ਨਵੀਂ ਦਿੱਲੀ, 26 ਸਤੰਬਰ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਵਿੱਚ ਸਥਿਤ ਸਿਰਸਾ ਦੇ ਡੇਰਾ ਸਚਾ ਸੌਦੇ ਦੇ ਮੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ 24 ਸਤਸ਼ਬਰ 2015 ਨੂੰ ਮੁਆਫੀ ਦੇਣ ਦੇ ਮਾਮਲੇ ਤੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਅਕਾਲੀ ਦਲ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਸ਼ਗਤਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਏ ਫੈਸਲੇ ਨੂੰ ਉਸਾਰੂ ਰੂਪ ਵਿੱਚ ਦੇਖਣ ਦੀ ਅਪੀਲ ਕਰਦੇ ਹੋਏ ਫੈਸਲੇ ਦਾ ਸਮਰਥਨ ਕੀਤਾ ਹੈ। ਡੇਰਾ ਮੁੱਖੀ ਵੱਲੋਂ ਤਖ਼ਤ ਸਾਹਿਬ ਨੂੰ ਭੇਜੇ ਗਏ ਸਪੱਸ਼ਟੀਕਰਨ ਦੇ ਅਖੀਰ ਵਿੱਚ ਖਿਮਾ ਦਾ ਜਾਚਕ ਸ਼ਬਦ ਲਿਖਣ ਉਪਰੰਤ ਦਸਤਖਤ ਕਰਣ ਨੂੰ ਜੀ. ਕੇ ਨੇ ਸਸ਼ਗਤਾਂ ਨੂੰ ਡੇਰਾ ਮੁੱਖੀ ਵੱਲੋਂ ਆਪਣੀ ਗਲਤੀ ਉੱਤੇ ਮੁਆਫੀ ਮੰਗਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ । ਜੀ. ਕ. ਨੇ ਕਿਹਾ ਕਿ ਸਿੱਖ ਕੌਮ ਨੂੰ ਟਕਰਾਓ ਦੇ ਰਸਤੇ ਉੱਤੇ ਲੈ ਜਾਣ ਦੀ ਬਜਾਏ ਦੂਸਰੀਆਂ ਸੰਪ੍ਰਦਾਵਾਂ ਦੇ ਲੋਕਾਂ ਨਾਲ ਸਦਭਾਵਨਾ ਦੇ ਨਾਲ ਰਹਿਣ ਦੀ ਦਿਸ਼ਾ ਵਿੱਚ ਇਹ ਚੰਗਾਂ ਕਦਮ ਹੈ, ਪਰ ਜਿਸ ਤਰ੍ਹਾਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਦੀ ਆੜ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਗਲਤ ਹੈ । ਜੀ.ਕੇ ਨੇ ਸਾਫ ਕੀਤਾ ਕਿ ਡੇਰਾ ਮੁੱਖੀ ਸਿੱਖ ਨਹੀਂ ਹੈ ਇਸ ਕਰਕੇ ਉਸ ਵੱਲੋਂ ਤਖਤ ਸਾਹਿਬ ਤੇ ਪੇਸ਼ ਹੋਣ ਦਾ ਕੋਈ ਮਤਲਬ ਨਹੀਂ ਹੈ ਜੇਕਰ ਫਿਰ ਵੀ 6 ਕਰੋੜ ਪੈਰੋਕਾਰਾਂ ਦੀ ਹਮਾਇਤ ਦਾ ਦਾਅਵਾ ਕਰਨ ਵਾਲਾ ਇਨਸਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਬੂਲ ਕਰਦਾ ਹੋਇਆ ਮੁਆਫੀ ਦੀ ਪੇਸ਼ਕਸ਼ ਕਰਦਾ ਹੈ ਤਾਂ ਉਸ ਨਾਲ ਉਸ ਦੇ ਕਰੋੜਾਂ ਪੈਰੋਕਾਰ ਵੀ ਗਲਤੀ ਕਬੂਲਣ ਵਿੱਚ ਸ਼ਾਮਿਲ ਸਮਝੇ ਜਾ ਸਕਦੇ ਹਨ। ਜੀ.ਕੇ ਨੇ ਬੀਤੇ ਦਿਨੀ ਭਾਈ ਬਲਵੰਤ ਸਿਘ ਰਾਜੋਆਣਾ ਅਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਜ਼ਾ ਨੂੰ ਲੈ ਕੇੇ ਵਧੇ ਸੰਗਤੀ ਰੋਸ ਦੌਰਾਨ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀਆਂ ਕੋਸਿਸ਼ਾਂ ਕਰਨ ਵਾਲੇ ਲੋਕਾਂ ਵੱਲੋਂ ਹੁਣ ਫਿਰ ਪੰਜਾਬ ਨੂੰ ਸੰਤਾਪ ਦੇ ਦੌਰ ਵਿੱਚ ਧਕੇਲਣ ਵਾਸਤੇ ਆਪ ਹੁਦਰੀਆਂ ਹਰਕਤਾਂ ਕਰਨ ਦਾ ਵੀ ਦਾਅਵਾ ਕੀਤਾ।
ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਡੇਰਾ ਮੁੱਖੀ ਵੱਲੋਂ ਜਨਤਕ ਤੌਰ ਤੇ ਮੁਆਫੀ ਮੰਗਣ ਦੀ ਚੱਲ ਰਹੀ ਵੀਡੀਓ ਦਾ ਹਵਾਲਾ ਦਿੰਦੇ ਹੋਏ ਸੰਗਤ ਨੂੰ ਤੱਥਾਂ ਦੀ ਪੜਤਾਲ ਕਰਣ ਦੇ ਬਾਅਦ ਕਿਸੇ ਨਤੀਜੇ ਉੱਤੇ ਪੁੱਜਣ ਦੀ ਅਪੀਲ ਕੀਤੀ । ਸਿਰਸਾ ਨੇ ਪੰਜ ਸਿੰਘ ਸਾਹਿਬਾਨਾਂ ਦੇ ਉਕਤ ਫੈਸਲੇ ਨੂੰ ਜਥੇਦਾਰਾਂ ਵਿੱਚ ਗੁਰੂ ਦੀ ਕਲਾ ਵਰਤਣ ਨਾਲ ਜੋੜਦੇ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਤਰਲੋਮੱਛੀ ਹੋ ਰਹੇ ਲੋਕਾਂ ਨੂੰ ਏਜੰਸੀਆਂ ਦਾ ਏਜੰਟ ਵੀ ਗਰਦਾਨਿਆਂ । ਸਿਰਸਾ ਨੇ ਕਿਹਾ ਕਿ ਅੱਜ ਫਿਰ ਉਹ ਲੋਕ ਤਖਤ ਸਾਹਿਬ ਦੇ ਫੈਸਲੇ ਤੇ ਕਿੰਤੂ ਕਰ ਰਹੇ ਹਨ ਜਿਨ੍ਹਾਂ ਨੇ ਕੱਦੇ ਵੀ ਤਖਤ ਸਾਹਿਬ ਦੇ ਫੈਸਲੇ ਦੀ ਪ੍ਰੋੜਤਾ ਨਹੀਂ ਕੀਤੀ। ਇਸ ਸੰਬੰਧ ਵਿੱਚ ਉਨ੍ਹਾਂ ਨੇ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਪਾਕਿਸਤਾਨ ਕਮੇਟੀ ਦੇ ਅਹੁੱਦੇਦਾਰ ਵੱਲੋਂ ਇਕ ਬੈਠਕ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਆਦੇਸ਼ ਦੇ ਉਲਟ ਚਲਣ ਦੇ ਦਿੱਤੇ ਗਏ ਦਾਅਵੇ ਦਾ ਵੀ ਹਵਾਲਾ ਦਿੱਤਾ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਗੁਰੁਬਾਣੀ ਦੀ ਤੁਕ ‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹ ਬਿਰਦੁ ਸੁਆਮੀ ਸੰਦਾ ਦਾ ਹਵਾਲਾ ਦਿੰਦੇ ਹੋਏ ਪੰਜ ਸਿੰਘ ਸਾਹਿਬਾਨਾਂ ਕੋਲ ਗਲਤੀ ਮੰਨਣ ਦੇ ਬਾਅਦ ਡੇਰਾ ਮੁੱਖੀ ਨੂੰ ਹਿਦਾਇਤ ਦੇ ਕੇ ਛੱਡਣ ਨੂੰ ਗੁਰੁਮਤਿ ਅਨੁਸਾਰ ਠੀਕ ਦੱਸਿਆ । ਹਿੱਤ ਨੇ ਤਖਤ ਸਾਹਿਬ ਤੇ ਆਉਣ ਤੋਂ ਬਾਅਦ ਵੱਡੇ ਵੱਡੇ ਪਾਪੀ ਬਖਸ਼ਣ ਦਾ ਦਾਅਵਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਾਵਜੂਦ ਔਰੰਗਜੇਬ ਨੂੰ ਮੁਆਫ ਕਰਨ ਦੀ ਕੀਤੀ ਗਈ ਪੇਸ਼ਕਸ ਦਾ ਵੀ ਜਿਕਰ ਕੀਤਾ। ਹਿਤ ਨੇ ਦਿੱਲੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਦੀ ਪ੍ਰੋੜਤਾ ਕਰਨ ਦੀ ਗਲ ਕਹੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਤਨਵੰਤ ਸਿੰਘ, ਕੁਲਦੀਪ ਸਿੰਘ ਸਾਹਨੀ, ਰਵੇਲ ਸਿੰਘ, ਸਮਰਦੀਪ ਸਿੰਘ ਸੰਨੀ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਭੋਲਾ, ਦਰਸ਼ਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਮੌਜੂਦ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media