Wednesday, March 11, 2026

ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਖਤਾਂ ਦੇ ਜਥੇਦਾਰ ਸਪਸ਼ਟੀਕਰਨ ਦੇਣ ਲਈ ਤਲਬ

PPN211021530
ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਰਹੇ ਪੰਜ ਪਿਆਰੇ ਸਿੰਘਾਂ ਨੇ ਪਾਸ ਕੀਤੇ ਇੱਕ ਗੁਰਮਤੇ ਰਾਹੀ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਪੱਸ਼ਟੀਕਰਨ ਦੇਣ ਹਿੱਤ ਤਲਬ ਕੀਤਾ ਹੈ।24 ਸਤੰਬਰ 2015 ਨੂੰ ਡੇਰਾ ਮੁਖੀ ਨੂੰ ਮੁੁਆਫੀ ਦੇਣ ਦੇ ਮਾਮਲੇ ਵਿੱਚ ਜਾਰੀ ਗੁਰਮਤੇ ‘ਤੇ ਦਸਤਖਤ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਗੁਰਮੁੱਖ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਤਖਤ ਹਜ਼ੂਰ ਸਾਹਿਬ ਦੇ ਗਿਆਨੀ ਰਾਮ ਸਿੰਘ ਨੂੰ 23 ਅਕਤੂਬਰ ਸਵੇਰੇ 10 ਵਜੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਾ ਸਾਹਿਬਾਨ ਵਲੋਂ ਸੱਦੇ ਗਏ ਪੱਤਰਕਾਰਾਂ ਸਾਹਮਣੇ ਹੀ ਬਾਣੇ ਵਿੱਚ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਗੁਰਮਤੇ ਪੜ੍ਹ ਕੇ ਸੁਣਾਏ ਗਏ।ਭਾਈ ਸਤਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਿਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਪੰਜ ਪਿਆਰੇ ਦੀ ਹਾਜਰੀ ਵਿੱਚ ਪੰਜ ਪਿਆਰਾ ਭਾਈ ਸਤਨਾਮ ਸਿੰਘ ਖੰਡੇ ਵਾਲਾ ਨੇ ਦੋ ਗੁਰਮਤੇ ਪੜ੍ਹ ਕੇ ਸੁਣਾਏ ਜਿਸ ਨੁੰ ਪੰਜੇ ਹੀ ਪੰਜ ਪਿਆਰੇ ਸਿੰਘਾਂ ਨੇ ਜੈਕਾਰੇ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।ਅੰਮ੍ਰਿਤ ਅਭਿਲਾਖੀ ਹਾਜ਼ਰ ਸੰਗਤ ਨੇ ਵੀ ਜੈਕਾਰੇ ਦਾ ਸਾਥ ਦਿੱਤਾ। ਭਾਈ ਸਤਨਾਮ ਸਿੰਘ ਨੇ ਲਿਖਤੀ ਗੁਰਮਤਾ ਪੜ੍ਹ ਕੇ ਦੱਸਿਆ ਕਿ 24 ਸਤੰਬਰ 2015 ਨੁੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਜੇ ਤਖਤ ਸਾਹਿਬਾਨ ਦੇ ਸੇਵਾਦਾਰਾਂ ਵਲੋਂ ਖਾਲਸਾ ਪੰਥ ਨੂੰ ਵਿਸ਼ਵਾਸ਼ ਵਿੱਚ ਲਏ ਬਗੈਰ ਸੌਦਾ ਅਸਾਧ ਨੂੰ ਮੁਆਫ ਕੀਤਾ ਗਿਆ।ਖਾਲਸਾ ਪੰਥ ਵਲੋਂ ਇਸ ਗੈਰ ਪੰਥਕ ਫੈਸਲੇ ਦਾ ਵਿਰੋਧ ਕਰਦਿਆਂ ਰੱਦ ਕਰ ਦਿੱਤਾ ਗਿਆ।ਉਨਾ ਕਿਹਾ ਕਿ ਅੱਜ ਇਸ  ਦਰਪੇਸ਼ ਪੰਥਕ ਮਸਲੇ ਤੇ ਦੀਰਘ ਵਿਚਾਰ ਕਰਦਿਆਂ ਪੰਜ ਪਿਆਰਿਆਂ ਨੇ ਮਹਿਸੂਸ ਕੀਤਾ ਹੈ ਕਿ ਤਖਤ ਸਾਹਿਬਾਨ ਦੇ ਸੇਵਾਦਾਰਾਂ ਨੁੰ ਇਹ ਫੈਸਲਾ ਕਰਦਿਆਂ ,ਇਸ ਨਾਲ ਸਾਲ 2007 ਤੋਂ ਜੁੜੇ ਆ ਰਹੇ ਘਟਨਾ ਕਰਮ ਤੇ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰਨਾ ਚਾਹੀਦਾ ਸੀ,ਲਏ ਗਏ ਫੈਸਲੇ ਨਾਲ ਵਿਸ਼ਵਭਰ ਵਿੱਚ ਖਾਲਸਾ ਪੰਥ ਨੁੰ ਸ਼ਰਮਿੰਦਗੀ ਉਠਾਉਣੀ ਪਈ ਹੈ।ਅਸੀਂ ਸਮੂੰਹ ਖਾਲਸਾ ਪੰਥ ਦੀਆਂ ਭਾਵਨਾਵਾਂ ਨੁੰ ਸਮਝਦਿਆਂ ਗਿਆਨੀ ਗੁਰਬਚਨ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਦੂਜੇ ਤਖਤ ਸਾਹਿਬਾਨ ਦੇ ਸੇਵਾਦਾਰ ਗਿਆਨੀ ਮੱਲ੍ਹ ਸਿੰਘ, ਗਿਆਨੀ ਗੁਰਮੁੱਖ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਰਾਮ ਸਿੰਘ ਨੁੰ ਸਪੱਸ਼ਟੀਕਰਣ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ 23 ਅਕਤੂਬਰ ਸਵੇਰੇ 10 ਵਜੇ ਤਲਬ ਕਰਨ ਦਾ ਫੈਸਲਾ ਲਿਆ ਹੈ।ਕਿਉਂਕਿ ਖਾਲਸਾ ਪੰਥ ਦੇ ਸਾਹਮਣੇ ਹਰ ਸਿੱਖ ਸੇਵਕ, ਭਾਵੇਂ ਉਹ ਕਿਸੇ ਵੀ ਵੱਡੇ ਅਹੁੱਦੇ ਤੇ ਕਿਉਂ ਨਾ ਹੋਵੇ, ਸਭ ਜਵਾਬਦੇਹ ਹਨ।ਪੰਜੇ ਮੁੱਖ ਸੇਵਾਦਾਰ 23 ਅਕਤੁਬਰ 2015 ਨੁੰ ਸਵੇਰੇ 10.00 ਵਜੇ ਹਾਜਰ ਹੋਣ ।
ਪੰਜ ਪਿਆਰੇ ਸਿੰਘਾਂ ਵਲੋਂ ਪਾਸ ਕੀਤੇ ਗਏ ਦੂਜੇ ਮਤੇ ਵਿੱਚ ਕਿਹਾ ਗਿਆ ਹੈ ਕਿ ‘ਪਿੰਡ ਬਰਗਾੜੀ ਜਿਲ੍ਹਾ ਫਰੀਦਕੋਟ ਵਿਖੇ ਹੋਈ ਅਤਿ ਦੁਖਦਾਈ ਤੇ ਨਿੰਦਣਯੋਗ ਘਟਨਾ ਜਿਸ ਵਿੱਚ ਗੁਰੂ ਦੋਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਤਰੇ ਪਾੜੇ ਸਨ ਤੇ ਇਸ ਪਿਛੋਂ ਥਾਂ ਥਾਂ ਅਜਿਹੀਆਂ ਹੋਰ ਗੁਰੂ ਬੇਅਦਬੀ ਵਾਲੀਆਂ ਘਟਨਾਵਾਂ ਤੇ ਗੰਭੀਰਤਾ ਨਾਲ ਵਿਚਾਰਿਆ ਹੈ। ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਸਭਨਾਂ ਘਟਨਾਵਾਂ ਦੇ ਪਿਛੇ ਗੁਰੂ ਦੋਖੀ ਤਾਕਤਾਂ ਦਾ ਹੱਥ ਹੈ ਜੋ ਆਪਣੀ ਬਣਾਈ ਰਾਜਨੀਤੀ ਨਾਲ ਯੋਜਮਾ ਢੰਗ ਨਾਲ ਅਜਿਹੀਆਂ ਕਰੂਰ ਕਾਰਵਾਈਆਂ ਕਰ ਰਹੀਆਂ ਹਨ। ਅਸੀਂ ਸਾਰੇ ਗੁਰਦੁਆਰੇ ਦੇ ਪ੍ਰਬੰਧਕ, ਗੁਰੂ ਦੇ ਰਾਗੀ, ਗ੍ਰੰਥੀ ਪ੍ਰਚਾਰਕ, ਢਾਡੀ, ਕਵੀ, ਕਵੀਸ਼ਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਪ੍ਰਤੀ ਪੂਰੀ ਤਰਾਂ ਤਤਪਰ ਰਹਿਣ ਲਈ ਪ੍ਰੇਰਨਾ ਦੇਂਦੇ ਹਾਂ। ਹਰ ਗੁਰੂ ਘਰ ਅਤੇ ਜਿਥੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਥੇ ਸੇਵਾ ਸੰਭਾਲ (ਸੁਰੱਖਿਆ) ਐਸੇ ਢੰਗ ਨਾਲ ਹੋਵੈ ਕਿ ਕੋਈ ਵੀ ਗੁਰੂ ਦੋਖੀ ਐਸਾ ਨਿੰਦਣਯੋਗ ਕੰਮ ਨਾ ਕਰ ਸਕੇ। ਹਰ ਗੁਰੂ ਘਰ ਵਿਖੇ ਸੇਵਾਦਾਰ, ਪ੍ਰਬੰਧਕ ਕਮੇਟੀ, ਪੰਚਾਇਤ ਅਤੇ ਸੰਗਤਾਂ ਹਰ ਪ੍ਰਕਾਰ ਦੀ ਸਹਾਇਤਾ ਲਈ ਸੇਵਾ ਵਿੱਚ ਹਾਜ਼ਰੀ ਭਰਨ ਨਿਗਰਾਨੀ ਲਈ ਆਧੁਨਿਕ ਤਕਨੀਕ ਸੀ.ਸੀ.ਟੀਵੀ ਕੈਮਰੇ ਜਰੂਰ ਲਵਾਏ ਜਾਣ। ਪਿੰਡ ਬਰਗਾੜੀ ਫਰੀਦਕੋਟ ਅੰਦਰ ਹੋਈ ਅਤਿ ਦੁਖਦਾਈ ਘਟਨਾਂ ਤੋਂ ਬਾਅਦ ਜਿਸ ਤਰਾਂ ਪੰਥਕ ਪ੍ਰਚਾਰਕਾਂ  ਨੇ ਆਪਣੀ ਗੁਰੂ ਸਤਿਕਾਰ ਪ੍ਰਤੀ ਜਿੰਮੇਵਾਰੀ ਨਿਭਾਈ ਹੈ ਅਸੀਂ ਸ਼ਲਾਘਾ ਕਰਦੇ ਹਾਂ’।ਗੁਰਮਤੇ ਵਿੱਚ ਕਿਹਾ ਗਿਆ ਹੈ ਕਿ ‘ਅਸੀਂ ਇਹ ਸੁਣਿਆ ਵੇਖਿਆ ਹੈ ਬਹੁਤ ਸਾਰੇ ਸੱਜਣਾ ਤੇ ਰਾਜਸੀ ਧਿਰਾਂ ਨੇ ਇਸ ਦੁਖਦਾਈ ਘਟਨਾ ਦੇ ਵਿਰੋਧ ਵਿੱਚ ਖੜੇ ਗੁਰੂ ਸੰਗਤਾਂ ਦੇ ਬੇਸ਼ੁਮਾਰ ਇਕੱਠਾਂ ਨੂੰ ਆਪਣੇ ਲਾਭ ਲਈ ਉਕਸਾਹਟ ਪੈਦਾ ਕਰਨ ਲਈ ਅਤੇ ਪੰਥ ਪ੍ਰਸਤਾਂ (ਪ੍ਰਚਾਰਕਾਂ) ਵਲੋਂ ਦਿੱਤੇ ਗਏ ਸੰਜਮਈ, ਉਕਸਾਹਟ ਪੈਦਾ ਕਰਨ ਲਈ ਤੇ ਪੰਥ ਪ੍ਰਸਤਾਂ (ਪ੍ਰਚਾਰਕਾਂ) ਵਲੋਂ ਦਿੱਤੇ ਗਏ ਸੰਜਮਮਈ, ਸ਼ਾਂਤਮਈ ਧਰਨਿਆਂ ਦੀ ਜੁਗਤਿ ਦੇ ਵਿਰੁਧ ਤੁਰਨ ਦਾ ਸੁਨੇਹਾ ਵੀ ਦੇਂਦੇ ਹਨ। ਸਿੱਖ ਘਰਾਂ ਦੇ ਨੌਜਵਾਨ ਸਿੱਖੀ ਸੋਚ ਦੀ ਪੂਰੀ ਸਮਝ ਨਾ ਹੋਣ ਕਰਕੇ ਜ਼ਜ਼ਬਾਤੀ ਹੋਏ ਕਈ ਪ੍ਰਕਾਰ ਦੇ ਹਥਿਆਰ, ਕਿਰਪਾਨਾ, ਆਦਿ ਦਾ ਪ੍ਰਦਰਸਨ ਕਰਕੇ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਕਈ ਜਗ੍ਹਾ ਤੇ ਦੂਜੇ ਭਾਈਚਾਰਿਆਂ ਨੂੰ ਜਬਰ ਦਸਤੀ ਦੁਕਾਨਾਂ ਤੇ ਕਾਰੋਬਾਰ ਬੰਦ ਰੱਖਣ ਲਈ ਮਜ਼ੂਬੂਰ ਕੀਤਾ ਗਿਆ। ਐਸੇ ਟਕਰਾਓ ਵਾਲੇ ਹਾਲਾਤ ਪੈਦਾ ਨਾ ਕੀਤੇ ਜਾਣ ਬਿਲਕੁਲ ਸਾਂਤਮਈ ਰਹਿ ਕੇ ਆਪਣੇ ਭਾਵਾ ਦਾ ਪ੍ਰਗਟਾਵਾ ਕੀਤਾ ਜਾਵੇ ਜੀ। ਖਾਲਸਾ ਆਪਣੇ ਨਿਆਰੇ ਪਨ ਲਈ ਸਦੀਵੀ ਪਹਿਰੇਦਾਰ ਹੈ ਸਾਨੂੰ ਜਾਬਤੇ ਵਿੱਚ ਹੀ ਰਹਿਣਾ ਚਾਹੀਦਾ ਹੈ। ਆਪਸੀ ਪਿਆਰ ਵਿਸ਼ਵਾਸ਼ ਤੇ ਇਤਫਾਕ ਕਾਇਮ ਰੱਖਣਾ ਚਾਹੀਦਾ ਹੈ’।ਦੱਸਣਯੋਗ ਹੈ ਕਿ ਮਤੇ ਪੇਸ਼ ਕਰਨ ਤੋਂ ਪਹਿਲਾਂ ਪੰਜ ਪਿਆਰੇ ਸਿੰਘਾਂ ਨੇ ਪੱਤਰਕਾਰਾਂ ਨੂੰ ਦੱਸ ਦਿਤਾ ਸੀ ਕਿ ਉਹ ਪੰਜ ਪਿਆਰੇ ਬਾਣੇ ਵਿੱਚ ਹੋਣਗੇ, ਇਸ ਲਈ ਉਨਾਂ ਨੂੰ ਕਿਸੇ ਤਰਾਂ ਦਾ ਸਵਾਲ ਜਵਾਬ ਨਾ ਕੀਤਾ ਜਾਵੇ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply