ਅੰਮ੍ਰਿਤਸਰ, 21 ਸਤੰਬਰ (ਗੁਰਚਰਨ ਸਿੰਘ)-ਜ਼ਿਲ੍ਹੇ ਵਿਚ ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਯੋਜਨਾਬੱਧ ਢੰਗ ਨਾਲ ਡੇਂਗੂ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਬੁਖਾਰ ਹੋਣ ਦੀ ਹਾਲਤ ਵਿਚ ਮਰੀਜ਼ ਨੂੰ ਨੇੜ੍ਹੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ਼ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਹੋ ਸਕੇ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜੈ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਮਰੀਜ਼ ਵਿਚ ਤੇਜ਼ ਬੁਖਾਰ, ਤੇਜ਼ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖਰਾਬ ਹੋਣ ‘ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖੂਨ ਵਗਣ ਦੀਆਂ ਨਿਸ਼ਾਨੀਆਂ ਪਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਟਾਈਫਾਈਡ, ਮਲੇਰੀਆ ਆਦਿ ਹੋਣ ‘ਤੇ ਵੀ ਸਰੀਰ ਵਿਚ ਬਲੱਡ ਪਲੇਟਲੈਟਸ ਘਟ ਜਾਂਦੇ ਹਨ ਅਤੇ ਮਾਹਿਰਾਂ ਵੱਲੋਂ ਸਮੁੱਚੇ ਲੱਛਣਾਂ ਦੀ ਜਾਂਚ ਤੋਂ ਬਾਅਦ ਪੀੜਤਾਂ ਨੂੰ ਤੁਰੰਤ ਢੁਕਵਾਂ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਸਬੰਧੀ ਜ਼ਿਲ੍ਹੇ ਵਿਚ ਬਿਮਾਰੀ ਸਬੰਧੀ ਜਾਗਰੂਕ ਕਰਨ ਅਤੇ ਇਲਾਜ ਸਬੰਧੀ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਡੇਂਗੂ ਦੇ ਕੇਸ ਪਾਏ ਗਏ ਹਨ ਉਥੇ ਢੁਕਵਾਂ ਸਪਰੇਅ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਫੀਵਰ ਸਰਵੇ ਕਰਕੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਮਾਰੀ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਘਰਾਂ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਟੈਂਕੀਆਂ ਅਤੇ ਪਾਣੀ ਦੇ ਭਰੇ ਭਾਂਡਿਆਂ ਨੂੰ ਢੱਕ ਕੇ ਰੱਖਣ, ਕੂਲਰਾਂ ਦੀ ਹਫਤੇ ਵਿੱਚ ਇੱਕ ਵਾਰ ਸਫਾਈ ਕਰਨ ਅਤੇ ਦਿਨ ਵੇਲੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਵਾਰਡ ਬਣਾਏ ਗਏ ਹਨ ਜਿਸ ਵਿਚ ਮੱਛਰਦਾਨੀਆਂ ਲਗਾਈਆਂ ਗਈਆਂ ਹਨ ਅਤੇ ਡੇਂਗੂ ਦਾ ਇਲਾਜ਼ ਮੁਫ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਸ਼ੱਕੀ ਮਰੀਜਾਂ ਦੀ ਜਾਂਚ ਵੀ ਮੁਫ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਡੇਂਗੂ ਦਾ ਕੇਸ ਪਾਇਆ ਜਾਂਦਾ ਹੈ ਤਾਂ ਉਸਦੀ ਸੂਚਨਾ ਦਫਤਰ ਸਿਵਲ ਸਰਜਨ ਵਿਖੇ ਭੇਜਣੀ ਸਰਕਾਰ ਵੱਲੋਂ ਲਾਜ਼ਮੀ ਕੀਤੀ ਗਈ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਬਿਮਾਰੀ ਦੀ ਰੋਕਥਾਮ ਸਬੰਧੀ ਸਬੰਧਿਤ ਇਲਾਕੇ ਵਿਚ ਕਾਰਵਾਈ ਕੀਤੀ ਜਾ ਸਕੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media