਹਰ ਰੋਜ਼ ਦੋ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਅਤੇ ਹੁਣ ਤੱਕ ਕਰਜੇ ਦੀ ਪੰਡ ਹੇਠ ਦੱਬੇ 3 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਉਦਯੋਗ 75 ਪ੍ਰਤੀਸ਼ਤ ਬਾਹਰਲੇ ਸੂਬਿਆਂ ਵਿੱਚ ਚਲੇ ਗਏ ਹਨ।ਅੱਜ ਪੰਜਾਬ ਦਾ ਮਜ਼ਦੂਰ, ਦੁਕਾਨਦਾਰ ਆਦਿ ਮਰੇ ਪਏ ਹਨ ਕਿਉਂਕਿ ਅੱਜ ਜਮੀਨਾਂ ਦੇ ਰੇਟ 40 ਲੱਖ ਤੋਂ ਘਟਕੇ 20 ਲੱਖ ਤੇ ਪੈਲੀਆਂ ਦੇ ਠੇਕੇ 35 ਹਜ਼ਾਰ ਤੋਂ ਘਟਕੇ ਥੱਲੇ ਆ ਗਏ ਹਨ, ਬੱਚੇ ਪੜਾਈ ਤੋਂ ਹਟਕੇ ਨਸ਼ਿਆਂ ‘ਤੇ ਲੱਗ ਗਏ ਹਨ, ਪੈਸੇ ਵਾਲੇ ਨੂੰ ਨੌਕਰੀ ਪਰ ਗਰੀਬ ਦੇ ਪੀ.ਐਚ.ਡੀ ਦੀ ਡਿਗਰੀ ਵਾਲੇ ਨੂੰ ਵੀ ਨੌਕਰੀ ਨਹੀਂ ਹੈ।ਉਨਾਂ ਕਿਹਾ ਕਿ ਅਕਾਲੀਆਂ ਦੀਆਂ ਬੱਸਾਂ ਵਿੱਚ ਵੀ ਨਸ਼ਾ ਵਿਕਦਾ ਹੈ, ਉਥੇ ਭਾਜਪਾ ਵੀ ਘੱਟ ਨਹੀਂ ਹੈ ਉਸਦੇ ਲੀਡਰ ਵੀ ਨਸ਼ਿਆਂ ਵਿੱਚ ਘਿਰੇ ਹੋਏ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਨਸ਼ਿਆਂ ਅਤੇ ਮਾੜੇ ਅਕਸ ਵਾਲੇ ਲਈ ਕੋਈ ਥਾਂ ਨਹੀਂ ਹੈ ਅਤੇ ਇਹ ਵੀ ਨਹੀਂ ਹੈ ਕਿ ਕਿਸੇ ਹਲਕੇ ਵਿੱਚ ਪੁੱਤ ਆਮ ਆਦਮੀ ਪਾਰਟੀ ਨਾਲ ਅਤੇ ਪਿਓ ਕਿਸੇ ਹੋਰ ਪਾਰਟੀ ਨਾਲ ਹੋਵੇ ਅਤੇ ਸਾਡੀ ਪਾਰਟੀ ਵਿੱਚ ਜਾਤਾਂ ਪਾਤਾਂ ਤੋਂ ਉੱਠ ਕੇ ਜਿੰਮੇਵਾਰੀ ਦਿੱਤੀ ਜਾਵੇਗੀ।ਇਸ ਮੌਕੇ ‘ਤੇ ਪ੍ਰੋ. ਬਲਜਿੰਦਰ ਕੌਰ ਇੰਚਾਰਜ ਮਹਿਲਾ ਵਿੰਗ ਆਮ ਆਦਮੀ ਪਾਰਟੀ, ਪ੍ਰਵੀਨ ਪ੍ਰਭਾਕਰ, ਜੇ.ਐਨ.ਮਾਥੁਰ ਦਿੱਲੀ, ਇਕਬਾਲ ਸਿੰਘ ਭਾਗੋਵਾਲੀਆ, ਜਥੇਦਾਰ ਤੁੜ, ਹਰਦੀਪ ਸਿੰਘ ਕਿੰਗਰਾ, ਮੀਤ ਹੇਅਰ ਮੈਂਬਰ ਯੂਥ ਵਿੰਗ ਪੰਜਾਬ ਆਦਿ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਰੈਲੀ ਵਿੱਚ ਮਿਥੇ ਸਮੇਂ ਤੋਂ ਕਰੀਬ ਡੇਢ ਘੰਟਾ ਲੇਟ ਆਏ।ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਲਟੋਹਾ ਹਲਕੇ ਤੋਂ ਲੋਕ ਪਹੁੰਚੇ।ਸਾਰੀ ਰੈਲੀ ਦੌਰਾਨ ਮਾਨ ਵੱਲੋਂ ਕਮੈਂਟਾਂ ਨਾਲ ਸੰਬੋਧਨ ਕਰਨ ਦਾ ਦੌਰ ਵੀ ਜਾਰੀ ਰਿਹਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply